''ਦੁਨੀਆ ਲਈ ਪਾਕਿਸਤਾਨ ਸਭ ਤੋਂ ਖਤਰਨਾਕ ਦੇਸ਼''
Thursday, Feb 16, 2017 - 02:49 PM (IST)

ਵਾਸ਼ਿੰਗਟਨ— ਅਮਰੀਕਾ ਦੀ ਕੇਂਦਰੀ ਖੁਫੀਆ ਏਜੰਸੀ (ਸੀ. ਆਈ. ਏ.) ਦੇ ਇਕ ਸਾਬਕਾ ਅਧਿਕਾਰੀ ਨੇ ਕਿਹਾ ਕਿ ਪਾਕਿਸਤਾਨ ਦੁਨੀਆ ਲਈ ਸਭ ਤੋਂ ਖਤਰਨਾਕ ਦੇਸ਼ ਹੈ। ਉਨ੍ਹਾਂ ਨੇ ਪਾਕਿਸਤਾਨ ਦੀ ਡਿੱਗਦੀ ਅਰਥਵਿਵਸਥਾ, ਉੱਥੇ ਫੈਲੇ ਅੱਤਵਾਦ ਅਤੇ ਤੇਜ਼ੀ ਨਾਲ ਵਧਦੇ ਪਰਮਾਣੂੰ ਹਥਿਆਰਾਂ ਵਾਲੇ ਦੇਸ਼ ''ਚ ਸ਼ਾਮਲ ਹੋਣ ਤੋਂ ਪੈਦਾ ਹੋਏ ਖਤਰੇ ਦਾ ਹਵਾਲਾ ਦਿੱਤਾ। ਇਸਲਾਮਾਬਾਦ ''ਚ ਸੀ. ਆਈ. ਏ. ਦੇ ਸਾਬਕਾ ਸਟੇਸ਼ਨ ਮੁਖੀ ਕੇਵਿਨ ਹਲਬਰਟ ਨੇ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦੇ ਫੇਲ ਹੋਣ ਕਾਰਨ ਦੁਨੀਆ ਲਈ ਵੱਡੀ ਪਰੇਸ਼ਾਨੀ ਖੜ੍ਹੀ ਹੋਵੇਗੀ। ਹਲਬਰਟ ਨੇ ਕਿਹਾ ਕਿ ਪਾਕਿਸਤਾਨ ਇਕ ਅਜਿਹੇ ਬੈਂਕ ਵਾਂਗ ਹੈ, ਜੋ ਇੰਨਾ ਵੱਡਾ ਹੈ ਕਿ ਫੇਲ ਨਹੀਂ ਹੋਣਾ ਚਾਹੀਦਾ, ਜੇਕਰ ਉਸ ਨੂੰ ਫੇਲ ਹੋਣ ਦਿੱਤਾ ਗਿਆ ਤਾਂ ਇਸ ਦਾ ਦੁਨੀਆ ਦੀ ਅਰਥਵਿਵਸਥਾ ''ਤੇ ਵਿਨਾਸ਼ਕਾਰੀ ਅਸਰ ਪੈ ਸਕਦਾ ਹੈ।
ਉਨ੍ਹਾਂ ਅੱਗੇ ਕਿਹਾ, ''''ਸਾਡੇ ਕੋਲ 3.3 ਕਰੋੜ ਦੀ ਆਬਾਦੀ ਵਾਲੇ ਅਫਗਾਨਿਸਤਾਨ ''ਚ ਵੱਡੀਆਂ ਸਮੱਸਿਆਵਾਂ ਹਨ ਪਰ ਪਾਕਿਸਤਾਨ ''ਚ ਕਰੀਬ 18.2 ਕਰੋੜ ਨਾਗਰਿਕ ਹਨ, ਜੋ ਅਫਗਾਨਿਸਤਾਨ ਦੀ ਆਬਾਦੀ ਦਾ ਕਰੀਬ 5 ਗੁਣਾ ਜ਼ਿਆਦਾ ਹੈ। ਡਿੱਗਦੀ ਅਰਥਵਿਵਸਥਾ, ਉੱਥੇ ਫੈਲੇ ਅੱਤਵਾਦ, ਸਭ ਤੋਂ ਤੇਜ਼ੀ ਨਾਲ ਵਧਦੇ ਪਰਮਾਣੂੰ ਹਥਿਆਰ, 6ਵੀਂ ਸਭ ਤੋਂ ਵੱਡੀ ਆਬਾਦੀ ਅਤੇ ਦੁਨੀਆ ''ਚ ਸਭ ਤੋਂ ਉੱਚੀ ਜਨਮ ਦਰ ਵਾਲੇ ਦੇਸ਼ਾਂ ''ਚੋਂ ਇਕ ਪਾਕਿਸਤਾਨ ਗੰਭੀਰ ਚਿੰਤਾ ਦਾ ਵਿਸ਼ਾ ਹੈ।'''' ਹਲਬਰਟ ਨੇ ਕਿਹਾ, ''''ਅੱਜ ਪਾਕਿਸਤਾਨ ''ਚ ਕਾਫੀ ਕੁਝ ਕੀਤਾ ਜਾਣਾ ਬਾਕੀ ਹੈ ਪਰ ਜੇਕਰ ਅਸੀਂ ਉਸ ਨੂੰ ਅਲੱਗ-ਥਲੱਗ ਕਰਨ ਜਾਂ ਪਾਬੰਦੀ ਲਾਉਣ ਦੀ ਰਣਨੀਤੀ ਅਪਣਾਉਂਦੇ ਰਹੇ ਤਾਂ ਇਸ ਨਾਲ ਹਾਲਾਤ ਹੋਰ ਖਰਾਬ ਹੋ ਜਾਣਗੇ।'''' ਉਨ੍ਹਾਂ ਅੱਗੇ ਕਿਹਾ ਕਿ ਅਫਗਾਨਿਸਤਾਨ ''ਚ ਅੱਜ ਇਕੋ-ਇਕ ਅਸਲੀ ਮਕਸਦ ਦੇਸ਼ ਨੂੰ ਤਾਲਿਬਾਨ ਦੇ ਹੱਥਾਂ ''ਚ ਜਾਣ ਤੋਂ ਰੋਕਣਾ ਅਤੇ ਅਫਗਾਨਿਸਤਾਨ ਨੂੰ ਅੱਤਵਾਦੀਆਂ ਲਈ ਸ਼ਰਣਸਥਲੀ ਬਣਨ ਤੋਂ ਰੋਕਣਾ ਹੈ, ਜੋ ਪੱਛਮੀ ਦੇਸ਼ਾਂ ਵਿਰੁੱਧ ਹਮਲੇ ਦੀ ਸਾਜਿਸ਼ ਰੱਚ ਸਕਦੇ ਹਨ।