ਪਾਕਿ : ਈਸ਼ਨਿੰਦਾ ''ਚ ਮੈਨੇਜਰ ਦਾ ਕਤਲ ਕਰਨ ਵਾਲਾ ਗਾਰਡ ਬਣਿਆ ''ਹੀਰੋ''
Thursday, Nov 05, 2020 - 06:05 PM (IST)
ਇਸਲਾਮਾਬਾਦ (ਬਿਊਰੋ): ਪਾਕਿਸਤਾਨ ਵਿਚ ਈਸ਼ਨਿੰਦਾ ਹਮੇਸ਼ਾ ਵੀ ਵਿਵਾਦਿਤ ਮੁੱਦਾ ਰਿਹਾ ਹੈ। ਈਸ਼ਨਿੰਦਾ ਕਰਨ ਦੇ ਅਪਰਾਧ ਵਿਚ ਲੋਕਾਂ ਨੂੰ ਅਕਸਰ ਜੇਲ੍ਹ ਭੇਜ ਦਿੱਤਾ ਜਾਂਦਾ ਹੈ ਜਾਂ ਫਿਰ ਮੌਤ ਦੀ ਸਜ਼ਾ ਸੁਣਾਈ ਜਾਂਦੀ ਹੈ। ਕਈ ਵਾਰ ਭੀੜ ਵੀ ਕਾਨੂੰਨ ਆਪਣੇ ਹੱਥ ਲੈ ਲੈਂਦੀ ਹੈ। ਅਜਿਹਾ ਹੀ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਬੁੱਧਵਾਰ ਨੂੰ ਇਕ ਗਾਰਡ ਨੇ ਕਥਿਤ ਈਸ਼ਨਿੰਦਾ ਨੂੰ ਲੈ ਕੇ ਬੈਂਕ ਮੈਨੇਜਰ ਨੂੰ ਗੋਲੀ ਮਾਰ ਕੇ ਉਸ ਦਾ ਕਤਲ ਕਰ ਦਿੱਤਾ। ਕੁਝ ਦਿਨ ਪਹਿਲਾਂ ਹੀ ਗਾਰਡ ਅਤੇ ਬੈਂਕ ਮੈਨੇਜਰ ਦੇ ਵਿਚ ਤਿੱਖੀ ਬਹਿਸ ਹੋਈ ਸੀ ਅਤੇ ਗਾਰਡ ਨੇ ਮੈਨੇਜਰ 'ਤੇ ਪੈਗੰਬਰ ਦਾ ਅਪਮਾਨ ਕਰਨ ਦਾ ਦੋਸ਼ ਲਗਾਇਆ ਸੀ। ਭਾਵੇਂਕਿ ਬੈਂਕ ਮੈਨੇਜਰ ਦੇ ਪਰਿਵਾਰ ਦਾ ਕਹਿਣਾ ਹੈ ਕਿ ਗਾਰਡ ਨੇ ਆਪਣੀ ਨਿੱਜੀ ਦੁਸ਼ਮਣੀ ਕਾਰਨ ਇਹ ਕਤਲ ਕੀਤਾ ਹੈ। ਪਰਿਵਾਰ ਵਾਲਿਆਂ ਨੇ ਕਿਹਾ ਕਿ ਹਨੀਫ ਨੇ ਕਦੇ ਈਸ਼ਨਿੰਦਾ ਨਹੀਂ ਕੀਤੀ ਸੀ ਅਤੇ ਪੈਗੰਬਰ ਵਿਚ ਉਸ ਦੀ ਕਾਫੀ ਆਸਥਾ ਸੀ।
