ਪਾਕਿ: ਨਾਬਾਲਗ ਬੇਟੇ ਨੂੰ ਬੇੜੀਆਂ ''ਚ ਬੰੰਨ੍ਹ ਕੇ ਰੱਖਣ ਵਾਲਾ ਪਿਤਾ ਗ੍ਰਿਫਤਾਰ
Saturday, Jul 27, 2019 - 02:59 PM (IST)

ਪੇਸ਼ਾਵਰ— ਇਕ ਪਾਕਿਸਤਾਨੀ ਵਿਅਕਤੀ ਨੂੰ ਉਸ ਦੇ ਨਾਬਾਲਿਗ ਬੇਟੇ ਨੂੰ ਆਪਣੀ ਚਾਹ ਦੀ ਦੁਕਾਨ 'ਤੇ ਬੇੜੀਆਂ 'ਚ ਬੰਨ੍ਹ ਕੇ ਰੱਖਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ ਹੈ। ਤਸਵੀਰਾਂ ਵਾਇਰਲ ਹੋਣ ਤੋਂ ਬਾਅਦ ਪੁਲਸ ਨੇ ਚਾਹ ਦੀ ਦੁਕਾਨ 'ਤੇ ਛਾਪਾ ਮਾਰਿਆ 'ਤੇ ਬੱਚੇ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਦੇ ਹਵਾਲੇ ਕਰ ਦਿੱਤਾ।
ਡਾਨ ਅਖਬਾਰ ਨੇ ਦੱਸਿਆ ਕਿ ਸਰਦਾਰ ਖਾਨ ਨੂੰ ਗ੍ਰਿਫਤਾਰ ਕਰਕੇ ਜੁਡੀਸ਼ੀਅਲ ਮੈਜਿਸਟ੍ਰੇਟ ਹਮੀਦੁੱਲਾ ਖ਼ਾਨ ਦੀ ਅਦਾਲਤ 'ਚ ਪੇਸ਼ ਕੀਤਾ ਗਿਆ, ਜਿਨ੍ਹਾਂ ਨੇ ਉਸ ਨੂੰ ਜੇਲ ਭੇਜ ਦਿੱਤਾ। ਨਾਬਾਲਗ ਲੜਕੇ, ਜਿਸ ਨੂੰ ਨਸੀਰਪੁਰ 'ਚ ਇਕ ਚਾਹ ਦੀ ਦੁਕਾਨ 'ਤੇ ਬੰਨ੍ਹਿਆ ਗਿਆ ਸੀ, ਉਸ ਨੂੰ ਉਸ ਦੇ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਗਿਆ, ਜਿਨ੍ਹਾਂ 'ਚ ਉਸ ਦਾ ਵੱਡਾ ਭਰਾ ਤੇ ਚਾਚਾ ਸੀ।
ਵੀਰਵਾਰ ਤੋਂ ਵਾਇਰਲ ਹੋਈ ਇਸ ਤਸਵੀਰ ਬਾਰੇ ਪਹਿਲਾਂ ਮੰਨਿਆ ਜਾ ਰਿਹਾ ਸੀ ਕਿ ਬੱਚੇ ਨੂੰ ਮਜ਼ਦੂਰੀ ਲਈ ਬੇੜੀਆਂ 'ਚ ਬੰਨ੍ਹਿਆ ਗਿਆ ਹੈ ਪਰ ਬਾਅਦ 'ਚ ਪਤਾ ਲੱਗਿਆ ਕਿ ਉਸ ਨੂੰ ਬੇੜੀਆਂ 'ਚ ਬੰਨ੍ਹਣ ਵਾਲਾ ਹੋਰ ਕੋਈ ਨਹੀਂ ਬਲਕਿ ਉਸ ਦਾ ਪਿਤਾ ਹੈ।