ਪਾਕਿਸਤਾਨ ''ਚ ਸਹੇਲੀ ਦੇ ਪਿਤਾ ਨਾਲ ਵਿਆਹ ਤੋਂ ਇਨਕਾਰ ਕਰਨ ''ਤੇ ਕੱਟੇ ਕੁੜੀ ਦੇ ਵਾਲ ਅਤੇ ਭਰਵੱਟੇ

Thursday, Aug 18, 2022 - 06:25 PM (IST)

ਪਾਕਿਸਤਾਨ ''ਚ ਸਹੇਲੀ ਦੇ ਪਿਤਾ ਨਾਲ ਵਿਆਹ ਤੋਂ ਇਨਕਾਰ ਕਰਨ ''ਤੇ ਕੱਟੇ ਕੁੜੀ ਦੇ ਵਾਲ ਅਤੇ ਭਰਵੱਟੇ

ਲਾਹੌਰ (ਏਜੰਸੀ)- ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਇਕ ਕਾਲਜ ਦੀ ਵਿਦਿਆਰਥਣ ਨੂੰ ਸਹੇਲੀ ਦੇ ਪਿਤਾ ਨਾਲ ਵਿਆਹ ਕਰਨ ਤੋਂ ਇਨਕਾਰ ਕਰਨ 'ਤੇ ਤੰਗ-ਪ੍ਰੇਸ਼ਾਨ ਅਤੇ ਜਿਨਸੀ ਸ਼ੋਸ਼ਣ ਦਾ ਸ਼ਿਕਾਰ ਹੋਣਾ ਪਿਆ। ਉਸ ਦੀ ਸਹੇਲੀ ਦੇ ਪਿਤਾ ਨੇ ਹੋਰਨਾਂ ਨਾਲ ਮਿਲ ਕੇ ਵਿਦਿਆਰਥਣ ਦੇ ਵਾਲ ਅਤੇ ਭਰਵੱਟੇ ਕੱਟ ਦਿੱਤੇ ਅਤੇ ਧਮਕੀ ਦਿੱਤੀ ਕਿ ਜੇਕਰ ਉਸ ਨੇ ਉਸ ਨੂੰ 10 ਲੱਖ ਰੁਪਏ ਨਾ ਦਿੱਤੇ ਤਾਂ ਉਸ ਨਾਲ ਛੇੜਛਾੜ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਪਾ ਦਿੱਤੀ ਜਾਵੇਗੀ। ਇਹ ਹੈਰਾਨ ਕਰਨ ਵਾਲੀ ਘਟਨਾ ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਫੈਸਲਾਬਾਦ 'ਚ 8 ਅਗਸਤ ਨੂੰ ਵਾਪਰੀ।

ਇਹ ਵੀ ਪੜ੍ਹੋ: ਕਾਰ 'ਤੇ ਡਿੱਗਿਆ 70 ਟਨ ਵਜ਼ਨੀ ਗਾਰਡਰ, ਇਕੋ ਪਰਿਵਾਰ ਦੇ 5 ਜੀਆਂ ਦੀ ਦਰਦਨਾਕ ਮੌਤ

ਘਟਨਾ ਦੀ ਵੀਡੀਓ ਮੰਗਲਵਾਰ ਨੂੰ ਸਾਹਮਣੇ ਆਈ, ਜਿਸ ਵਿਚ ਸ਼ੱਕੀ, ਵਿਦਿਆਰਥਣ ਨੂੰ ਕੁੱਟਦੇ, ਉਸ ਦੇ ਵਾਲ ਅਤੇ ਭਰਵੱਟੇ ਕੱਟਦੇ ਅਤੇ ਉਸ ਕੋਲੋਂ ਸ਼ੱਕੀ ਦੀਆਂ ਜੁੱਤੀਆਂ ਚੱਟਵਾਉਂਦੇ ਨਜ਼ਰ ਆ ਰਹੇ ਹਨ। ਪੁਲਸ ਨੇ ਕਿਹਾ ਕਿ ਉਸ ਨੇ ਮੁੱਖ ਸ਼ੱਕੀ ਸ਼ੇਖ ਦਾਨਿਸ਼, ਉਸ ਦੀ ਧੀ ਅਤੇ 5 ਹੋਰ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੰਜਾਬ ਪੁਲਸ ਦੇ ਬੁਲਾਰੇ ਨੇ ਕਿਹਾ, “ਪੁਲਸ ਨੇ ਦਾਨਿਸ਼ ਅਤੇ ਉਸਦੀ ਧੀ ਸਮੇਤ 7 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਬਾਕੀ ਸ਼ੱਕੀਆਂ ਨੂੰ ਫੜਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।” ਪੀੜਤਾ ਆਪਣੀ ਬਜ਼ੁਰਗ ਮਾਂ ਨਾਲ ਰਹਿੰਦੀ ਸੀ ਜਦਕਿ ਉਸ ਦੇ 2 ਭਰਾ ਯੂਕੇ ਅਤੇ ਆਸਟ੍ਰੇਲੀਆ ਵਿੱਚ ਰਹਿੰਦੇ ਹਨ। ਪੁਲਸ ਨੇ ਡੈਂਟਲ ਕੇਅਰ ਦੀ ਪੰਜਵੇਂ ਸਾਲ ਦੀ ਇਸ ਵਿਦਿਆਰਥਣ ਨੂੰ ਅਗਵਾ ਕਰਨ, ਪਰੇਸ਼ਾਨ ਕਰਨ, ਜ਼ਬਰੀ ਵਸੂਲੀ ਕਰਨ ਅਤੇ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਤਹਿਤ 15 ਸ਼ੱਕੀ ਵਿਅਕਤੀਆਂ ਖ਼ਿਲਾਫ਼ ਪਾਕਿਸਤਾਨ ਪੀਨਲ ਕੋਡ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਐੱਫ.ਆਈ.ਆਰ. ਵਿੱਚ ਪੀੜਤਾ ਨੇ ਕਿਹਾ ਕਿ ਉਹ ਅਤੇ ਦਾਨਿਸ਼ ਦੀ ਧੀ ਅੰਨਾ ਦੋਵੇਂ ਸਹੇਲੀਆਂ ਹਨ ਅਤੇ ਉਸ ਦਾ ਅੰਨਾ ਦੇ ਪਰਿਵਾਰ ਨਾਲ ਕਰੀਬੀ ਸਬੰਧ ਹੈ।

