ਪਾਕਿ ਦੇ ਇਕ ਕੌਂਸਲਰ ਨੇ ਵਿਦਿਆਰਥਣਾਂ ਲਈ ਖਰੀਦੇ ਬੁਰਕੇ, ਲੋਕਾਂ ਲਾਈ ਕਲਾਸ
Tuesday, Oct 08, 2019 - 09:26 PM (IST)

ਪੇਸ਼ਾਵਰ – ਸਥਾਨਕ ਇਕ ਕੌਂਸਲਰ ਵਲੋਂ ਖਰੀਦੇ ਗਏ ਬੁਰਕਿਆਂ ਨੂੰ ਪਹਿਨਣ ਵਾਲੀਆਂ ਕੁੜੀਆਂ ਦੀਆਂ ਤਸਵੀਰਾਂ ਦੇ ਵਾਇਰਲ ਹੋ ਜਾਣ ਪਿੱਛੋਂ ਮੰਗਲਵਾਰ ਲੋਕਾਂ ਨੇ ਆਪਣਾ ਗੁੱਸਾ ਸੋਸ਼ਲ ਮੀਡੀਆ ਰਾਹੀਂ ਕੱਢਿਆ। ਪੱਛਮੀ ਖੈਬਰ ਪਖਤੂਨਖਵਾ ਸੂਬੇ ਦੇ ਇਕ ਛੋਟੇ ਜਿਹੇ ਪਿੰਡ ਚੀਨਾ 'ਚ ਇਕ ਕੌਂਸਲਰ ਨੇ ਸਰਕਾਰੀ ਫੰਡ 'ਚੋਂ 90,000 ਰੁਪਏ ਲੈ ਕੇ 90 ਬੁਰਕੇ ਖਰੀਦੇ। ਬੁਰਕੇ ਪਿੰਡ ਦੇ ਸਰਕਾਰੀ ਸਕੂਲ ਦੀਆਂ ਵਿਦਿਆਰਥਣਾਂ ਲਈ ਖਰੀਦੇ ਗਏ ਸਨ। ਉਕਤ ਇਲਾਕਾ ਬਹੁਤ ਪੱਛੜਿਆ ਹੋਇਆ ਹੈ ਅਤੇ ਇਥੋਂ ਦੀਆਂ ਲਗਭਗ ਸਭ ਔਰਤਾਂ ਬੁਰਕਾ ਧਾਰਨ ਕਰਦੀਆਂ ਹਨ। ਕੁੜੀਆਂ ਦੇ ਮਾਪੇ ਬੁਰਕਾ ਖਰੀਦਣ ਦੀ ਹਾਲਤ ਵਿਚ ਨਹੀਂ ਸਨ, ਇਸ ਲਈ ਉਕਤ ਬੁਰਕੇ ਸਰਕਾਰੀ ਫੰਡ 'ਚੋਂ ਖਰੀਦੇ ਗਏ।
ਲੋਕਾਂ ਨੇ ਬੁਰਕੇ ਖਰੀਦਣ 'ਤੇ ਇਤਰਾਜ਼ ਕਰਦਿਆਂ ਕਿਹਾ ਕਿ ਸਿੱਖਿਆ ਦੇ ਪੱਧਰ 'ਚ ਸੁਧਾਰ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ। ਕੁੜੀਆਂ ਨਾਲ ਮਾੜੇ ਵਤੀਰੇ ਹੋ ਰਹੇ ਹਨ। ਉਹ ਜਬਰ-ਜ਼ਨਾਹ ਦਾ ਸ਼ਿਕਾਰ ਹੋ ਰਹੀਆਂ ਹਨ। ਇਨ੍ਹਾਂ ਦੀ ਰੋਕਥਾਮ ਵੱਲ ਧਿਆਨ ਦੇਣ ਦੀ ਬਜਾਏ ਬੁਰਕੇ ਖਰੀਦਣ ਵਲ ਪੂਰਾ ਧਿਆਨ ਲਾਇਆ ਗਿਆ। ਉਨ੍ਹਾਂ ਬੁਰਕੇ ਖਰੀਦਣ ਲਈ ਜ਼ਿੰਮੇਵਾਰ ਕੌਂਸਲਰ ਦੀ ਜ਼ੋਰਦਾਰ ਸ਼ਬਦਾਂ 'ਚ ਆਲੋਚਨਾ ਕੀਤੀ। ਨਾਲ ਹੀ ਸੋਸ਼ਲ ਮੀਡੀਆ 'ਤੇ ਵੱਖ-ਵੱਖ ਤਰ੍ਹਾਂ ਦੀਆਂ ਟਿੱਪਣੀਆਂ ਕਰ ਕੇ ਆਪਣਾ ਗੁੱਸਾ ਕੱਢਿਆ। ਸੂਬੇ ਦੇ ਸਿੱਖਿਆ ਮੰਤਰੀ ਨੇ ਆਖਿਆ ਕਿ ਸਾਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬੁਰਕਾ ਡਰੈੱਸ ਕੋਡ 'ਚ ਸ਼ਾਮਲ ਨਹੀਂ ਹੈ। ਡਰੈੱਸ ਕੋਡ 'ਚ ਤਾਂ ਨੀਲੇ ਰੰਗ ਦਾ ਕੁੜਤਾ ਅਤੇ ਸਲਵਾਰ ਸ਼ਾਮਲ ਹੈ। ਫਿਰ ਵੀ ਅਸੀਂ ਕਿਸੇ ਨੂੰ ਬੁਰਕਾ ਪਹਿਨਣ ਤੋਂ ਰੋਕ ਨਹੀਂ ਸਕਦੇ।