ਪਾਕਿ ਮੀਡੀਆ ਦੀ ਸਲਾਹ, ਸਿਆਸਤਦਾਨ ਨਫ਼ਰਤ ਫੈਲਾਉਣ ਵਾਲੇ ਪ੍ਰਚਾਰ ਤੋਂ ਬਚਣ
Saturday, Apr 09, 2022 - 06:09 PM (IST)
ਇਸਲਾਮਾਬਾਦ (ਵਾਰਤਾ) : ਪਾਕਿਸਤਾਨ ਦੇ ਇਕ ਪ੍ਰਮੁੱਖ ਅਖ਼ਬਾਰ ਨੇ ਸ਼ਨੀਵਾਰ ਨੂੰ ਦੇਸ਼ ਦੇ ਸਿਆਸਤਦਾਨਾਂ ਨੂੰ ਸਿਆਸਤ ’ਚ ਇਕ-ਦੂਜੇ ਖ਼ਿਲਾਫ਼ ਨਫ਼ਰਤ ਫੈਲਾਉਣ ਵਾਲੇ ਪ੍ਰਚਾਰ ਅਤੇ ਭੱਦੀ ਭਾਸ਼ਾ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਹੈ। ‘ਡਾਨ’ ਨੇ ਆਪਣੇ ਸੰਪਾਦਕੀ ’ਚ ਕਿਹਾ ਕਿ ਜੇਕਰ ਪ੍ਰਧਾਨ ਮੰਤਰੀ ਇਮਰਾਨ ਖਾਨ ਨੂੰ ਅੱਜ ਸੱਤਾ ਤੋਂ ਲਾਂਭੇ ਕਰ ਦਿੱਤਾ ਜਾਂਦਾ ਹੈ, ਤਾਂ ਇਹ ਪਾਕਿਸਤਾਨ ਲਈ ਸਿਰਫ਼ ਅਸਥਾਈ ਜਿੱਤ ਹਾਸਲ ਕਰਨ ਦੇ ਬਰਾਬਰ ਹੋਵੇਗਾ। ਸੰਪਾਦਕੀ ’ਚ ਕਿਹਾ ਗਿਆ ਹੈ ਕਿ ਸਭ ਤੋਂ ਵੱਡੀ ਹਿੱਤ ਦੀ ਗੱਲ ਇਹ ਹੈ ਕਿ ਸਾਰੀਆਂ ਸਿਆਸੀ ਪਾਰਟੀਆਂ ਸੰਵਿਧਾਨ ਅਤੇ ਨਿਯਮਾਂ ਦੀ ਪਾਲਣਾ ਕਰਨ।
ਸਿਆਸਤਦਾਨਾਂ ਨੂੰ ਲੋਕਤੰਤਰ ਅਤੇ ਬਹੁਲਵਾਦ ਨੂੰ ਗਲੇ ਲਗਾਉਂਦੇ ਹੋਏ ਸੌੜੇ ਹਿੱਤਾਂ ਨੂੰ ਪਿੱਛੇ ਛੱਡਣਾ ਪਵੇਗਾ। ਉਥੇ ਹੀ ਹਮਲਾਵਰਤਾ ਅਤੇ ਨਫ਼ਰਤ ਨੂੰ ਉਤਸ਼ਾਹਿਤ ਕਰਨ, ਅਪਮਾਨਜਨਕ ਭਾਸ਼ਾ ਦੀ ਵਰਤੋਂ ਅਤੇ ਔਰਤਾਂ ਤੇ ਧਾਰਮਿਕ ਘੱਟਗਿਣਤੀਆਂ ਦੀ ਨਿੰਦਾ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਦੀ ਬਜਾਏ ਜੀਓ ਅਤੇ ਜੀਣ ਦਿਓ ਦੀ ਤਰਕਸ਼ੀਲਤਾ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ। ਸੰਪਾਦਕੀ ’ਚ ਇਹ ਵੀ ਕਿਹਾ ਗਿਆ ਹੈ ਕਿ ਇਮਰਾਨ ਖਾਨ ਪੈਸੇ ਦੇ ਸ਼ੌਕੀਨ ਨਹੀਂ ਜਾਪਦੇ ਪਰ ਸੱਤਾ ਦੀ ਲਾਲਸਾ ਉਨ੍ਹਾਂ ਨੂੰ ਪਾਕਿਸਤਾਨ ਲਈ ਖਤਰਾ ਬਣਾਉਂਦੀ ਹੈ।