ਇਹ ਵੀ ਪੜ੍ਹੋ: ਹੈਰਾਨੀਜਨਕ! ਮਨੁੱਖ ਦੇ ਸੰਪਰਕ 'ਚ ਆਉਣ ਨਾਲ ਕੁੱਤੇ ਨੂੰ ਹੋਇਆ 'ਮੰਕੀਪਾਕਸ', WHO ਨੇ ਦਿੱਤੀ ਇਹ ਸਲਾਹ

ਪੀੜਤਾ ਨੇ ਕਿਹਾ, 'ਅੰਨਾ ਦੇ ਪਿਤਾ ਸ਼ੇਖ ਦਾਨਿਸ਼ ਨੇ ਉਸ ਨੂੰ ਵਿਆਹ ਦੀ ਪੇਸ਼ਕਸ਼ ਕੀਤੀ ਸੀ ਪਰ ਉਸ ਨੇ ਅਤੇ ਉਸ ਦੇ ਪਰਿਵਾਰ ਨੇ ਇਸ ਨੂੰ ਠੁਕਰਾ ਦਿੱਤਾ। ਉਸ ਨੇ ਕਿਹਾ ਕਿ ਦਾਨਿਸ਼ ਉਸ ਦੇ ਪਿਤਾ ਦੀ ਉਮਰ ਦਾ ਹੈ ਅਤੇ ਜਦੋਂ ਉਸ ਨੇ ਇਹ ਗੱਲ ਅੰਨਾ ਨੂੰ ਦੱਸੀ ਤਾਂ ਉਹ ਉਸ ਨਾਲ ਗੁੱਸੇ ਹੋ ਗਈ। ਪੀੜਤਾ ਨੇ ਕਿਹਾ ਕਿ 8 ਅਗਸਤ ਨੂੰ ਜਦੋਂ ਉਸ ਦਾ ਭਰਾ ਬ੍ਰਿਟੇਨ ਤੋਂ ਆਇਆ ਤਾਂ ਦਾਨਿਸ਼ ਅਤੇ ਉਸ ਦੇ 14 ਸਾਥੀ ਉਨ੍ਹਾਂ ਦੇ ਘਰ ਆਏ ਅਤੇ ਉਸ ਦੇ ਭਰਾ 'ਤੇ ਵਿਆਹ ਦੇ ਪ੍ਰਸਤਾਵ ਨੂੰ ਮੰਨਣ ਲਈ ਦਬਾਅ ਪਾਉਣ ਲੱਗੇ। ਪੀੜਤਾ ਅਨੁਸਾਰ ਜਦੋਂ ਉਸ ਦਾ ਭਰਾ ਉਸ ਦੀ ਗੱਲ ਮੰਨਣ ਲਈ ਰਾਜ਼ੀ ਨਹੀਂ ਹੋਇਆ ਤਾਂ ਸ਼ੱਕੀ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਅਤੇ ਉਸ ਦੇ ਭਰਾ ਨੂੰ ਕੁੱਟਿਆ ਅਤੇ ਉਹ ਜ਼ਬਰਦਸਤੀ ਦੋਵਾਂ ਨੂੰ ਆਪਣੇ ਘਰ ਲੈ ਗਏ। ਸ਼ੱਕੀਆਂ ਨੇ ਕੁੜੀ ਨੂੰ ਜ਼ਬਰਦਸਤੀ ਦਾਨਿਸ਼ ਦੀਆਂ ਜੁੱਤੀਆਂ ਚੱਟਣ ਲਈ ਮਜ਼ਬੂਰ ਕੀਤਾ ਅਤੇ ਉਸ ਦੇ ਵਾਲ ਅਤੇ ਭਰਵੱਟੇ ਕੱਟ ਦਿੱਤੇ ਅਤੇ ਵੀਡੀਓ ਵੀ ਬਣਾਈ। ਐੱਫ.ਆਈ.ਆਰ. ਵਿੱਚ ਕਿਹਾ ਗਿਆ ਹੈ, ਫਿਰ ਮੁੱਖ ਸ਼ੱਕੀ (ਦਾਨਿਸ਼) ਉਸ ਨੂੰ (ਪੀੜਤ) ਨੂੰ ਦੂਜੇ ਕਮਰੇ ਵਿੱਚ ਲੈ ਗਿਆ ਜਿੱਥੇ ਉਸਨੇ ਕੁੜੀ ਦਾ ਜਿਨਸੀ ਸ਼ੋਸ਼ਣ ਕੀਤਾ ਅਤੇ ਇਸਦੀ ਵੀਡੀਓ ਬਣਾਈ। 

ਇਹ ਵੀ ਪੜ੍ਹੋ: ਅਲਜੀਰੀਆ ਦੇ ਜੰਗਲਾਂ 'ਚ ਅੱਗ ਲੱਗਣ ਕਾਰਨ 26 ਲੋਕਾਂ ਦੀ ਮੌਤ, ਲਪੇਟ 'ਚ ਆਈ ਯਾਤਰੀ ਬੱਸ (ਵੀਡੀਓ)

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

 


author

cherry

Content Editor

Related News