PM ਮੋਦੀ ਬਾਰੇ ਪਾਕਿਸਤਾਨੀ ਮੰਤਰੀ ਹਿਨਾ ਰੱਬਾਨੀ ਖਾਰ ਨੇ ਉਗਲਿਆ ਜ਼ਹਿਰ, ਸ਼੍ਰੀ ਸ਼੍ਰੀ ਰਵੀਸ਼ੰਕਰ ਵੱਲੋਂ ਕਰਾਰਾ ਜਵਾਬ
Saturday, Jan 21, 2023 - 05:09 AM (IST)
ਨੈਸ਼ਨਲ ਡੈਸਕ : ਪਾਕਿਸਤਾਨੀ ਮੰਤਰੀ ਹਿਨਾ ਰੱਬਾਨੀ ਖਾਰ ਨੇ ਵੀਰਵਾਰ ਨੂੰ ਕਿਹਾ ਕਿ ਉਨ੍ਹਾਂ ਦੇ ਦੇਸ਼ ਨੂੰ ਦੋਵਾਂ ਦੇਸ਼ਾਂ ਵਿਚਕਾਰ ਸ਼ਾਂਤੀ ਲਈ ਕੰਮ ਕਰਨ ਲਈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚ ਇਕ ‘ਭਾਈਵਾਲ’ ਨਹੀਂ ਦਿਖਦਾ ਹੈ ਪਰ ਉਸ ਨੇ ਉਨ੍ਹਾਂ ਤੋਂ ਪਹਿਲਾਂ ਦੇ ਪ੍ਰਧਾਨ ਮੰਤਰੀਆਂ ਮਨਮੋਹਨ ਸਿੰਘ ਅਤੇ ਅਟਲ ਬਿਹਾਰੀ ਵਾਜਪਾਈ ’ਚ ਇਕ ਭਾਈਵਾਲ ਦੇਖਿਆ ਸੀ। ‘ਆਰਟ ਆਫ ਲਿਵਿੰਗ’ ਦੇ ਸੰਸਥਾਪਕ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਖਾਰ ਦੇ ਬਿਆਨ ਦਾ ਕਰਾਰਾ ਜਵਾਬ ਦਿੱਤਾ।
ਇਹ ਖ਼ਬਰ ਵੀ ਪੜ੍ਹੋ : ਉੱਚ ਸਿੱਖਿਆ ਸੰਸਥਾਵਾਂ ’ਚ ਵਿਦਿਆਰਥਣਾਂ ਨੂੰ ਮਿਲੇਗੀ ਮਾਹਵਾਰੀ ਤੇ ਜਣੇਪਾ ਛੁੱਟੀ, ਇਸ ਸੂਬੇ ਨੇ ਲਿਆ ਵੱਡਾ ਫ਼ੈਸਲਾ
ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਚਰਚਾ ਦੌਰਾਨ ਕਿਹਾ ਕਿ ਪਾਕਿਸਤਾਨ ਨੂੰ ਇਹ ਮਹਿਸੂਸ ਕਰਨਾ ਹੋਵੇਗਾ ਕਿ ਸਮੱਸਿਆ ਉਨ੍ਹਾਂ ਵੱਲੋਂ ਹੈ ਕਿਉਂਕਿ ਭਾਰਤ ਨੂੰ ਕਿਸੇ ਹੋਰ ਗੁਆਂਢੀ ਤੋਂ ਕੋਈ ਸਮੱਸਿਆ ਨਹੀਂ ਹੈ। ਉਨ੍ਹਾਂ ਕਿਹਾ ਕਿ ਦੋਵੇਂ ਦੇਸ਼ ਇਕ ਹੀ ਭਾਸ਼ਾ ਸਾਂਝੀ ਕਰਦੇ ਹਨ ਤੇ ਉਨ੍ਹਾਂ ਦਾ ਸੱਭਿਆਚਾਰ, ਭੋਜਨ ਆਦਿ ਇਕੋ ਜਿਹੇ ਹਨ। ਰਵੀਸ਼ੰਕਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਕਈ ਵਾਰ ਹੱਥ ਵਧਾ ਚੁੱਕੇ ਹਨ। ਉਨ੍ਹਾਂ ਨੇ ਵਾਰ-ਵਾਰ ਮਦਦ ਦੀ ਪੇਸ਼ਕਸ਼ ਵੀ ਕੀਤੀ ਅਤੇ ਇਹ ਇਲਜ਼ਾਮ ਕਿ ਮੌਜੂਦਾ ਪ੍ਰਧਾਨ ਮੰਤਰੀ ਨੇ ਕੋਈ ਇੱਛਾ ਨਹੀਂ ਜਤਾਈ, ਦਾ ਕੋਈ ਮਤਲਬ ਨਹੀਂ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਾਰੇ ਗੁਆਂਢੀਆਂ ਨੂੰ ਮਦਦ ਦੀ ਪੇਸ਼ਕਸ਼ ਕੀਤੀ ਹੈ ਅਤੇ ਇਹ ਨਹੀਂ ਕਿਹਾ ਜਾ ਸਕਦਾ ਕਿ ਉਨ੍ਹਾਂ ਨੇ ਕੁਝ ਨਹੀਂ ਕੀਤਾ।