ਦੋਵੇਂ ਪੰਜਾਬ ਸੂਬੇ ਦੇ ਖੁਸ਼ਾਬ ਕਸਬੇ ਦੀ 'ਨੈਸ਼ਨਲ ਬੈਂਕ ਆਫ ਪਾਕਿਸਤਾਨ' ਦੀ ਬ੍ਰਾਂਚ ਵਿਚ ਕੰਮ ਕਰਦੇ ਸਨ। ਗਾਰਡ ਦਾ ਨਾਮ ਅਹਿਮਦ ਨਵਾਜ਼ ਹੈ। ਗਾਰਡ ਨੇ ਸਵੇਰੇ ਬੈਂਕ ਪਹੁੰਚਦੇ ਹੀ ਮੈਨੇਜਰ ਇਮਰਾਨ ਹਨੀਫ 'ਤੇ ਦੋ ਗੋਲੀਆਂ ਚਲਾਈਆਂ। ਜ਼ਖਮੀ ਮੈਨੇਜਰ ਨੂੰ ਸਥਾਨਕ ਹਸਪਤਾਲ ਲਿਜਾਇਆ ਗਿਆ ਅਤੇ ਫਿਰ ਉੱਥੋਂ ਲਾਹੌਰ ਰੈਫਰ ਕਰ ਦਿੱਤਾ ਗਿਆ। ਲਾਹੌਰ ਦੇ ਹਸਪਤਾਲ ਵਿਚ ਮੈਨੇਜਰ ਨੇ ਦਮ ਤੋੜ ਦਿੱਤਾ। ਜਦੋਂ ਸਿਕਓਰਿਟੀ ਗਾਰਡ ਨੂੰ ਗ੍ਰਿਫ਼ਤਾਰ ਕੀਤਾ ਜਾ ਰਿਹਾ ਸੀ ਤਾਂ ਉਸ ਸਮੇਂ ਵੀ ਉਹ ਪੈਗੰਬਰ ਨੂੰ ਲੈਕੇ ਨਾਅਰੇਬਾਜ਼ੀ ਕਰ ਰਿਹਾ ਸੀ। ਗਾਰਡ ਦੀ ਨਾਅਰੇਬਾਜ਼ੀ ਸੁਣ ਕੇ ਕੁਝ ਕੱਟੜ ਸਥਾਨਕ ਘਟਨਾਸਥਲ 'ਤੇ ਪਹੁੰਚ ਗਏ ਅਤੇ ਉਸ ਦਾ ਸਮਰਥਨ ਕਰਨ ਲੱਗੇ। ਬਿਨਾਂ ਇਹ ਜਾਣੇ ਕਿ ਮੈਨੇਜਰ ਨੇ ਅਸਲ ਵਿਚ ਈਸ਼ਨਿੰਦਾ ਕੀਤੀ ਜਾਂ ਨਹੀਂ।
ਕਤਲ ਦੇ ਬਾਵਜੂਦ ਭੀੜ ਗਾਰਡ ਨੂੰ ਗਲੇ ਲਗਾਉਂਦੀ ਰਹੀ ਅਤੇ ਉਸ ਦੀਆਂ ਗੱਲ੍ਹਾਂ ਚੁੰਮਦੀ ਰਹੀ। ਇਸ ਦੇ ਬਾਅਦ ਨਵਾਜ਼ ਨੂੰ ਖੁਸ਼ਾਬ ਕਸਬੇ ਦੇ ਪੁਲਸ ਸਟੇਸ਼ਨ ਲਿਜਾਇਆ ਗਿਆ। ਭੀੜ ਨੇ ਗਾਰਡ ਦੇ ਪ੍ਰਤੀ ਆਪਣਾ ਸਮਰਥਨ ਜ਼ਾਹਰ ਕਰਨ ਦੇ ਲਈ ਪੁਲਸ ਸਟੇਸ਼ਨ ਦੀ ਘੇਰਾਬੰਦੀ ਕਰ ਲਈ। ਖੁਸ਼ਾਬ ਜ਼ਿਲ੍ਹੇ ਦੇ ਪੁਲਸ ਅਧਿਕਾਰੀ ਰਿਟਾਇਰਡ ਕੈਪਟਨ ਤਾਰਿਕ ਵਿਲਾਇਤ ਨੇ ਡਾਨ ਨੂੰ ਦੱਸਿਆ ਕਿ ਕਤਲ ਦੇ ਬਾਰੇ ਵਿਚ ਟਿੱਪਣੀ ਕਰਨੀ ਹਾਲੇ ਜਲਦਬਾਜ਼ੀ ਹੋਵੇਗੀ ਪਰ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਕਿ ਗਾਰਡ ਨੇ ਹਨੀਫ ਨੂੰ ਈਸ਼ਨਿੰਦਾ ਕਾਰਨ ਮਾਰਨ ਦਾ ਦਾਅਵਾ ਕੀਤਾ ਹੈ। ਸੋਸ਼ਲ ਮੀਡੀਆ 'ਤੇ ਇਸ ਘਟਨਾ ਦਾ ਇਕ ਵੀਡੀਓ ਸ਼ੇਅਰ ਹੋ ਰਿਹਾ ਹੈ, ਜਿਸ ਵਿਚ ਗਾਰਡ ਨੂੰ ਕਤਲ ਦੇ ਬਾਅਦ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ ਕਿ ਮੈਨੇਜਰ ਨੇ ਅਪਮਾਨ ਕੀਤਾ ਸੀ।
