ਵਿਦੇਸ਼ਾਂ 'ਚ ਪਾਕਿਸਤਾਨੀਆਂ ਦਾ ਕਾਰਾ! ਦੁਕਾਨਾਂ 'ਤੇ ਵੇਚ ਰਹੇ ਐਕਸਪਾਇਰਡ ਤੇ ਨਕਲੀ ਸਾਮਾਨ
Wednesday, Sep 04, 2024 - 06:46 PM (IST)
ਇੰਟਰਨੈਸ਼ਨਲ ਡੈਸਕ : ਦੱਖਣੀ ਅਫਰੀਕਾ 'ਚ ਨਕਲੀ ਅਤੇ ਮਿਆਦ ਪੁੱਗ ਚੁੱਕੀਆਂ ਚੀਜ਼ਾਂ ਦੀ ਵਿਕਰੀ ਵਧਦੀ ਜਾ ਰਹੀ ਹੈ, ਜਿਸ ਨਾਲ ਦੇਸ਼ ਦੀ ਆਰਥਿਕਤਾ ਅਤੇ ਨਾਗਰਿਕਾਂ ਦੀ ਸਿਹਤ ਨੂੰ ਭਾਰੀ ਨੁਕਸਾਨ ਹੋ ਰਿਹਾ ਹੈ। ਟੈਕਸ ਜਸਟਿਸ ਸਾਊਥ ਅਫਰੀਕਾ (ਟੀਜੇਐੱਸਏ) ਤੇ ਸਾਊਥ ਅਫਰੀਕਨ ਰੈਵੇਨਿਊ ਸਰਵਿਸਿਜ਼ (ਸਾਰਸ) ਨੇ ਚੇਤਾਵਨੀ ਦਿੱਤੀ ਹੈ ਕਿ ਇਸ ਗੈਰ-ਕਾਨੂੰਨੀ ਵਪਾਰ ਕਾਰਨ ਦੇਸ਼ ਨੂੰ ਹਰ ਪੰਜ ਮਹੀਨਿਆਂ ਵਿੱਚ ਅਰਬਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਟਰਾਂਸਨੈਸ਼ਨਲ ਅਲਾਇੰਸ ਟੂ ਕੰਬੈਟ ਇਲਿਸਿਟ ਟ੍ਰੇਡ (Tracit) ਦੀ ਇੱਕ ਰਿਪੋਰਟ ਦੇ ਅਨੁਸਾਰ, ਭ੍ਰਿਸ਼ਟਾਚਾਰ ਦੱਖਣੀ ਅਫਰੀਕਾ ਵਿਚ ਇਸ ਗੈਰ ਕਾਨੂੰਨੀ ਵਪਾਰ ਨੂੰ ਵਧਾ ਰਿਹਾ ਹੈ। ਟ੍ਰੈਸਿਟ ਦੇ ਸੀਨੀਅਰ ਨੀਤੀ ਸਲਾਹਕਾਰ, ਐਸਟੇਬਨ ਗਿਉਡੀਸੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਦੇ ਕਾਰਨ ਨਕਲੀ ਅਤੇ ਗੈਰ-ਕਾਨੂੰਨੀ ਵਸਤੂਆਂ ਦਾ ਵਪਾਰ ਵਧ ਰਿਹਾ ਹੈ ਅਤੇ ਇਸ ਨੂੰ ਗੰਭੀਰ ਅਪਰਾਧ ਨਹੀਂ ਮੰਨਿਆ ਜਾ ਰਿਹਾ ਹੈ।
