ਪਾਕਿ ਵਿਦੇਸ਼ ਮੰਤਰੀ ਨੇ ਤੋੜਿਆ 'ਸਮਾਜਿਕ ਦੂਰੀ' ਦਾ ਨਿਯਮ, ਥਾਣੇਦਾਰ ਨੂੰ ਧਮਕਾਇਆ (ਵੀਡੀਓ)
Tuesday, Apr 21, 2020 - 03:41 PM (IST)

ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਕੋਵਿਡ-19 ਮਹਾਮਾਰੀ ਦਾ ਪ੍ਰਕੋਪ ਘੱਟ ਕਰਨ ਲਈ ਲਾਕਡਾਊਨ ਲਗਾਇਆ ਗਿਆ ਹੈ। ਇਸ ਲਾਕਡਾਊਨ ਦੀ ਉਲੰਘਣਾ ਦੇਸ਼ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਵੱਲੋਂ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।ਜਾਣਕਾਰੀ ਮੁਤਾਬਕ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਮੁਲਤਾਨ ਵਿਚ ਕੋਰੋਨਾਵਾਇਰਸ ਨਾਲ ਨਜਿੱਠਣ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਨਿਕਲੇ। ਇਸ ਦੌਰਾਨ ਉਹਨਾਂ ਦੇ ਨਾਲ ਲੋਕਾਂ ਦੀ ਕਾਫੀ ਭੀੜ ਸੀ। ਇਹ ਭੀੜ ਕੁਝ ਇਸ ਤਰ੍ਹਾਂ ਸੀ ਜਿਵੇਂ ਉਹ ਕਿਸੇ ਚੋਣ ਦੇ ਪ੍ਰਚਾਰ ਲਈ ਹੋਵੇ। ਇਸ ਦੌਰਾਨ ਇਹ ਲੋਕ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਦੇ ਨਹੀਂ ਦਿਸੇ। ਇਸ ਸਬੰਧੀ ਕੁਰੈਸ਼ੀ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿਚ ਉਹ ਥਾਣਾ ਇੰਚਾਰਜ਼ 'ਤੇ ਭੜਕਦੇ ਦਿਸ ਰਹੇ ਹਨ।
Shah Mehmood Qureshi threatening a SHO in Multan: "Gardan se pakr k nikal du ga", "kaam karna hai karo warna na karo".
— Naila Inayat नायला इनायत (@nailainayat) April 20, 2020
This man is the foreign minister of Pakistan and a PM-aspirant forever. pic.twitter.com/BkMbKOr05j
ਕੁਰੈਸ਼ੀ ਥਾਣਾ ਇੰਚਾਰਜ਼ ਨੂੰ ਡਾਂਟਦੇ ਹੋਏ ਕਹਿੰਦੇ ਹਨ,''ਕੰਮ ਕਰਨਾ ਹੈ ਤਾਂ ਕਰੋ ਨਹੀਂ ਕਰਨਾ ਤਾਂ ਨਾ ਕਰੋ ਪਰ ਬਦਤਮੀਜ਼ੀ ਨਾ ਕਰੋ। ਤੁਹਾਡਾ ਆਈ.ਜੀ. ਵੀ ਆਵੇ ਤਾਂ ਵੀ ਤੁਹਾਨੂੰ ਥਾਣੇ ਤੋਂ ਚੁੱਕ ਕੇ ਲੈ ਜਾਵਾਂਗਾ।'' ਇਸ ਦੌਰਾਨ ਕੁਰੈਸ਼ੀ ਨੇ ਚਿਹਰੇ 'ਤੇ ਮਾਸਕ ਲਗਾਇਆ ਹੋਇਆ ਸੀ ਪਰ ਨਾਲ ਹੀ ਉਹਨਾਂ ਨਾਲ ਕੋਈ ਲੋਕ ਮੌਜੂਦ ਸਨ ਅਤੇ ਸਾਰੇ ਆਲੇ-ਦੁਆਲੇ ਹੀ ਖੜ੍ਹੇ ਸਨ।
ਪੜ੍ਹੋ ਇਹ ਅਹਿਮ ਖਬਰ- ਪਾਕਿ ਦੀ ਨਵੀਂ ਚਾਲ, FATF ਤੋਂ ਬਚਣ ਲਈ ਨਿਗਰਾਨੀ ਸੂਚੀ 'ਚੋਂ ਹਟਾਏ 1800 ਅੱਤਵਾਦੀਆਂ ਦੇ ਨਾਮ
ਇੱਥੇ ਦੱਸ ਦਈਏ ਕਿ ਪਾਕਿਸਤਾਨ ਵਿਚ 30 ਅਪ੍ਰੈਲ ਤੱਕ ਲਈ ਲਾਕਡਾਊਨ ਵਧਾ ਦਿੱਤਾ ਗਿਆ ਹੈ ਪਰ ਕਈ ਉਦਯੋਗਾਂ ਨੂੰ ਨੋ-ਰਿਸਕ ਸੂਚੀ ਵਿਚ ਪਾ ਕੇ ਖੋਲ੍ਹ ਦਿੱਤਾ ਗਿਆ ਹੈ। ਉੱਥੇ ਮਸਜਿਦਾਂ ਵਿਚ ਵੀ ਨਿਯਮਿਤ ਨਮਾਜ਼ ਦੀ ਇਜਾਜ਼ਤ ਦਿੱਤੀ ਗਈ ਹੈ ਜਿੱਥੇ ਭੀੜ ਦੇ ਇਕੱਠਾ ਹੋਣ 'ਤੇ ਰੋਕ ਨਹੀਂ ਹੋਵੇਗੀ। ਰਮਜ਼ਾਨ ਦੇ ਦੌਰਾਨ ਜੁਮੇ ਦੀ ਅਤੇ ਸ਼ਾਮ ਦੀ ਨਮਾਜ਼ ਦੇ ਸਮੇਂ ਵੀ ਲੋਕਾਂ ਦੀ ਭੀੜ ਲੱਗੇਗੀ ਜਿਸ ਸੰਬੰਧੀ ਐਲਾਨ ਖੁਦ ਰਾਸ਼ਟਰਪਤੀ ਆਰਿਫ ਅਲਵੀ ਨੇ ਮੌਲਵੀਆਂ ਨਾਲ ਗੱਲਬਾਤ ਦੇ ਬਾਅਦ ਕੀਤਾ ਹੈ।