ਭਾਵੇਂਕਿ ਬੈਂਕ ਮੈਨੇਜਰ ਨੇ ਆਪਣੀ ਆਖਰੀ ਪੋਸਟ ਵਿਚ ਪੈਗੰਬਰ ਮੁਹੰਮਦ ਦੇ ਕਾਰਟੂਨ ਨੂੰ ਲੈ ਕੇ ਫਰਾਂਸ ਦਾ ਬਾਈਕਾਟ ਕਰਨ ਦੀ ਅਪੀਲ ਕੀਤੀ ਸੀ। ਇਸ ਪੋਸਟ ਵਿਚ ਮੈਨੇਜਰ ਨੇ I love Muhammad, My Prophet My Honor ਜਿਹੇ ਸ਼ਬਦ ਵੀ ਲਿਖੇ ਸਨ। ਡੀ.ਪੀ.ਓ. ਵਿਲਾਇਤ ਨੇ ਕਿਹਾ ਕਿ ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸ਼ੁਰੂਆਤੀ ਜਾਂਚ ਦੇ ਆਧਾਰ 'ਤੇ ਉਹਨਾਂ ਨੇ ਦੱਸਿਆ ਕਿ ਮੈਨੇਜਰ ਅਤੇ ਸਿਕਓਰਿਟੀ ਗਾਰਡ ਦੇ ਵਿਚ ਪਿਛਲੇ ਕੁਝ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਗਾਰਡ ਨੂੰ ਕੁਝ ਮਹੀਨੇ ਪਹਿਲਾਂ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ ਪਰ ਬਾਅਦ ਵਿਚ ਉਸ ਨੂੰ ਦੁਬਾਰਾ ਬੁਲਾਇਆ ਗਿਆ। ਹਨੀਫ ਦੇ ਨਾਲ ਕੁਝ ਦਿਨ ਪਹਿਲਾਂ ਉਸ ਦੀ ਬਹਿਸ ਵੀ ਹੋਈ ਸੀ। ਪਾਕਿਸਤਾਨੀ ਅਖ਼ਬਾਰ ਡਾਨ ਨਾਲ ਗੱਲਬਾਤ ਕਰਦਿਆਂ ਪੁਲਸ ਦੇ ਸੂਤਰਾਂ ਨੇ ਗਾਰਡ ਦੇ ਦਾਅਵੇ ਨੂੰ ਲੈ ਕੇ ਸ਼ੱਕ ਜ਼ਾਹਰ ਕੀਤਾ।
ਪੜ੍ਹੋ ਇਹ ਅਹਿਮ ਖਬਰ- ਪਾਕਿ : ਇਹ ਹੋਰ ਮੰਦਰ 'ਚ ਭੰਨ-ਤੋੜ, ਗੁਆਂਢੀ ਮੁਸਲਮਾਨਾਂ ਨੇ ਕੀਤੀ ਹਿੰਦੂ ਪਰਿਵਾਰਾਂ ਦੀ ਰੱਖਿਆ
