ਥਾਈਲੈਂਡ ਦੀ ਸੈਰ ਪਈ ਭਾਰੀ: ਪਾਕਿਸਤਾਨੀ ਗਿਰੋਹ ਨੇ 3 ਭਾਰਤੀਆਂ ਨੂੰ ਅਗਵਾ ਕਰਕੇ ਮੰਗੀ 69 ਲੱਖ ਦੀ ਫਿਰੌਤੀ
Wednesday, Jul 29, 2026 - 02:29 AM (IST)
ਪੱਟਾਇਆ (ਥਾਈਲੈਂਡ) : ਥਾਈਲੈਂਡ ਦੇ ਮਸ਼ਹੂਰ ਸੈਰ-ਸਪਾਟਾ ਸਥਾਨ ਪੱਟਾਇਆ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚਾਰ ਪਾਕਿਸਤਾਨੀ ਨਾਗਰਿਕਾਂ ਅਤੇ ਇੱਕ ਭਾਰਤੀ ਵਿਅਕਤੀ ਦੇ ਗਿਰੋਹ ਨੇ ਤਿੰਨ ਭਾਰਤੀ ਨੌਜਵਾਨਾਂ ਨੂੰ ਇੱਕ ਹਫ਼ਤੇ ਤੱਕ ਬੰਧਕ ਬਣਾ ਕੇ ਰੱਖਿਆ ਅਤੇ ਉਨ੍ਹਾਂ 'ਤੇ ਬੇਹੱਦ ਤਸ਼ੱਦਦ ਕੀਤਾ। ਇਨ੍ਹਾਂ ਬਦਮਾਸ਼ਾਂ ਨੇ ਪੀੜਤਾਂ ਦੇ ਪਰਿਵਾਰਾਂ ਤੋਂ ਲਗਭਗ 68.4 ਲੱਖ ਰੁਪਏ (2.4 ਮਿਲੀਅਨ ਬਾਟ) ਦੀ ਫਿਰੌਤੀ ਦੀ ਮੰਗ ਕੀਤੀ ਸੀ। ਸੋਮਵਾਰ ਨੂੰ ਸਥਾਨਕ ਪੁਲਸ ਨੇ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਛਾਪਾ ਮਾਰ ਕੇ ਤਿੰਨੋਂ ਨੌਜਵਾਨਾਂ ਨੂੰ ਸੁਰੱਖਿਅਤ ਬਚਾ ਲਿਆ ਹੈ।
ਪੁਲਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ 23 ਤੋਂ 26 ਸਾਲ ਦੀ ਉਮਰ ਦੇ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਮਹਿਜ਼ 1.99 ਲੱਖ ਰੁਪਏ (70,000 ਬਾਟ) ਵਿੱਚ ਸੱਤ ਦਿਨਾਂ ਦੇ ਥਾਈਲੈਂਡ ਟੂਰ ਪੈਕੇਜ ਦਾ ਝਾਂਸਾ ਦਿੱਤਾ ਗਿਆ ਸੀ। ਪੀੜਤ 21 ਜੁਲਾਈ ਦੀ ਸਵੇਰ ਬੈਂਕਾਕ ਦੇ ਹਵਾਈ ਅੱਡੇ 'ਤੇ ਉਤਰੇ, ਜਿੱਥੋਂ ਉਨ੍ਹਾਂ ਨੂੰ ਟੈਕਸੀ ਰਾਹੀਂ ਪੱਟਾਇਆ ਲਿਜਾਇਆ ਗਿਆ। ਉੱਥੇ ਇੱਕ ਭਾਰਤੀ ਵਿਅਕਤੀ ਉਨ੍ਹਾਂ ਨੂੰ ਮੋਟਰਸਾਈਕਲ 'ਤੇ ਬਿਠਾ ਕੇ ਇੱਕ ਕਿਰਾਏ ਦੇ ਮਕਾਨ ਵਿੱਚ ਲੈ ਗਿਆ, ਜਿੱਥੇ ਗਿਰੋਹ ਦੇ ਹੋਰ ਮੈਂਬਰ ਪਹਿਲਾਂ ਹੀ ਮੌਜੂਦ ਸਨ।