ਪੁਲਸ ਨੇ ਪੋਲੋਕਵੇਨ ਦੇ ਵੈਸਟਨਬਰਗ ਖੇਤਰ ਵਿਚ ਵੀ ਛਾਪੇਮਾਰੀ ਕੀਤੀ, ਜਿੱਥੇ ਕਈ ਗੈਰ-ਕਾਨੂੰਨੀ ਪ੍ਰਵਾਸੀ ਮਿਆਦ ਪੁੱਗ ਚੁੱਕੇ ਸਮਾਨ ਵੇਚਦੇ ਪਾਏ ਗਏ। ਸਥਾਨਕ ਨਿਵਾਸੀਆਂ ਨੇ ਸ਼ਿਕਾਇਤ ਕੀਤੀ ਸੀ ਕਿ ਪਾਕਿਸਤਾਨੀ ਨਾਗਰਿਕਾਂ ਦੁਆਰਾ ਚਲਾਈਆਂ ਜਾਂਦੀਆਂ ਜ਼ਿਆਦਾਤਰ ਦੁਕਾਨਾਂ 'ਤੇ ਮਿਆਦ ਪੁੱਗਿਆ ਸਮਾਨ ਵੇਚਿਆ ਜਾ ਰਿਹਾ ਹੈ। ਪੁਲਸ ਨੇ ਇਨ੍ਹਾਂ ਦੁਕਾਨਾਂ ਵਿੱਚੋਂ ਮਿਆਦ ਪੁਗਾ ਚੁੱਕੇ ਸਾਮਾਨ ਨੂੰ ਜ਼ਬਤ ਕਰਕੇ ਨਸ਼ਟ ਕਰ ਦਿੱਤਾ।
ਪੁਲਸ ਮੰਤਰੀ ਭੀਕੀ ਸੇਲੇ ਨੇ ਜੋਹਾਨਸਬਰਗ ਦੇ ਸੈਂਟਰਲ ਬਿਜ਼ਨਸ ਡਿਸਟ੍ਰਿਕਟ (ਸੀਬੀਡੀ) ਵਿਚ ਚੱਲ ਰਹੀਆਂ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਆਪਰੇਸ਼ਨ ਸ਼ਨਾਲਾ ਦੀ ਅਗਵਾਈ ਕੀਤੀ। ਇਸ ਕਾਰਵਾਈ ਦੌਰਾਨ ਪੁਲਸ ਨੇ ਵੱਡੇ ਪੱਧਰ 'ਤੇ ਨਕਲੀ ਸਾਮਾਨ ਤੇ ਮਿਆਦ ਪੁਗਾ ਚੁੱਕੀਆਂ ਖਾਣ-ਪੀਣ ਦੀਆਂ ਵਸਤੂਆਂ ਜ਼ਬਤ ਕੀਤੀਆਂ | ਉਨ੍ਹਾਂ ਕਿਹਾ ਕਿ ਦੇਸ਼ ਵਿਚ ਨਕਲੀ ਵਸਤਾਂ ਤੇ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਸਮੱਸਿਆ ਗੰਭੀਰ ਬਣੀ ਹੋਈ ਹੈ, ਜੋ ਇਨ੍ਹਾਂ ਨਕਲੀ ਅਤੇ ਮਿਆਦ ਪੁੱਗ ਚੁੱਕੀਆਂ ਵਸਤਾਂ ਨੂੰ ਨਾਜਾਇਜ਼ ਤੌਰ 'ਤੇ ਕਿਰਾਏ ਦੀਆਂ ਦੁਕਾਨਾਂ ਵਿੱਚ ਵੇਚ ਰਹੇ ਹਨ।
ਅਪ੍ਰੇਸ਼ਨ ਸ਼ਨਾਲਾ ਦੌਰਾਨ ਪੁਲਸ ਨੇ ਨਜਾਇਜ਼ ਕਬਜ਼ੇ ਵਾਲੀਆਂ ਇਮਾਰਤਾਂ 'ਤੇ ਛਾਪੇਮਾਰੀ ਕਰ ਕੇ ਗੈਰ-ਕਾਨੂੰਨੀ ਸਿਗਰਟਾਂ, ਮਿਆਦ ਪੁੱਗ ਚੁੱਕੇ ਖਾਣ-ਪੀਣ ਦੀਆਂ ਵਸਤੂਆਂ ਅਤੇ ਜਾਅਲੀ ਸ਼ਨਾਖਤੀ ਕਾਰਡ ਬਰਾਮਦ ਕੀਤੇ। ਇਸ ਕਾਰਵਾਈ ਦੌਰਾਨ ਕਈ ਗ਼ੈਰ-ਕਾਨੂੰਨੀ ਪ੍ਰਵਾਸੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਜੋ ਇਨ੍ਹਾਂ ਦੁਕਾਨਾਂ ਵਿਚ ਕੰਮ ਕਰ ਰਹੇ ਸਨ। TJSA ਦੇ ਅਨੁਸਾਰ, ਜੇਕਰ ਗੈਰ-ਕਾਨੂੰਨੀ ਸਾਮਾਨ ਦੀ ਵਿਕਰੀ ਨਹੀਂ ਹੁੰਦੀ, ਤਾਂ ਸਰਕਾਰ ਹਰ ਪੰਜ ਮਹੀਨਿਆਂ ਵਿੱਚ ਸਿੱਖਿਆ ਲਈ ਵਾਧੂ 12 ਬਿਲੀਅਨ ਰੈਂਡ ਇਕੱਠਾ ਕਰ ਸਕਦੀ ਹੈ। ਸਿਹਤ ਲਈ 6.5 ਬਿਲੀਅਨ ਰੈਂਡ ਦਾ ਨਿਵੇਸ਼ ਕਰ ਸਕਦੀ ਸੀ ਅਤੇ ਕਮਿਊਨਿਟੀ ਵਿਕਾਸ ਲਈ 6.5 ਬਿਲੀਅਨ ਰੈਂਡ ਦਾ ਵਾਧੂ ਬਜਟ ਅਲਾਟ ਕੀਤਾ ਜਾ ਸਕਦਾ ਸੀ।
ਪੁਲਸ ਮੰਤਰੀ ਸੇਲੇ ਨੇ ਕਿਹਾ ਕਿ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਆਪਣੀਆਂ ਦੁਕਾਨਾਂ ਕਿਰਾਏ 'ਤੇ ਦੇਣ ਵਾਲਿਆਂ ਖਿਲਾਫ ਅਗਲੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਦੁਕਾਨਦਾਰ ਆਪਣੀਆਂ ਦੁਕਾਨਾਂ ਦੀ ਸਹੀ ਵਰਤੋਂ ਨਹੀਂ ਕਰ ਰਹੇ ਤਾਂ ਉਹ ਉਨ੍ਹਾਂ ਲੋਕਾਂ ਨੂੰ ਦੇ ਦੇਣ ਜੋ ਇਨ੍ਹਾਂ ਦੀ ਸਹੀ ਵਰਤੋਂ ਕਰ ਸਕਣ। ਇਹ ਮੁਹਿੰਮ ਸਿਰਫ ਜੋਹਾਨਸਬਰਗ ਤੱਕ ਸੀਮਤ ਨਹੀਂ ਹੈ, ਸਗੋਂ ਦੇਸ਼ ਭਰ ਵਿੱਚ ਗੈਰ-ਕਾਨੂੰਨੀ ਗਤੀਵਿਧੀਆਂ ਦੇ ਖਿਲਾਫ ਵੱਡੇ ਆਪ੍ਰੇਸ਼ਨਾਂ ਦਾ ਹਿੱਸਾ ਹੈ। ਪੁਲਸ ਅਤੇ ਹੋਰ ਸਰਕਾਰੀ ਵਿਭਾਗ ਮਿਲ ਕੇ ਇਸ ਸਮੱਸਿਆ ਨੂੰ ਜੜ੍ਹੋਂ ਪੁੱਟਣ ਦੀ ਕੋਸ਼ਿਸ਼ ਕਰ ਰਹੇ ਹਨ।