ਅੱਤਵਾਦੀ ਸੰਗਠਨ ਦੇ ਸਮਰਥਕ ਪਾਕਿਸਤਾਨੀ ਨੂੰ ਇਟਲੀ ''ਚੋਂ ਕੱਢਿਆ ਗਿਆ ਬਾਹਰ

02/09/2018 11:03:06 AM

ਇਸਲਾਮਾਬਾਦ/ ਰੋਮ,(ਵਾਰਤਾ)— ਇਟਲੀ ਨੇ ਸੋਸ਼ਲ ਮੀਡੀਆ 'ਤੇ ਅੱਤਵਾਦ ਦਾ ਪ੍ਰਚਾਰ ਕਰਨ ਦੇ ਦੋਸ਼ 'ਚ 23 ਸਾਲਾ ਪਾਕਿਸਤਾਨੀ ਨਾਗਰਿਕ ਨੂੰ ਦੇਸ਼ 'ਚੋਂ ਬਾਹਰ ਕੱਢ ਦਿੱਤਾ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਉਹ ਅੱਤਵਾਦੀ ਸੰਗਠਨ ਆਈ.ਐੱਸ ਦਾ ਸਮਰਥਕ ਹੈ। ਮੀਡੀਆ ਰਿਪੋਰਟਾਂ ਮੁਤਾਬਕ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪਾਕਿਸਤਾਨੀ ਮੂਲ ਦੇ ਨਾਗਰਿਕ ਨੂੰ ਪੱਛਮੀ-ਉੱਤਰੀ ਇਟਲੀ ਦੇ ਤੁਰੀਨ ਹਵਾਈ ਅੱਡੇ ਤੋਂ ਇਸਲਾਮਾਬਾਦ ਜਾਣ ਵਾਲੀ ਫਲਾਈਟ 'ਚ ਬੈਠਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਖੁਫੀਆ ਸੇਵਾਵਾਂ ਨੂੰ ਜਾਣਕਾਰੀ ਮਿਲੀ ਸੀ ਕਿ ਉਹ ਅੱਤਵਾਦੀਆਂ ਦੇ ਵਿਚਾਰਾਂ ਦਾ ਸਮਰਥਕ ਹੈ ਅਤੇ ਉਹ ਕੱਟੜਪੰਥੀਆਂ ਨਾਲ ਫੇਸਬੁੱਕ 'ਤੇ ਸੰਪਰਕ 'ਚ ਸੀ। ਇਸ ਦੀ ਜਾਣਕਾਰੀ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ ਹੈ। ਮੰਤਰਾਲੇ ਨੇ ਕਿਹਾ ਕਿ ਜਨਵਰੀ 2015 ਮਗਰੋਂ ਕੁੱਲ 247 ਅਤੇ ਇਸ ਸਾਲ 10 ਕੱਟੜਪੰਥੀਆਂ ਨੂੰ ਇਟਲੀ 'ਚੋਂ ਬਾਹਰ ਕੱਢਿਆ ਗਿਆ ਹੈ। 
ਤੁਹਾਨੂੰ ਦੱਸ ਦਈਏ ਕਿ ਕੁੱਝ ਦਿਨ ਪਹਿਲਾਂ ਹੀ ਇਟਲੀ ਸਰਕਾਰ ਨੇ ਹੁਕਮ ਦਿੱਤਾ ਸੀ ਕਿ ਜੇਕਰ ਕੋਈ ਵੀ ਵਿਅਕਤੀ ਸੋਸ਼ਲ ਮੀਡੀਆ ਦੀ ਗਲਤ ਵਰਤੋਂ ਕਰੇਗਾ ਤਾਂ ਉਸ ਨੂੰ ਇਸ ਦਾ ਜ਼ੁਰਮਾਨਾ ਭੁਗਤਣਾ ਪਵੇਗਾ। ਇਟਲੀ ਸਰਕਾਰ ਨੇ 5 ਫਰਵਰੀ, 2018 ਤੋਂ ਇਹ ਕਾਨੂੰਨ ਲਾਗੂ ਕਰ ਦਿੱਤਾ ਹੈ ਕਿ ਉਹ ਸੋਸ਼ਲ ਮੀਡੀਆ 'ਤੇ ਪੂਰੀ ਤਰ੍ਹਾਂ ਨਜ਼ਰ ਬਣਾ ਕੇ ਰੱਖੇਗੀ ਅਤੇ ਇਸ ਦੌਰਾਨ ਕੋਈ ਵੀ ਵਿਅਕਤੀ ਕਾਨੂੰਨ ਦੀ ਉਲੰਘਣਾ ਕਰੇਗਾ ਤਾਂ ਉਸ ਦਾ ਅਕਾਊਂਟ ਬੰਦ ਕਰ ਦਿੱਤਾ ਜਾਵੇਗਾ। ਇਸ ਦੇ ਨਾਲ ਹੀ ਦੋਸ਼ੀ ਨੂੰ 3 ਸਾਲਾਂ ਦੀ ਸਜ਼ਾ ਵੀ ਦਿੱਤੀ ਜਾਵੇਗੀ। ਇਟਾਲੀਅਨ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਸੋਸ਼ਲ ਮੀਡੀਆ 'ਤੇ ਨਜ਼ਰ ਰੱਖ ਕੇ ਝੂਠੀਆਂ ਅਫਵਾਹਾਂ ਫੈਲਾਉਣ ਅਤੇ ਹੋਰਾਂ ਨੂੰ ਗੁੰਮਰਾਹ ਕਰਨ ਵਾਲਿਆਂ ਨੂੰ ਸਖਤ ਹੱਥੀਂ ਲਿਆ ਜਾਵੇਗਾ। ਇਸੇ ਲਈ ਫੇਸਬੁਕ ਅਤੇ ਵਟਸਐਪ ਕੰਪਨੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਉਹ ਆਪਣੇ ਮੈਂਬਰਾਂ ਵੱਲੋਂ ਭੇਜੇ ਜਾਣ ਵਾਲੇ ਸੁਨੇਹਿਆਂ ਦਾ ਪੂਰਾ ਰਿਕਾਰਡ ਰੱਖਣ। 


Related News