ਪਾਕਿ ਨੇ ਕਸ਼ਮੀਰ ਮੁੱਦੇ ''ਤੇ ਸੰਯੁਕਤ ਰਾਸ਼ਟਰ ਨੂੰ ਆਪਣੀ ਭੂਮਿਕਾ ਨਿਭਾਉਣ ਦੀ ਕੀਤੀ ਅਪੀਲ

04/10/2018 9:47:42 PM

ਬੀਜਿੰਗ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਨੇ ਮੰਗਲਵਾਰ ਨੂੰ ਚੀਨ 'ਚ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਟੇਰੇਸ ਨਾਲ ਮੁਲਾਕਾਤ ਕੀਤੀ ਤੇ ਮੰਗ ਕੀਤੀ ਕਿ ਵਿਸ਼ਵ ਪੱਧਰੀ ਸੰਸਥਾ ਕਸ਼ਮੀਰ ਮੁੱਦੇ 'ਤੇ ਆਪਣੀ ਭੂਮਿਕਾ ਨਿਭਾਏ। ਅੱਬਾਸੀ ਨੇ ਨਵੀਂ ਦਿੱਲੀ 'ਤੇ ਬਗੈਰ ਕਿਸੇ ਉਕਸਾਵੇ ਦੇ ਜੰਗਬੰਦੀ ਦਾ ਉਲੰਘਣ ਕਰਨ ਦਾ ਦੋਸ਼ ਲਾਇਆ ਤੇ ਚਿਤਾਵਨੀ ਦਿੱਤੀ ਕਿ ਇਸ ਨਾਲ ਕੰਟਰੋਲ ਲਾਈਨ ਦੇ ਨੇੜੇ ਹਾਲਾਤ ਖਤਰਨਾਕ ਰੂਪ ਲੈ ਸਕਦੇ ਹਨ।
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਦਫਤਰ ਵਲੋਂ ਜਾਰੀ ਇਕ ਅਧਿਕਾਰਿਕ ਬਿਆਨ ਦੇ ਮੁਤਾਬਕ ਅੱਬਾਸੀ ਨੇ ਦੱਖਣੀ ਚੀਨ ਦੇ ਸ਼ਹਿਰ ਬੋਆਓ 'ਚ ਹੋ ਰਹੇ ਬੋਆਓ ਫੋਰਮ ਫਾਰ ਏਸ਼ੀਆ 'ਚ ਗੁਟੇਰੇਸ ਨਾਲ ਮੁਲਾਕਾਤ ਕੀਤੀ। ਬਿਆਨ ਦੇ ਮੁਤਾਬਕ ਅੱਬਾਸੀ ਨੇ ਕਸ਼ਮੀਰ 'ਚ ਵਿਗੜਦੇ ਹਾਲਾਤਾਂ 'ਤੇ ਗੰਭੀਰ ਚਿੰਤਾ ਜਤਾਈ। ਉਨ੍ਹਾਂ ਨੇ ਭਾਰਤੀ ਸੁਰੱਖਿਆ ਬਲਾਂ ਵਲੋਂ ਪੈਲੇਟ ਗਨ ਦੀ ਵਰਤੋਂ ਦੇ ਬਾਰੇ ਵੀ ਜਨਰਲ ਸਕੱਤਰ ਨੂੰ ਜਾਣਕਾਰੀ ਦਿੱਤੀ।
ਅੱਬਾਸੀ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਸਤਾਵਾਂ ਤੇ ਕਸ਼ਮੀਰੀ ਲੋਕਾਂ ਦੀਆਂ ਉਮੀਦਾਂ ਦੇ ਮੁਤਾਬਕ ਪਾਕਿਸਤਾਨ ਇਸ ਵਿਵਾਦ ਦਾ ਨਿਆਪੂਰਨ ਤੇ ਸ਼ਾਂਤੀ ਪੂਰਨ ਹੱਲ ਚਾਹੁੰਦਾ ਹੈ। ਬਿਆਨ ਦੇ ਮੁਤਾਬਕ ਅੱਬਾਸੀ ਨੇ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ ਕਿ ਉਹ ਕਸ਼ਮੀਰੀਆਂ 'ਤੇ ਭਾਰਤੀ ਕਾਰਵਾਈ ਰੋਕਣ 'ਚ ਆਪਣੀ ਭੂਮਿਕਾ ਨਿਭਾਵੇ।


Related News