ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਨਾਲ ਬੈਠਕ ਕਰੇਗਾ ਪਾਕਿਸਤਾਨ
Wednesday, Sep 08, 2021 - 02:56 PM (IST)
ਇਸਲਾਮਾਬਾਦ (ਭਾਸ਼ਾ): ਅਫਗਾਨਿਸਤਾਨ ਦੇ ਗੁਆਂਢੀ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਪਾਕਿਸਤਾਨ ਬੁੱਧਵਾਰ ਨੂੰ ਆਨਲਾਈਨ ਬੈਠਕ ਕਰੇਗਾ ਅਤੇ ਯੁੱਧ ਪ੍ਰਭਾਵਿਤ ਦੇਸ਼ ਦੇ ਵਰਤਮਾਨ ਹਾਲਾਤ 'ਤੇ ਚਰਚਾ ਕਰੇਗਾ। ਵਿਦੇਸ਼ ਦਫਤਰ ਨੇ ਇਹ ਜਾਣਕਾਰੀ ਦਿੱਤੀ। ਦਫਤਰ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ ਜਿਸ ਵਿਚ ਚੀਨ, ਈਰਾਨ, ਤਜਾਕਿਸਤਾਨ, ਤੁਰਕਮੇਨਿਸਤਾਨ ਅਤੇ ਉਜ਼ਬੇਕਿਸਤਾਨ ਸ਼ਾਮਲ ਹੋਣਗੇ।
ਪੜ੍ਹੋ ਇਹ ਅਹਿਮ ਖਬਰ -ਤਾਲਿਬਾਨ ਸਰਕਾਰ ਦਾ ਫਰਮਾਨ, ਕਿਹਾ-'ਸ਼ਰੀਆ ਕਾਨੂੰਨ ਨਾਲ ਚੱਲੇਗਾ ਦੇਸ਼, ਹੁਣ ਕੋਈ ਦੇਸ਼ ਨਾ ਛੱਡੇ'
ਅਫਗਾਨ ਮੁੱਦੇ 'ਤੇ ਵਿਦੇਸ਼ ਮੰਤਰੀ ਪੱਧਰ ਦੀ ਇਹ ਬੈਠਕ ਪਾਕਿਸਤਾਨ ਦੇ ਸੱਦੇ 'ਤੇ ਹੋ ਰਹੀ ਹੈ। ਵਿਦੇਸ਼ ਦਫਤਰ ਨੇ ਕਿਹਾ,''ਬੈਠਕ ਵਿਚ ਅਫਗਾਨਿਸਤਾਨ ਵਿਚ ਪੈਦਾ ਹੋ ਰਹੇ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ ਤਾਂ ਜੋ ਸਾਂਝੀਆਂ ਚੁਣੌਤੀਆਂ ਨਾਲ ਨਜਿੱਠਿਆ ਜਾ ਸਕੇ। ਨਾਲ ਹੀ ਖੇਤਰੀ ਸਥਿਰਤਾ ਅਤੇ ਖੁਸ਼ਹਾਲੀ ਯਕੀਨੀ ਕਰਨ ਲਈ ਉਭਰ ਰਹ ਮੌਕਿਆਂ ਦੀ ਵੀ ਪਛਾਣ ਕਰਨ 'ਤੇ ਗੱਲਬਾਤ ਹੋਵੇਗੀ।'' ਆਸ ਕੀਤੀ ਜਾ ਰਹੀ ਹੈਕਿ ਇਹ ਬੈਠਕ ਅਫਗਾਨਿਸਤਾਨ ਦੇ ਗੁਆਂਢੀਆਂ ਨੂੰ ਸ਼ਾਂਤੀਪੂਰਨ ਅਤੇ ਸਥਿਰ ਅਫਗਾਨਿਸਤਾਨ ਦੇ ਸਾਂਝੇ ਟੀਚਿਆਂ ਨੂੰ ਪ੍ਰਾਪਤ ਕਰਨ ਦੇ ਮੌਕੇ ਪ੍ਰਦਾਨ ਕਰੇਗੀ ਜੋ ਮਜ਼ਬੂਤ ਆਰਥਿਕ ਸੰਬੰਧਾਂ ਲਈ ਅਹਿਮ ਹੈ। ਇਹ ਬੈਠਕ 5 ਸਤੰਬਰ ਨੂੰ ਹੋਈ ਵਿਸ਼ੇਸ਼ ਪ੍ਰਤੀਨਿਧੀਆਂ ਜਾਂ ਰਾਜਦੂਤ ਪੱਧਰ ਦੀ ਚਰਚਾ ਨੂੰ ਹੀ ਅੱਗੇ ਵਧਾਏਗੀ।