ਕੋਵਿਡ-19: 1 ਅਪ੍ਰੈਲ ਤੋਂ ਲਾਹੌਰ ਅਤੇ ਹੋਰ ਸ਼ਹਿਰਾਂ ''ਚ ਲਾਗੂ ਹੋਵੇਗਾ ਲਾਕਡਾਊਨ
Tuesday, Mar 30, 2021 - 02:29 AM (IST)
ਲਾਹੌਰ : ਕੋਵਿਡ-19 ਮਾਮਲਿਆਂ ਵਿੱਚ ਵਾਧੇ ਵਿਚਾਲੇ ਇਨਫੈਕਸ਼ਨ ਦੀ ਰੋਕਥਾਮ ਲਈ ਪਾਕਿਸਤਾਨ ਦੀ ਪੰਜਾਬ ਸਰਕਾਰ ਨੇ ਲਾਹੌਰ ਅਤੇ ਸੂਬੇ ਦੇ ਹੋਰ ਸ਼ਹਿਰਾਂ ਵਿੱਚ 1 ਅਪ੍ਰੈਲ ਤੋਂ ਪ੍ਰਭਾਵੀ ਲਾਕਡਾਊਨ ਲਾਗੂ ਕਰਨ ਦਾ ਫ਼ੈਸਲਾ ਕੀਤਾ ਹੈ। ਕਰੀਬ 1 ਕਰੋੜ 10 ਲੱਖ ਲੋਕ ਇਸ ਲਾਕਡਾਊਨ ਤੋਂ ਪ੍ਰਭਾਵਿਤ ਹੋਣਗੇ। ਇਹ ਲਾਕਡਾਊਨ 11 ਅਪ੍ਰੈਲ ਤੱਕ ਲਾਗੂ ਰਹੇਗਾ ਅਤੇ ਇਸ ਦੌਰਾਨ ਸੂਬੇ ਵਿੱਚ ਵਿਆਹ ਸਮਾਗਮ ਅਤੇ ਭੀੜ-ਭਾੜ ਵਾਲੇ ਹਰ ਤਰ੍ਹਾਂ ਦੇ ਪ੍ਰੋਗਰਾਮ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਰਹਿਣਗੇ। ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਲਾਹੌਰ ਵਿੱਚ ਪਹਿਲੀ ਵਾਰ ਪੁਲਸ ਨੇ ਕਾਰਵਾਈ ਕਰਦੇ ਹੋਏ ਮਾਸਕ ਨਾ ਪਹਿਨਣ ਦੇ ਚੱਲਦੇ 100 ਮੁਕੱਦਮੇ ਦਰਜ ਕੀਤੇ ਹਨ।
ਇਹ ਵੀ ਪੜ੍ਹੋ- ਪਾਕਿ ਦੇ ਪੀ.ਐੱਮ. ਇਮਰਾਨ ਖਾਨ ਤੋਂ ਬਾਅਦ ਰਾਸ਼ਟਰਪਤੀ ਅਤੇ ਰੱਖਿਆ ਮੰਤਰੀ ਕੋਰੋਨਾ ਪਾਜ਼ੇਟਿਵ
ਪੰਜਾਬ ਸੂਬੇ ਦੇ ਮੁੱਖ ਮੰਤਰੀ ਉਸਮਾਨ ਬੁਜਦਾਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ ਕਿ ਓਰੈਂਜ ਲਾਈਨ ਮੈਟਰੋ ਅਤੇ ਸਪੀਡੋ ਬੱਸ ਸੇਵਾ ਵਰਗੀਆਂ ਸਾਰੀਆਂ ਜਨਤਕ ਟ੍ਰਾਂਸਪੋਰਟ ਸੇਵਾਵਾਂ ਬੰਦ ਰਹਿਣਗੀਆਂ ਜਦੋਂ ਕਿ ਸਾਰੇ ਰੇਸਤਰਾਂ ਅਤੇ ਹੋਟਲਾਂ ਵਿੱਚ ਖਾਣਾ ਖਾਣ 'ਤੇ ਰੋਕ ਰਹੇਗੀ। ਹਾਲਾਂਕਿ, ਭੋਜਨ ਘਰ ਲੈ ਜਾਣ ਦੀ ਸਹੂਲਤ ਉਪਲੱਬਧ ਰਹੇਗੀ। ਉਨ੍ਹਾਂ ਕਿਹਾ ਕਿ ਬਾਜ਼ਾਰ ਅਤੇ ਵਪਾਰਕ ਸਰਗਰਮੀਆਂ ਦੀ ਇਜਾਜ਼ਤ ਸ਼ਾਮ ਛੇ ਵਜੇ ਤੱਕ ਹੀ ਰਹੇਗੀ ਅਤੇ ਸਾਰੇ ਪਾਰਕ ਪੂਰੀ ਤਰ੍ਹਾਂ ਬੰਦ ਰਹਿਣਗੇ।
ਮੁੱਖ ਮੰਤਰੀ ਨੇ ਕਿਹਾ ਕਿ ਕੋਰੋਨਾ ਵਾਇਰਸ ਇਨਫੈਕਸ਼ਨ ਦੀ ਤੀਜੀ ਲਹਿਰ ਜ਼ਿਆਦਾ ਪ੍ਰੇਸ਼ਾਨ ਕਰਨ ਵਾਲੀ ਹੈ ਕਿਉਂਕਿ ਲਾਹੌਰ, ਗੁਜਰਾਂਵਾਲਾ, ਗੁਜਰਾਤ, ਰਾਵਲਪਿੰਡੀ, ਸਰਗੋਧਾ, ਫੈਸਲਾਬਾਦ ਅਤੇ ਮੁਲਤਾਨ ਸ਼ਹਿਰਾਂ ਵਿੱਚ ਇਨਫੈਕਸ਼ਨ ਦੇ ਮਾਮਲੇ ਜ਼ਿਆਦਾ ਗਿਣਤੀ ਵਿੱਚ ਸਾਹਮਣੇ ਆ ਰਹੇ ਹਨ। ਪੰਜਾਬ ਸੂਬੇ ਵਿੱਚ ਐਤਵਾਰ ਨੂੰ ਇਨਫੈਕਸ਼ਨ ਦੇ 2,823 ਨਵੇਂ ਮਾਮਲੇ ਸਾਹਮਣੇ ਆਏ ਸਨ ਜਦੋਂ ਕਿ 39 ਹੋਰ ਮਰੀਜ਼ਾਂ ਦੀ ਮੌਤ ਹੋਈ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।