ਸੂਤਰਾਂ ਨੇ ਕਿਹਾ ਕਿ ਉਹਨਾਂ ਨੂੰ ਲੱਗਦਾ ਹੈ ਕਿ ਗਾਰਡ ਨੇ ਮੈਨੇਜਰ ਦਾ ਕਤਲ ਈਸ਼ਨਿੰਦਾ ਦੇ ਕਾਰਨ ਨਹੀਂ ਸਗੋਂ ਆਪਣੀ ਨਿੱਜੀ ਦੁਸ਼ਮਣੀ ਦੇ ਕਾਰਨ ਕੀਤਾ ਹੈ। ਟਵਿੱਟਰ 'ਤੇ ਸ਼ੇਅਰ ਕੀਤੇ ਗਏ ਵੀਡੀਓ ਵਿਚ ਮੈਨੇਜਰ ਦੇ ਕਤਲ ਦੇ ਬਾਅਦ ਭੀੜ ਗਾਰਡ ਦਾ ਸਮਰਥਨ ਕਰਦੀ ਨਜ਼ਰ ਆਉਂਦੀ ਹੈ। ਭੀੜ ਅਤੇ ਸਿਕਓਰਿਟੀ ਗਾਰਡ ਸੜਕ 'ਤੇ ਚੱਲਦੇ ਹੋਏ ਨਾਲ-ਨਾਲ ਨਾਅਰੇ ਵੀ ਲਗਾਉਂਦੇ ਹਨ। ਇਸ ਦੇ ਬਾਅਦ ਇਕ ਧਾਰਮਿਕ ਸਮੂਹ ਦੇ ਕੁਝ ਨੇਤਾ ਵੀ ਗਾਰਡ ਦੇ ਸਮਰਥਨ ਵਿਚ ਆ ਜਾਂਦੇ ਹਨ ਅਤੇ ਕਾਇਦਾਬਾਦ ਪੁਲਸ ਸਟੇਸ਼ਨ ਦੀ ਛੱਤ ਤੋਂ ਆਪਣੇ ਸਮਰਥਕਾਂ ਨੂੰ ਸੰਬੋਧਿਤ ਕਰਦੇ ਹਨ। ਇਸ ਦੌਰਾਨ ਪੁਲਸ ਤਮਾਸ਼ਬੀਨ ਬਣ ਕੇ ਖੜ੍ਹੀ ਰਹਿੰਦੀ ਹੈ। ਇਕ ਹੋਰ ਵੀਡੀਓ ਵਿਚ ਮੈਨੇਜਰ ਦਾ ਮਾਮਾ ਕਹਿੰਦਾ ਹੈ ਕਿ ਸਿਕਓਰਿਟੀ ਗਾਰਡ ਨੇ ਆਪਣੀ ਨਿੱਜੀ ਦੁਸ਼ਮਣੀ ਦੇ ਕਾਰਨ ਹਨੀਫ ਦਾ ਕਤਲ ਕੀਤਾ। ਉਹਨਾਂ ਨੇ ਸਿਕਓਰਿਟੀ ਗਾਰਡ ਦੇ ਦਾਅਵੇ ਨੂੰ ਖਾਰਿਜ ਕਰਦਿਆਂ ਕਿਹਾ ਕਿ ਹਨੀਫ ਨੇ ਕਦੇ ਪੈਗੰਬਰ ਮੁਹੰਮਦ ਦਾ ਅਪਮਾਨ ਨਹੀਂ ਕੀਤਾ। ਹਨੀਫ ਦਾ ਮਾਮਾ ਕਹਿੰਦਾ ਹੈ ਕਿ ਉਹ ਮੁਸਲਿਮ ਹਨ ਨਾ ਕਿ ਅਹਮਦੀਏ। ਉਹਨਾਂ ਨੇ ਮਾਮਲੇ ਦੀ ਸਹੀ ਤਰੀਕੇ ਨਾਲ ਜਾਂਚ ਦੀ ਮੰਗ ਕੀਤੀ।
ਪੜ੍ਹੋ ਇਹ ਅਹਿਮ ਖਬਰ- ਸਾਊਦੀ ਗਏ ਕਾਮਿਆਂ ਲਈ ਵੱਡੀ ਖੁਸ਼ਖ਼ਬਰੀ, ਸਰਕਾਰ ਨੇ ਕੀਤਾ ਇਹ ਐਲਾਨ
ਪੜ੍ਹੋ ਇਹ ਅਹਿਮ ਖਬਰ- ਮੈਲਬੌਰਨ ਦੇ ਵਿਅਕਤੀ 'ਤੇ ਵਿਦੇਸ਼ੀ ਦਖਲ ਅੰਦਾਜ਼ੀ ਕਾਨੂੰਨ ਤਹਿਤ ਲਗਾਏ ਗਏ ਦੋਸ਼