ਆਰਮੀ ਕੈਂਪ ''ਤੇ ਹਮਲੇ ਤੋਂ ਬਾਅਦ ਪਾਕਿ ਨੂੰ ਸਤਾ ਰਿਹੈ ਸਰਜੀਕਲ ਸਟ੍ਰਾਈਕ ਦਾ ਡਰ

02/12/2018 11:15:41 PM

ਇਸਲਾਮਾਬਾਦ— ਜੰਮੂ-ਕਸ਼ਮੀਰ 'ਚ ਸੁੰਜਵਾਨ ਆਰਮੀ ਕੈਂਪ 'ਤੇ ਅੱਤਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਨੂੰ ਹੁਣ ਸਰਜੀਕਲ ਸਟ੍ਰਾਈਕ ਦਾ ਡਰ ਸਤਾ ਰਿਹਾ ਹੈ। ਦਰਅਸਲ ਭਾਰਤ ਦੇ ਆਰਮੀ ਕੈਂਪ 'ਤੇ ਹੋਏ ਹਮਲੇ ਦੇ ਪਿਛੇ ਪਾਕਿਸਤਾਨ ਸਥਿਤ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੂੰ ਦੋਸ਼ੀ ਠਹਿਰਾਇਆ ਗਿਆ ਹੈ। ਅਜਿਹੇ 'ਚ ਪਾਕਿਸਤਾਨ ਨੂੰ ਡਰ ਸਤਾ ਰਿਹਾ ਹੈ ਕਿ ਜਿਵੇਂ ਉੜੀ ਹਮਲੇ ਤੋਂ ਬਾਅਦ ਭਾਰਤ ਨੇ ਕੰਟਰੋਲ ਲਾਈਨ ਪਾਰ ਕਰਕੇ ਸਕਜੀਕਲ ਸਟ੍ਰਾਈਕ ਨੂੰ ਅੰਜਾਮ ਦਿੱਤਾ ਸੀ, ਉਵੇਂ ਹੀ ਕਿਤੇ ਦੁਬਾਰਾ ਨਾ ਹੋ ਜਾਵੇ। ਇਸੇ ਲਈ ਪਾਕਿਸਤਾਨ ਨੇ ਇਸ ਤੋਂ ਪਹਿਲਾਂ ਹੀ ਇਸ ਨੂੰ ਲੈ ਕੇ ਚਿਤਾਵਨੀ ਦੇ ਦਿੱਤੀ ਹੈ।
ਸੁੰਜਾਵਾਨ ਕੈਂਪ 'ਤੇ ਹਮਲੇ ਤੋਂ ਬਾਅਦ ਭਾਰਤ ਦੇ ਦੋਸ਼ਾਂ ਨੂੰ ਵੀ ਪਾਕਿਸਤਾਨ ਨੇ ਖਾਰਿਜ ਕਰ ਦਿੱਤਾ ਹੈ। ਪਾਕਿਸਤਾਨ ਦੇ ਵਿਦੇਸ਼ੀ ਮੰਤਰਾਲੇ ਨੇ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਭਾਰਤੀ ਪੱਖ ਹਮੇਸ਼ਾ ਤੋਂ ਬਿਨਾਂ ਸਹੀ ਜਾਂਚ ਕਰਵਾਏ ਗੈਰ-ਜ਼ਿੰਮੇਦਾਰਾਨਾ ਬਿਆਨ ਦਿੰਦੇ ਹੋਏ ਬੇਬੁਨਿਆਦ ਦੋਸ਼ ਲਗਾਉਂਦਾ ਹੈ। ਪਾਕਿਸਤਾਨ ਨੇ ਦੋਸ਼ ਲਗਾਇਆ ਕਿ ਕਸ਼ਮੀਰ 'ਚ ਚੱਲ ਰਹੇ 'ਹਥਿਆਰਬੰਦ ਵਿਧਰੋਹ' ਨੂੰ ਕੰਟਰੋਲ ਕਰਨ ਦੀਆਂ ਕੋਸ਼ਿਸ਼ਾਂ 'ਚ ਕੀਤੀ ਜਾ ਰਹੀ ਕਰੂਰਤਾ ਤੋਂ ਧਿਆਨ ਹਟਾਉਣ ਲਈ ਭਾਰਤ ਅਜਿਹੇ ਦੋਸ਼ ਲਗਾ ਰਿਹਾ ਹੈ। ਇਸ ਤੋਂ ਇਲਾਵਾ ਪਾਕਿਸਤਾਨ ਨੇ ਕੰਟਰੋਲ ਲਾਈਨ ਪਾਰ ਕਰਕੇ ਕਿਸੇ ਵੀ ਕਾਰਵਾਈ ਨੂੰ ਲੈ ਕੇ ਵੀ ਚਿਤਾਵਨੀ ਦਿੱਤੀ ਹੈ।
ਪਾਕਿਸਤਾਨ ਨੇ ਕਿਹਾ ਹੈ ਕਿ ਸਾਨੂੰ ਭਰੋਸਾ ਹੈ ਕਿ ਕਸ਼ਮੀਰ 'ਚ ਤਸੀਹੇ ਤੇ ਮਨੁੱਖੀ ਅਧਿਕਾਰਾਂ ਦੇ ਉਲੰਘਣ ਨੂੰ ਰੋਕਣ ਦੇ ਲਈ ਅੰਤਰਰਾਸ਼ਟਰੀ ਭਾਈਚਾਰਾ ਭਾਰਤ 'ਤੇ ਦਬਾਅ ਬਣਾਏਗਾ। ਭਾਰਤ ਵਲੋਂ ਹਮੇਸ਼ਾ ਪਾਕਿਸਤਾਨ 'ਚ ਅੱਤਵਾਦੀਆਂ ਨੂੰ ਟ੍ਰੇਨਿੰਗ ਕਰਵਾਉਣ ਤੇ ਕੰਟਰੋਲ ਲਾਈਨ ਰਾਹੀਂ ਜੰਮੂ-ਕਸ਼ਮੀਰ 'ਚ ਦਾਖਲ ਹੋਣ ਦੀ ਗੱਲ ਕਹੀ ਜਾਂਦੀ ਹੈ। ਜੰਮੂ ਕਸ਼ਮੀਰ ਦੇ ਡੀਜੀਪੀ ਦੇ ਮੁਤਾਬਕ ਸੁਰੱਖਿਆ ਏਜੰਸੀਆਂ ਨੂੰ ਅੱਤਵਾਦੀਆਂ ਨਾਲ ਗੱਲਬਾਤ ਰਿਕਾਰਡ ਕਰਨ 'ਚ ਸਫਲਤਾ ਮਿਲੀ ਹੈ ਤੇ ਸਾਰੇ ਇਸ਼ਾਰੇ ਜੈਸ਼ ਦੇ ਵੱਲ ਹਨ।


Related News