ਨੌਜਵਾਨਾਂ ਨੇ ਆਪਣੀ ਹੱਡਬੀਤੀ ਸੁਣਾਉਂਦਿਆਂ ਦੱਸਿਆ ਕਿ ਉਨ੍ਹਾਂ ਦੇ ਹੱਥ-ਪੈਰ ਬੰਨ੍ਹ ਕੇ ਉਨ੍ਹਾਂ ਨੂੰ ਦੋ ਕਮਰਿਆਂ ਵਿੱਚ ਕੈਦ ਰੱਖਿਆ ਗਿਆ ਸੀ। ਗਿਰੋਹ ਦੇ ਮੈਂਬਰ ਉਨ੍ਹਾਂ ਨੂੰ ਰੋਜ਼ਾਨਾ ਪ੍ਰਤਾੜਿਤ ਕਰਦੇ ਸਨ। ਉਨ੍ਹਾਂ ਨੂੰ ਚਿਹਰੇ ਦੇ ਭਾਰ ਉਲਟਾ ਲਟਕਾਇਆ ਗਿਆ ਅਤੇ ਉਨ੍ਹਾਂ ਦੇ ਗਿੱਟਿਆਂ 'ਤੇ ਭਾਰੀ ਚੀਜ਼ਾਂ ਨਾਲ ਵਾਰ ਕੀਤੇ ਗਏ। ਪੀੜਤਾਂ ਨੂੰ ਖਾਣਾ-ਪਾਣੀ ਤਾਂ ਕੀ, ਟਾਇਲਟ ਜਾਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਜ਼ਬਰਦਸਤੀ ਭਾਰਤ ਵਿੱਚ ਆਪਣੇ ਪਰਿਵਾਰਾਂ ਨੂੰ ਫੋਨ ਕਰਕੇ ਫਿਰੌਤੀ ਮੰਗਣ ਲਈ ਮਜ਼ਬੂਰ ਕੀਤਾ ਗਿਆ।
ਚੋਨ ਬੁਰੀ ਦੇ ਇਮੀਗ੍ਰੇਸ਼ਨ ਮੁਖੀ ਪੁਲਸ ਕਾਰਨਲ ਨਪਤਪੋਂਗ ਕੋਸਿਤਸੁਰੀਆਮਨੀ ਨੇ ਦੱਸਿਆ ਕਿ ਮੁਲਜ਼ਮਾਂ ਨੇ ਆਪਣੀ ਲੋਕੇਸ਼ਨ ਛਿਪਾਉਣ ਲਈ ਦੁਬਈ (UAE) ਵਿੱਚ ਰਜਿਸਟਰਡ ਫੋਨ ਨੰਬਰ ਦੀ ਵਰਤੋਂ ਕੀਤੀ ਸੀ। ਹਾਲਾਂਕਿ, ਤਕਨੀਕੀ ਜਾਂਚ ਰਾਹੀਂ ਪੁਲਿਸ ਨੇ ਉਨ੍ਹਾਂ ਦੇ ਟਿਕਾਣੇ ਦਾ ਪਤਾ ਲਗਾ ਲਿਆ। ਜਦੋਂ ਪੁਲਸ ਨੇ ਪੱਟਾਇਆ ਦੇ ਨੋਂਗਪ੍ਰੂ ਸਥਿਤ ਮਕਾਨ 'ਤੇ ਛਾਪਾ ਮਾਰਿਆ, ਤਾਂ ਅਗਵਾਕਾਰ ਪੁਲਸ ਦੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਫ਼ਰਾਰ ਹੋ ਗਏ।
ਥਾਈਲੈਂਡ ਪੁਲਸ ਨੇ ਇਸ ਘਟਨਾ ਤੋਂ ਬਾਅਦ ਸੈਲਾਨੀਆਂ ਨੂੰ "ਸਸਤੇ ਟੂਰ ਪੈਕੇਜ" ਦੇਣ ਵਾਲੇ ਠੱਗਾਂ ਤੋਂ ਸਾਵਧਾਨ ਰਹਿਣ ਦੀ ਚੇਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਥਾਈਲੈਂਡ ਨੇ ਹਾਲ ਹੀ ਵਿੱਚ ਭਾਰਤੀਆਂ ਲਈ ਵੀਜ਼ਾ-ਮੁਕਤ ਯਾਤਰਾ ਦੀ ਸਹੂਲਤ ਦੁਬਾਰਾ ਸ਼ੁਰੂ ਕੀਤੀ ਹੈ, ਜਿਸ ਦੇ ਕੁਝ ਹੀ ਦਿਨਾਂ ਬਾਅਦ ਇਹ ਵਾਰਦਾਤ ਸਾਹਮਣੇ ਆਈ ਹੈ। ਪੁਲਸ ਫਿਲਹਾਲ ਫ਼ਰਾਰ ਮੁਲਜ਼ਮਾਂ ਦੀ ਭਾਲ ਵਿੱਚ ਛਾਪੇਮਾਰੀ ਕਰ ਰਹੀ ਹੈ।
