ਮਨਮਾਨੀ ਕਰਨੀ ਪਈ ਮਹਿੰਗੀ: ਚੀਨ ਨੇ ‘ਟ੍ਰਿਪ ਡਾਟ ਕਾਮ’ ’ਤੇ ਲਾਇਆ 76.5 ਕਰੋੜ ਡਾਲਰ ਦਾ ਜੁਰਮਾਨਾ
Sunday, Jul 26, 2026 - 03:46 AM (IST)
ਬੀਜਿੰਗ (ਏਜੰਸੀ) : ਚੀਨ ਨੇ ਆਨਲਾਈਨ ਯਾਤਰਾ ਸੇਵਾ ਕੰਪਨੀ ‘ਟ੍ਰਿਪ ਡਾਟ ਕਾਮ’ ਗਰੁੱਪ ’ਤੇ ਏਕਾਧਿਕਾਰ ਅਤੇ ਮੁਕਾਬਲੇ ਨੂੰ ਪ੍ਰਭਾਵਿਤ ਕਰਨ ਦੇ ਦੋਸ਼ ਹੇਠ ਲਗਭਗ 5.2 ਅਰਬ ਯੂਆਨ (ਕਰੀਬ 76.5 ਕਰੋੜ ਡਾਲਰ) ਦਾ ਜੁਰਮਾਨਾ ਲਾਇਆ ਹੈ। ਚੀਨ ਦੀ ਰੈਗੂਲੇਟਰੀ ਸੰਸਥਾ ‘ਸਟੇਟ ਐਡਮਿਨਿਸਟ੍ਰੇਸ਼ਨ ਫਾਰ ਮਾਰਕੀਟ ਰੈਗੂਲੇਸ਼ਨ’ ਨੇ ਕਿਹਾ ਕਿ ਟ੍ਰਿਪ ਡਾਟ ਕਾਮ ਨੇ ਹੋਟਲ ਖੇਤਰ ’ਚ ਆਪਣੀ ਮਜ਼ਬੂਤ ਸਥਿਤੀ ਦੀ ਦੁਰਵਰਤੋਂ ਕਰਦੇ ਹੋਏ ਕੁਝ ਹੋਟਲਾਂ ਨਾਲ ਵਿਸ਼ੇਸ਼ ਸਮਝੌਤੇ ਕੀਤੇ ਅਤੇ ਉਨ੍ਹਾਂ ਨੂੰ ਮੁਕਾਬਲੇਬਾਜ਼ ਮੰਚਾਂ ਨਾਲ ਕੰਮ ਕਰਨ ਤੋਂ ਰੋਕਿਆ। ਜਾਂਚ ’ਚ ਇਹ ਵੀ ਸਾਹਮਣੇ ਆਇਆ ਕਿ ਕੰਪਨੀ ਨੇ ਆਪਣੇ ਡਿਜੀਟਲ ਮੰਚ ’ਤੇ ਜੁੜੇ ਹੋਟਲਾਂ ਨੂੰ ਤਰਜੀਹ ਦਿੱਤੀ ਅਤੇ ਉਨ੍ਹਾਂ ਤੋਂ ਆਪਣੀ ਵੈੱਬਸਾਈਟ ’ਤੇ ਸਭ ਤੋਂ ਘੱਟ ਦਰ ਬਣਾਈ ਰੱਖਣ ਦਾ ਦਬਾਅ ਪਾਇਆ। ਇਸ ਨਾਲ ਬਾਜ਼ਾਰ ’ਚ ਨਿਰਪੱਖ ਮੁਕਾਬਲਾ ਪ੍ਰਭਾਵਿਤ ਹੋਇਆ ਅਤੇ ਖਪਤਕਾਰਾਂ ਦੇ ਹਿੱਤਾਂ ਨੂੰ ਨੁਕਸਾਨ ਪਹੁੰਚਿਆ।
ਇਹ ਵੀ ਪੜ੍ਹੋ : ਹਾਈਵੇਅ 'ਤੇ ਵਾਪਰਿਆ ਭਿਆਨਕ ਹਾਦਸਾ! ਸੀਰੀਆ 'ਚ ਬੱਸਾਂ ਦੀ ਟੱਕਰ 'ਚ 35 ਲੋਕਾਂ ਦੀ ਮੌਤ
ਰੈਗੂਲੇਟਰ ਮੁਤਾਬਕ ਟ੍ਰਿਪ ਡਾਟ ਕਾਮ ਸਾਲ 2020 ਤੋਂ ਹੀ ਇਸ ਤਰ੍ਹਾਂ ਦੀਆਂ ਸਰਗਰਮੀਆਂ ’ਚ ਸ਼ਾਮਲ ਸੀ। ਕਾਰਵਾਈ ਤਹਿਤ ਕੰਪਨੀ ’ਤੇ 3.5 ਅਰਬ ਯੂਆਨ ਦਾ ਜੁਰਮਾਨਾ ਲਾਇਆ ਗਿਆ, 1.6 ਅਰਬ ਯੂਆਨ ਦੀ ਗ਼ੈਰ-ਕਾਨੂੰਨੀ ਕਮਾਈ ਜ਼ਬਤ ਕੀਤੀ ਗਈ ਅਤੇ ਉਸ ਨੂੰ ਹੋਟਲ ਸੰਚਾਲਕਾਂ ਨੂੰ 12.2 ਕਰੋੜ ਯੂਆਨ ਵਾਪਸ ਕਰਨ ਦਾ ਹੁਕਮ ਦਿੱਤਾ ਗਿਆ। ਸੀਟ੍ਰਿਪ ਅਤੇ ਸਕਾਈਸਕੈਨਰ ਵਰਗੇ ਬ੍ਰਾਂਡ ਸੰਚਾਲਿਤ ਕਰਨ ਵਾਲੀ ਕੰਪਨੀ ਟ੍ਰਿਪ ਡਾਟ ਕਾਮ ਨੇ ਇਸ ਹੁਕਮ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਉਹ ਸਾਰੇ ਸੁਧਾਰਾਤਮਕ ਉਪਾਵਾਂ ਨੂੰ ਪੂਰੀ ਤਰ੍ਹਾਂ ਲਾਗੂ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
