ਪਾਕਿਸਤਾਨ 20 ਭਾਰਤੀ ਮਛੇਰਿਆਂ ਨੂੰ ਕਰੇਗਾ ਰਿਹਾਅ
Monday, Jan 24, 2022 - 12:54 PM (IST)
ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਸੋਮਵਾਰ ਨੂੰ ਵਾਹਗਾ ਸਰਹੱਦ ਰਾਹੀਂ ਕਥਿਤ ਤੌਰ 'ਤੇ ਦੇਸ਼ ਦੇ ਜਲ ਖੇਤਰ ਵਿਚ ਦਾਖ਼ਲ ਹੋਣ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤੇ ਗਏ 20 ਭਾਰਤੀ ਮਛੇਰਿਆਂ ਨੂੰ ਭਾਰਤ ਹਵਾਲੇ ਕਰੇਗਾ। ਇਕ ਸੀਨੀਅਰ ਜੇਲ੍ਹ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਕਰਾਚੀ ਦੀ ਲਾਂਡੀ ਜੇਲ੍ਹ 'ਚ ਬੰਦ ਮਛੇਰਿਆਂ ਨੂੰ ਐਤਵਾਰ ਨੂੰ ਮਨੁੱਖੀ ਆਧਾਰ 'ਤੇ ਰਿਹਾਅ ਕਰ ਦਿੱਤਾ ਗਿਆ।
'ਡਾਨ' ਅਖ਼ਬਾਰ ਮੁਤਾਬਕ ਡਿਪਟੀ ਸੁਪਰਡੈਂਟ ਆਫ ਪੁਲਸ ਅਜ਼ੀਮ ਥੀਬੋ ਨੇ ਦੱਸਿਆ ਕਿ ਸਦਭਾਵਨਾ ਵਜੋਂ ਇਨ੍ਹਾਂ 20 ਭਾਰਤੀ ਮਛੇਰਿਆਂ ਦੀ ਰਿਹਾਈ ਤੋਂ ਬਾਅਦ ਹੁਣ ਇਸ ਜੇਲ੍ਹ 'ਚ 568 ਭਾਰਤੀ ਮਛੇਰੇ ਹਨ। ਰਿਹਾਅ ਕੀਤੇ ਗਏ ਇਨ੍ਹਾਂ ਮਛੇਰਿਆਂ ਨੂੰ ਗੈਰ-ਕਾਨੂੰਨੀ ਤੌਰ 'ਤੇ ਪਾਕਿਸਤਾਨੀ ਜਲ ਖੇਤਰ 'ਚ ਦਾਖਲ ਹੋਣ ਅਤੇ ਬਿਨਾਂ ਇਜਾਜ਼ਤ ਮੱਛੀਆਂ ਫੜਨ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਗਿਆ ਸੀ। ਸਮਾਜ ਭਲਾਈ ਲਈ ਕੰਮ ਕਰਨ ਵਾਲੀ ਸੰਸਥਾ ‘ਈਧੀ ਫਾਊਂਡੇਸ਼ਨ’ ਵੱਲੋਂ ਉਹਨਾਂ ਨੂੰ ਸੜਕ ਰਾਹੀਂ ਲਾਹੌਰ ਲਿਜਾਇਆ ਗਿਆ। ਈਧੀ ਫਾਊਂਡੇਸ਼ਨ ਦੇ ਬੁਲਾਰੇ ਨੇ ਕਿਹਾ ਕਿ ਸੰਗਠਨ ਮਛੇਰਿਆਂ ਦੀ ਲਾਹੌਰ ਯਾਤਰਾ ਦਾ ਖਰਚਾ ਚੁੱਕੇਗਾ, ਜਿੱਥੇ ਉਨ੍ਹਾਂ ਨੂੰ ਭਾਰਤ ਦੀ ਸੀਮਾ ਸੁਰੱਖਿਆ ਬਲ ਦੇ ਹਵਾਲੇ ਕੀਤਾ ਜਾਵੇਗਾ। ਈਧੀ ਫਾਊਂਡੇਸ਼ਨ ਨੇ ਵੀ ਸਦਭਾਵਨਾ ਵਜੋਂ ਹਰੇਕ ਮਛੇਰੇ ਨੂੰ 50-50 ਹਜ਼ਾਰ ਰੁਪਏ ਦਿੱਤੇ।
