ਭਾਰਤ ਨਾਲ ਵੱਧ ਰਹੇ ਤਣਾਅ ਨੂੰ ਘੱਟ ਕਰਨ ਲਈ ਪਾਕਿ ਦੀ UN ਨੂੰ ਅਪੀਲ

02/19/2019 1:30:12 PM

ਇਸਲਾਮਾਬਾਦ (ਭਾਸ਼ਾ)— ਜੰਮੂ-ਕਸ਼ਮੀਰ ਦੇ ਪੁਲਵਾਮਾ ਵਿਚ ਹੋਏ ਅੱਤਵਾਦੀ ਹਮਲੇ ਦੇ ਬਾਅਦ ਭਾਰਤ-ਪਾਕਿਸਤਾਨ ਵਿਚਕਾਰ ਤਣਾਅ ਵੱਧਦਾ ਜਾ ਰਿਹਾ ਹੈ। ਇਸ ਵੱਧ ਰਹੇ ਤਣਾਅ ਨੂੰ ਘੱਟ ਕਰਨ ਲਈ ਪਾਕਿਸਤਾਨ ਨੇ ਸੰਯੁਕਤ ਰਾਸ਼ਟਰ ਨੂੰ ਤੁਰੰਤ ਦਖਲ ਦੇਣ ਦੀ ਅਪੀਲ ਕੀਤੀ ਹੈ। ਪਾਕਿਸਤਾਨ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ ਦੇਸ਼ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਸੰਯੁਕਤ ਰਾਸ਼ਟਰ ਜਨਰਲ ਸਕੱਤਰ ਐਂਟੋਨਿਓ ਗੁਤਾਰੇਸ ਨੂੰ ਸੋਮਵਾਰ ਨੂੰ ਚਿੱਠੀ ਭੇਜ ਕੇ ਦੋਹਾਂ ਦੇਸ਼ਾਂ ਵਿਚਕਾਰ ਤਣਾਅ ਘੱਟ ਕਰਨ ਵਿਚ ਉਨ੍ਹਾਂ ਦੀ ਮਦਦ ਮੰਗੀ। 

ਜ਼ਿਕਰਯੋਗ ਹੈ ਕਿ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ 14 ਫਰਵਰੀ ਨੂੰ ਹੋਏ ਆਤਮਘਾਤੀ ਹਮਲੇ ਵਿਚ ਫੌਜ ਦੇ ਕਰੀਬ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੀ ਜ਼ਿੰਮੇਵਾਰੀ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਨੇ ਲਈ ਹੈ। ਇਸ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਵੱਧ ਗਿਆ ਹੈ। ਦੋਹਾਂ ਨੇ ਆਪਣੇ-ਆਪਣੇ ਹਾਈ ਕਮਿਸ਼ਨਰਾਂ ਨੂੰ ਵਾਪਸ ਬੁਲਾ ਲਿਆ ਹੈ। ਕੁਰੈਸ਼ੀ ਨੇ ਆਪਣੀ ਚਿੱਠੀ ਵਿਚ ਲਿਖਿਆ,''ਮੈਂ ਭਾਰਤ ਵੱਲੋਂ ਪਾਕਿਸਤਾਨ ਵਿਰੁੱਧ ਸ਼ਕਤੀ ਵਰਤੋਂ ਦੇ ਖਤਰੇ ਦੇ ਕਾਰਨ ਸਾਡੇ ਖੇਤਰ ਵਿਚ ਖਰਾਬ ਹੋ ਰਹੇ ਸੁਰੱਖਿਆ ਮਾਹੌਲ ਵੱਲ ਤੁਹਾਡਾ ਧਿਆਨ ਖਿੱਚਣਾ ਚਾਹੁੰਦਾ ਹਾਂ।'' 

ਭਾਰਤ ਨੇ ਕਸ਼ਮੀਰ ਮਾਮਲੇ 'ਤੇ ਕਿਸੇ ਵੀ ਤੀਜੇ ਪੱਖ ਦੀ ਦਖਲ ਅੰਦਾਜ਼ੀ ਨੂੰ ਰੱਦ ਕਰ ਦਿੱਤਾ ਹੈ। ਭਾਰਤ ਦਾ ਕਹਿਣਾ ਹੈ ਕਿ ਭਾਰਤ-ਪਾਕਿਸਤਾਨ ਦੇ ਸੰਬੰਧਾਂ ਨਾਲ ਜੁੜੇ ਮਾਮਲਿਆਂ ਨੂੰ ਦੋ-ਪੱਖੀ ਤਰੀਕੇ ਨਾਲ ਹੱਲ ਕੀਤਾ ਜਾਣਾ ਚਾਹੀਦਾ ਹੈ। ਕੁਰੈਸ਼ੀ ਨੇ ਅਪੀਲ ਕੀਤੀ ਕਿ ਇਹ ਚਿੱਠੀ ਸੁਰੱਖਿਆ ਪਰੀਸ਼ਦ ਅਤੇ ਮਹਾਸਭਾ ਦੇ ਮੈਂਬਰਾਂ ਕੋਲ ਵੀ ਭੇਜੀ ਜਾਵੇ।


Vandana

Content Editor

Related News