ਇਹ ਖ਼ਬਰ ਵੀ ਪੜ੍ਹੋ : ਖੇਤੀਬਾੜੀ ਮੰਤਰੀ ਕੁਲਦੀਪ ਧਾਲੀਵਾਲ ਦੀ ਦੋ-ਟੁੱਕ, ਪੰਜਾਬ ’ਚ ਨਹੀਂ ਹੋਵੇਗੀ ਜੀ. ਐੱਮ. ਸਰ੍ਹੋਂ ਦੀ ਖੇਤੀ
ਕੀ ਕਿਹਾ ਸੀ ਖਾਰ ਨੇ
ਵਿਸ਼ਵ ਆਰਥਿਕ ਮੰਚ ਦੀ ਸਾਲਾਨਾ ਬੈਠਕ 2023 ’ਚ ਇਥੇ ਦੱਖਣੀ ਏਸ਼ੀਆ ’ਤੇ ਇਕ ਸੈਸ਼ਨ ਨੂੰ ਸੰਬੋਧਿਤ ਕਰਦੇ ਹੋਏ ਖਾਰ ਨੇ ਕਿਹਾ, ‘‘ਜਦੋਂ ਮੈਂ ਵਿਦੇਸ਼ ਮੰਤਰੀ ਦੇ ਰੂਪ ’ਚ ਭਾਰਤ ਗਈ ਸੀ, ਤਾਂ ਮੈਂ ਬਿਹਤਰ ਸਹਿਯੋਗ ਲਈ ਦਬਾਅ ਬਣਾਉਣ ਲਈ ਅਸਲ ’ਚ ਸਖ਼ਤ ਮਿਹਨਤ ਕੀਤੀ ਸੀ ਅਤੇ ਅਸੀਂ 2023 ਦੇ ਮੁਕਾਬਲੇ ਉਸ ਸਮੇਂ ਕਾਫ਼ੀ ਬਿਹਤਰ ਸਥਿਤੀ ’ਚ ਸੀ। ਪਾਕਿਸਤਾਨ ਦੀ ਵਿਦੇਸ਼ ਰਾਜ ਮੰਤਰੀ ਨੇ ਕਿਹਾ ਕਿ ‘‘ਮੈਨੂੰ ਪ੍ਰਧਾਨ ਮੰਤਰੀ ਮੋਦੀ ’ਚ ਇਕ ਭਾਈਵਾਲ ਨਹੀਂ ਦਿਖਦਾ, ਹਾਲਾਂਕਿ ਉਹ ਆਪਣੇ ਦੇਸ਼ ਲਈ ਚੰਗੇ ਹੋ ਸਕਦੇ ਹਨ, ਮੈਂ ਮਨਮੋਹਨ ਸਿੰਘ ਤੇ ਅਟਲ ਬਿਹਾਰੀ ਵਾਜਪਾਈ ’ਚ ਇਕ ਭਾਈਵਾਲ ਦੇਖਿਆ।’’
ਖਾਰ ਨੇ ਕਿਹਾ ਕਿ ਪਾਕਿਸਤਾਨ ਨੇ ਅਤੀਤ ਤੋਂ ਸਬਕ ਸਿੱਖੇ ਹਨ ਅਤੇ ਉਹ ਅੱਗੇ ਵਧਣਾ ਚਾਹੁੰਦਾ ਹੈ ਪਰ ਉਨ੍ਹਾਂ ਨੂੰ ਲੱਗਦਾ ਹੈ ਕਿ ਭਾਰਤ ਹਮੇਸ਼ਾ ਹੀ ਇਕ ਅਜਿਹਾ ਦੇਸ਼ ਸੀ, ਜਿਥੇ ਸਾਰੇ ਧਰਮਾਂ ਦੀ ਸਹਿ-ਹੋਂਦ ਸੀ ਪਰ ਹੁਣ ਅਜਿਹਾ ਨਹੀਂ ਹੈ। ਉਨ੍ਹਾਂ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਹੀ ਕਿ ਪਾਕਿਸਤਾਨ ’ਚ ਸਾਨੂੰ ਕੋਈ ਸਮੱਸਿਆ ਨਹੀਂ ਹੈ ਪਰ ਸਾਡੀ ਸਰਕਾਰ ਹਮੇਸ਼ਾ ਇਹ ਯਕੀਨੀ ਕਰਨ ਲਈ ਕੰਮ ਕਰ ਰਹੀ ਹੈ ਕਿ ਨਵੇਂ ਕਾਨੂੰਨਾਂ ਅਤੇ ਮੌਜੂਦਾ ਕਾਨੂੰਨਾਂ ਨੂੰ ਲਾਗੂ ਕਰਕੇ ਘੱਟਗਿਣਤੀਆਂ ਦੀ ਰੱਖਿਆ ਕੀਤੀ ਜਾਵੇ।