ਪਾਕਿ ਦੇ ਨਾਪਾਕ ਇਰਾਦੇ, ਹਿੰਦੂ ਮੰਦਿਰ ਨੂੰ ਬਣਾਇਆ ਸਕੂਲ, ਹੁਣ ਬਿਲਡਿੰਗ ਦੀ ਹਾਲਤ ਵੀ ਹੋਈ ਖ਼ਸਤਾ

Wednesday, May 19, 2021 - 01:21 PM (IST)

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੇ ਖੈਬਰ-ਪਖਤੂਨਵਾ ਸੂਬੇ ਦੇ ਲੱਕੀ ਮਰਵਤ ਸ਼ਹਿਰ ’ਚ ਸਥਿਤ ਇਕ ਪ੍ਰਾਇਮਰੀ ਸਕੂਲ, ਜੋ ਕਦੀ ਹਿੰਦੂ ਮੰਦਿਰ ਹੋਇਆ ਕਰਦਾ ਸੀ, ਇਸ ਸਮੇਂ ਬਹੁਤ ਬਦਤਰ ਹਾਲਤ ’ਚ ਹੈ। ਪਾਕਿਸਤਾਨੀ ਮੀਡੀਆ ਦੀ ਰਿਪੋਰਟ ਅਨੁਸਾਰ ਸਕੂਲ ਦੇ ਭਵਨ ਦੀ ਇੰਨੀ ਖਸਤਾ ਹਾਲਤ ’ਚ ਹੈ ਕਿ ਕਦੀ ਵੀ ਡਿੱਗ ਸਕਦਾ ਹੈ। ਸਥਾਨਕ ਲੋਕਾਂ ਨੇ ਸੂਬਾਈ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਇਸ ਇਤਿਹਾਸ ਪੱਖੋਂ ਮਹੱਤਵਪੂਰਨ ਇਮਾਰਤ ਦਾ ਪੁਨਰ-ਨਿਰਮਾਣ ਕੀਤਾ ਜਾਵੇ। ਇਕ ਅਖਬਾਰ ਦੀ ਰਿਪੋਰਟ ਅਨੁਸਾਰ ਸਕੂਲ ਦੇ ਮੁੱਖ ਅਧਿਆਪਕ ਫਜ਼ਲ ਰਹਿਮਾਨ ਨੇ ਕਿਹਾ ਕਿ ਦੇਖਭਾਲ ਦੀ ਘਾਟ ਕਾਰਨ ਮੰਦਿਰ ਦੇ ਪਹਿਲੇ ਦੋ ਕਮਰੇ ਬਹੁਤ ਬਦਤਰ ਹਾਲਤ ’ਚ ਹਨ ਤੇ ਕਦੇ ਵੀ ਡਿੱਗ ਸਕਦੇ ਹਨ। ਉਥੇ ਹੀ ਸਕੂਲ ਦੇ ਲਈ ਚਾਰ ਕਮਰੇ ਬਣੇ ਹਨ, ਜਿਨ੍ਹਾਂ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਇਤਿਹਾਸਕ ਪੱਖੋਂ ਮਹੱਤਵਪੂਰਨ ਇਮਾਰਤ ਹੈ ਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਦੀ ਸੁਰੱਖਿਆ ਹੋਣੀ ਚਾਹੀਦੀ ਹੈ।

ਹਿੰਦੂ ਮੰਦਿਰਾਂ ਦੀ ਹਾਲਤ ਸਬੰਧੀ ਸਥਾਨਕ ਹਿੰਦੂ ਨੇ ਦੱਸੀ ਸੱਚਾਈ
ਇਕ ਸਥਾਨਕ ਹਿੰਦੂ ਆਕਾਸ਼ ਅਜੀਤ ਨੇ ਦੱਸਿਆ ਕਿ ਭਾਰਤ ਤੇ ਪਾਕਿਸਤਾਨ ਦੀ ਵੰਡ ਹੋਣ ਤੋਂ ਪਹਿਲਾਂ ਲੱਕੀ ਮਰਵਤ ਸ਼ਹਿਰ ’ਚ 4 ਹਿੰਦੂ ਮੰਦਰ ਸਨ ਪਰ ਵੰਡ ਤੋਂ ਬਾਅਦ ਜਦੋਂ ਭਾਈਚਾਰੇ ਦੇ ਲੋਕ ਭਾਰਤ ਨੂੰ ਹਿਜਰਤ ਕਰਨ ਲੱਗੇ ਤਾਂ ਇਨ੍ਹਾਂ ਦਾ ਧਿਆਨ ਰੱਖਣ ਵਾਲਾ ਕੋਈ ਨਹੀਂ ਬਚਿਆ। ਹੁਣ ਇਨ੍ਹਾਂ ’ਚੋਂ ਤਿੰਨ ਇਤਿਹਾਸਕ ਮੰਦਿਰ ਤਬਾਹ ਹੋ ਚੁੱਕੇ ਹਨ। ਇਕ ਮੰਦਿਰ ਬਚਿਆ ਰਿਹਾ ਕਿਉਂਕਿ ਉਸ ਦੀ ਵਰਤੋਂ ਸਕੂਲ ਲਈ ਹੋਣ ਲੱਗੀ ਪਰ ਉਸ ਦੀ ਹਾਲਤ ਵੀ ਬਹੁਤ ਖਸਤਾ ਹੈ। ਆਕਾਸ਼ ਅਜੀਤ ਨੇ ਦੱਸਿਆ ਕਿ ਇਸ ਮੰਦਿਰ ਦਾ ਨਿਰਮਾਣ ਸਾਲ 1870 ’ਚ ਕੀਤਾ ਗਿਆ ਸੀ ਪਰ ਇਸ ਦੀ ਰਜਿਸਟ੍ਰੇਸ਼ਨ 1902 ’ਚ ਕਰਵਾਈ ਗਈ ਸੀ। ਉਨ੍ਹਾਂ ਕਿਹਾ ਭਾਈਚਾਰੇ ਨੇ ਆਖਿਰ 1902 ’ਚ ਇਸ ਨੂੰ ਮੰਦਿਰ ਦੇ ਤੌਰ ’ਤੇ ਰਜਿਸਟਰਡ ਕਰਵਾਇਆ। ਇਸ ਦੇ ਪੁਰਾਣੇ ਕਮਰਿਆਂ ਦੀ ਵਰਤੋਂ ਕਲਾਸਾਂ ਲਾਉਣ ਲਈ ਹੁੰਦੀ ਸੀ ਪਰ ਬਾਅਦ ’ਚ 4 ਨਵੇਂ ਕਮਰੇ ਬਣਵਾਏ ਗਏ ਤੇ ਉਨ੍ਹਾਂ ਦੋਵਾਂ ਕਮਰਿਆਂ ਨੂੰ ਬੰਦ ਕਰ ਦਿੱਤਾ ਗਿਆ ਸੀ। 


Manoj

Content Editor

Related News