ਪੜ੍ਹੋ ਇਹ ਅਹਿਮ ਖ਼ਬਰ- ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਫਲਾਈਟ ਜ਼ਰੀਏ ਭਾਰਤ ਪਹੁੰਚਣਗੇ ਪਾਕਿ ਯਾਤਰੀ, ਬਣੇਗਾ 'ਇਤਿਹਾਸ'
ਚਾਰ ਸਾਲਾਂ ਤੋਂ ਜੇਲ੍ਹ ਵਿੱਚ ਬੰਦ ਮਛੇਰੇ ਭਾਵੇਸ਼ ਭੀਕਾ ਨੇ ਦੱਸਿਆ ਕਿ ਉਹ ਜਿਸ ਕਿਸ਼ਤੀ 'ਤੇ ਸਵਾਰ ਸੀ, ਉਹ ਰਾਤ ਨੂੰ ਰੁੜ੍ਹ ਗਈ ਅਤੇ ਪਾਕਿਸਤਾਨੀ ਪਾਣੀਆਂ ਵਿੱਚ ਦਾਖ਼ਲ ਹੋ ਗਈ। ਉਨ੍ਹਾਂ ਨੇ ਕਿਹਾ ਕਿ ਸਾਡੇ ਕੋਲ ਇਹ ਜਾਣਨ ਦਾ ਕੋਈ ਤਰੀਕਾ ਨਹੀਂ ਹੈ ਕਿ ਅਸੀਂ ਤੁਹਾਡੀ ਸਰਹੱਦ ਦੀ ਉਲੰਘਣਾ ਕੀਤੀ ਹੈ। ਪਾਕਿਸਤਾਨ ਅਤੇ ਭਾਰਤ ਨਿਯਮਿਤ ਤੌਰ 'ਤੇ ਸਮੁੰਦਰੀ ਸੀਮਾਵਾਂ ਦੀ ਉਲੰਘਣਾ ਕਰਨ ਲਈ ਇਕ ਦੂਜੇ ਦੇ ਮਛੇਰਿਆਂ ਨੂੰ ਫੜ ਲੈਂਦੇ ਹਨ। ਭਾਰਤ ਅਤੇ ਪਾਕਿਸਤਾਨ ਨੇ ਇਸ ਸਾਲ ਦੇ ਸ਼ੁਰੂ ਵਿੱਚ ਕੈਦੀਆਂ ਦੀ ਸੂਚੀ ਦਾ ਆਦਾਨ-ਪ੍ਰਦਾਨ ਕੀਤਾ ਸੀ, ਜਿਸ ਅਨੁਸਾਰ ਘੱਟੋ-ਘੱਟ 628 ਭਾਰਤੀ ਕੈਦੀ ਪਾਕਿਸਤਾਨ ਵਿੱਚ ਹਨ, ਜਿਨ੍ਹਾਂ ਵਿੱਚੋਂ 577 ਮਛੇਰੇ ਹਨ। ਭਾਰਤ ਨੇ ਪਾਕਿਸਤਾਨ ਨਾਲ 355 ਪਾਕਿਸਤਾਨੀ ਕੈਦੀਆਂ ਦੀ ਸੂਚੀ ਸਾਂਝੀ ਕੀਤੀ ਸੀ, ਜਿਨ੍ਹਾਂ ਵਿੱਚੋਂ 73 ਮਛੇਰੇ ਸਨ। ਗੈਰ-ਸਰਕਾਰੀ ਸੰਗਠਨ ਪਾਕਿਸਤਾਨ ਫਿਸ਼ਰਮੈਨਜ਼ ਫੋਰਮ ਨੇ ਕਿਹਾ ਹੈ ਕਿ ਦੋਵਾਂ ਦੇਸ਼ਾਂ ਵਿਚਾਲੇ ਅਰਬ ਸਾਗਰ ਦੇ ਤੱਟਵਰਤੀ ਖੇਤਰ 'ਚ ਸਪੱਸ਼ਟ ਸੀਮਾਬੰਦੀ ਰੇਖਾ ਦੀ ਅਣਹੋਂਦ ਕਾਰਨ, ਮਛੇਰੇ ਜਿਨ੍ਹਾਂ ਕੋਲ ਆਧੁਨਿਕ ਨੈਵੀਗੇਸ਼ਨ ਉਪਕਰਨ ਨਹੀਂ ਹਨ, ਗਲਤੀ ਨਾਲ ਸਰਹੱਦ ਪਾਰ ਕਰ ਜਾਂਦੇ ਹਨ।
ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।