ਪਾਕਿਸਤਾਨ 'ਚ ਕੋਰੋਨਾ ਕਾਰਨ ਬੰਦ ਸਕੂਲ 6 ਮਹੀਨੇ ਬਾਅਦ ਖੁੱਲ੍ਹੇ
Wednesday, Sep 30, 2020 - 02:00 PM (IST)
ਇਸਲਾਮਾਬਾਦ- ਪਾਕਿਸਤਾਨ ਵਿਚ ਕੋਰੋਨਾ ਵਾਇਰਸ ਕਾਰਨ ਤਕਰੀਬਨ 6 ਮਹੀਨੇ ਬੰਦ ਰਹੇ ਸਾਰੇ ਵਿੱਦਿਅਕ ਸੰਸਥਾਨ ਬੁੱਧਵਾਰ ਨੂੰ ਫਿਰ ਖੁੱਲ੍ਹ ਗਏ। ਦੇਸ਼ ਵਿਚ 3 ਲੱਖ ਤੋਂ ਵੱਧ ਲੋਕ ਕੋਰੋਨਾ ਦੇ ਸ਼ਿਕਾਰ ਹੋ ਚੁੱਕੇ ਹਨ।
ਨਿੱਜੀ ਤੇ ਸਰਕਾਰੀ ਦੋਵੇਂ ਸਕੂਲ ਕਈ ਪਾਬੰਦੀਆਂ ਨਾਲ ਖੋਲ੍ਹੇ ਗਏ ਹਨ ਅਤੇ ਅਧਿਕਾਰੀਆਂ ਨੂੰ ਕੋਰੋਨਾ ਵਾਇਰਸ ਫੈਲਣ ਤੋਂ ਰੋਕਣ ਲਈ ਜ਼ਰੂਰੀ ਨਿਯਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ। ਸੰਘੀ ਸਿੱਖਿਆ ਮੰਤਰੀ ਸ਼ਫਕਤ ਮਹਿਮੂਦ ਨੇ ਦੱਸਿਆ ਕਿ ਪ੍ਰਾਈਮਰੀ ਸਕੂਲਾਂ ਵਿਚ ਸਭ ਤੋਂ ਵੱਧ ਵਿਦਿਆਰਥੀ ਆਏ ਅਤੇ ਸੰਸਥਾਨਾਂ ਦੇ ਬੰਦ ਹੋਣ ਕਾਰਨ ਉਨ੍ਹਾਂ ਨੂੰ ਸਭ ਤੋਂ ਵੱਧ ਨੁਕਸਾਨ ਝੱਲਣਾ ਪਿਆ ਸੀ।
ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਦੀ ਸਥਿਤੀ ਦਾ ਵੱਡੇ ਪੱਧਰ 'ਤੇ ਵਿਸ਼ਲੇਸ਼ਣ ਕਰਨ ਦੇ ਬਾਅਦ ਹੀ ਸਾਰੇ ਵਿੱਦਿਅਕ ਸੰਸਥਾਨਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ। ਮਹਿਮੂਦ ਨੇ ਪੱਤਰਕਾਰਾਂ ਨੂੰ ਕਿਹਾ ਕਿ ਪਹਿਲੇ ਪੜਾਅ ਤਹਿਤ ਸਕੂਲਾਂ ਨੂੰ 15 ਸਤੰਬਰ ਨੂੰ ਦੁਬਾਰਾ ਖੋਲ੍ਹਣ ਦੇ ਬਾਅਦ ਤੋਂ ਕੋਰੋਨਾ ਵਾਇਰਸ ਦੇ 1,71,436 ਟੈਸਟ ਕੀਤੇ ਗਏ, ਜਿਨ੍ਹਾਂ ਵਿਚੋਂ ਸਿੱਖਿਆ ਸੰਸਥਾਵਾਂ ਵਿਚ ਸਿਰਫ ਇਕ ਫੀਸਦੀ ਵਾਇਰਸ ਪਾਇਆ ਗਿਆ। ਉਨ੍ਹਾਂ ਕਿਹਾ ਕਿ ਇਨ੍ਹਾਂ ਅੰਕੜਿਆਂ 'ਤੇ ਗੌਰ ਕਰਨ ਮਗਰੋਂ ਪ੍ਰਾਇਮਰੀ ਕਲਾਸਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ।