ਪਾਕਿਸਤਾਨ ਦੀ ਸੁਪਰੀਮ ਕੋਰਟ ਦਾ ਸਿੱਖਾਂ ਦੇ ਹੱਕ 'ਚ ਵੱਡਾ ਫੈਸਲਾ, ਲੋਕਾਂ 'ਚ ਖੁਸ਼ੀ ਦੀ ਲਹਿਰ
Friday, Oct 26, 2018 - 12:30 PM (IST)
ਇਸਲਾਮਾਬਾਦ (ਏਜੰਸੀ)— ਪਾਕਿਸਤਾਨ ਮੁਸਲਮਾਨ ਬਹੁਲਤਾ ਵਾਲਾ ਦੇਸ਼ ਹੈ, ਜਿੱਥੇ ਸਿੱਖ ਘੱਟ ਗਿਣਤੀ 'ਚ ਹਨ। ਇੱਥੇ ਜਨਗਣਨਾ ਸੂਚੀ 'ਚ ਸਿੱਖ ਭਾਈਚਾਰੇ ਨੂੰ ਸ਼ਾਮਲ ਕੀਤੇ ਜਾਣ ਦੇ ਹੱਕ 'ਚ ਸੁਪਰੀਮ ਕੋਰਟ ਨੇ ਵੱਡਾ ਫੈਸਲਾ ਸੁਣਾਇਆ ਹੈ। ਸੁਪਰੀਮ ਕੋਰਟ ਨੇ ਹੁਕਮ ਦਿੱਤਾ ਕਿ ਜਨਗਣਨਾ ਦੇ ਨਵੇਂ ਫਾਰਮਾਂ 'ਚ ਸਿੱਖ ਧਰਮ ਦਾ ਵੱਖਰਾ ਕਾਲਮ ਪ੍ਰਕਾਸ਼ਿਤ ਜਾਵੇਗਾ। ਮੀਆਂ ਸਾਕਿਬ ਨਿਸਾਰ ਦੇ ਨਿਰਦੇਸ਼ਾਂ ਹੇਠ ਜੱਜ ਇਜਾਜਉੱਲ ਹਸਨ ਨੇ ਸਿੱਖਾਂ ਦੇ ਹੱਕ 'ਚ ਫੈਸਲਾ ਸੁਣਾਇਆ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਅਗਲੀ ਜਨਗਣਨਾ ਦੌਰਾਨ ਧਰਮ ਦੇ ਕਾਲਮ ਨੰਬਰ 6 'ਚ ਸਿੱਖ ਧਰਮ ਨੂੰ ਵੀ ਦਰਜ ਕੀਤਾ ਜਾਵੇਗਾ। ਇਸ ਫੈਸਲੇ ਨੂੰ ਸੁਣਦਿਆਂ ਹੀ ਇੱਥੇ ਰਹਿੰਦੇ ਸਿੱਖਾਂ 'ਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਨੇ ਭੰਗੜੇ ਪਾ ਕੇ ਇਸ ਫੈਸਲੇ ਦਾ ਸਵਾਗਤ ਕੀਤਾ।

ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੀ ਮੌਜੂਦਾ ਜਨਗਣਨਾ ਸੂਚੀ 'ਚ ਸਿੱਖ ਧਰਮ ਦਾ ਵੱਖਰਾ ਕਾਲਮ ਪ੍ਰਕਾਸ਼ਿਤ ਨਹੀਂ ਕੀਤਾ ਗਿਆ। ਜਿਸ ਕਾਰਨ ਜਨਗਣਨਾ ਮੌਕੇ ਸਿੱਖ ਭਾਈਚਾਰੇ ਨੂੰ ਵੱਖਰੇ ਧਰਮ ਵਜੋਂ ਲਿਖਣ ਦੀ ਥਾਂ ਕਾਲਮ ਨੰਬਰ 6 'ਚ ਹੋਰਨਾਂ ਦੀ ਸ਼੍ਰੇਣੀ 'ਚ ਰੱਖਿਆ ਜਾਂਦਾ ਹੈ। ਸਿੱਖਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਨ੍ਹਾਂ ਦੇ ਹੱਕ 'ਚ ਇਹ ਕਦਮ ਚੁੱਕਿਆ ਗਿਆ ਹੈ। ਇਸ ਤਰ੍ਹਾਂ ਪਾਕਿਸਤਾਨ 'ਚ ਰਹਿਣ ਵਾਲੇ ਸਿੱਖਾਂ ਦੀ ਗਿਣਤੀ ਬਾਰੇ ਵੀ ਸਹੀ ਜਾਣਕਾਰੀ ਮਿਲ ਸਕੇਗੀ। ਤੁਹਾਨੂੰ ਦੱਸ ਦਈਏ ਕਿ ਸਿੱਖਾਂ ਨੂੰ ਇਕ ਹੋਰ ਵੱਡੀ ਖੁਸ਼ਖਬਰੀ ਮਿਲੀ ਹੈ ਕਿ ਉਨ੍ਹਾਂ ਨੂੰ ਦੋ ਪਹੀਆ ਵਾਹਨ ਚਲਾਉਂਦੇ ਸਮੇਂ ਹੈਲਮਟ ਲੈਣ ਤੋਂ ਛੋਟ ਮਿਲ ਗਈ ਹੈ।
