ਪਾਕਿਸਤਾਨ ਨੇ ਦਿੱਲੀ ਲਈ ਸਮਝੌਤਾ ਐਕਸਪ੍ਰੈੱਸ ਸੇਵਾ ਮੁੜ ਕੀਤੀ ਬਹਾਲ

Monday, Mar 04, 2019 - 12:35 PM (IST)

ਪਾਕਿਸਤਾਨ ਨੇ ਦਿੱਲੀ ਲਈ ਸਮਝੌਤਾ ਐਕਸਪ੍ਰੈੱਸ ਸੇਵਾ ਮੁੜ ਕੀਤੀ ਬਹਾਲ

ਲਾਹੌਰ (ਭਾਸ਼ਾ)— ਪਾਕਿਸਤਾਨੀ ਅਧਿਕਾਰੀਆਂ ਨੇ ਅੱਜ ਭਾਵ ਸੋਮਵਾਰ ਨੂੰ ਲਾਹੌਰ ਅਤੇ ਦਿੱਲੀ ਵਿਚਾਲੇ ਸਮਝੌਤਾ ਐਕਸਪ੍ਰੈੱਸ ਸੇਵਾ ਮੁੜ ਬਹਾਲ ਕਰ ਦਿੱਤੀ। ਦੋ-ਪੱਖੀ ਸੰਬਧਾਂ ਵਿਚ ਤਣਾਅ ਕਾਰਨ ਇਹ ਸੇਵਾ ਕੁਝ ਦਿਨਾਂ ਤੋਂ ਬੰਦ ਸੀ। ਇਹ ਟਰੇਨ ਲਾਹੌਰ ਤੋਂ ਸੋਮਵਾਰ ਅਤੇ ਵੀਰਵਾਰ ਨੂੰ ਚੱਲਦੀ ਹੈ। ਜਦਕਿ ਦਿੱਲੀ ਤੋਂ ਹਰੇਕ ਬੁੱਧਵਾਰ ਅਤੇ ਐਤਵਾਰ ਨੂੰ ਰਵਾਨਾ ਹੁੰਦੀ ਹੈ।

ਰੇਡੀਓ ਪਾਕਿਸਤਾਨ ਦੀ ਖਬਰ ਮੁਤਾਬਕ ਕਰੀਬ 150 ਯਾਤਰੀਆਂ ਨਾਲ ਸਮਝੌਤਾ ਐਕਸਪ੍ਰੈੱਸ ਲਾਹੌਰ ਤੋਂ ਭਾਰਤ ਲਈ ਰਵਾਨਾ ਹੋਈ। ਇਸ ਟਰੇਨ ਵਿਚ 6 ਸਲੀਪਰ ਡੱਬੇ ਅਤੇ ਇਕ ਏ.ਸੀ. 3 ਟੀਅਰ ਡੱਬਾ ਹੈ। ਦੋਹਾਂ ਦੇਸ਼ਾਂ ਵਿਚਕਾਰ ਸਾਲ 1971 ਦੇ ਯੁੱਧ ਦੇ ਹੱਲ ਵਾਲੇ ਸ਼ਿਮਲਾ ਸਮਝੌਤੇ ਦੇ ਤਹਿਤ 22 ਜੁਲਾਈ 1976 ਨੂੰ ਇਹ ਟਰੇਨ ਸੇਵਾ ਸ਼ੁਰੂ ਕੀਤੀ ਗਈ ਸੀ।

ਪੁਲਵਾਮਾ ਹਮਲੇ ਦੇ ਬਾਅਦ ਦੋ-ਪੱਖੀ ਸਬੰਧਾਂ ਵਿਚ  ਪੈਦਾ ਹੋਏ ਤਣਾਅ ਦੇ ਬਾਅਦ ਭਾਰਤ ਨੇ 28 ਫਰਵਰੀ ਨੂੰ ਇਹ ਸੇਵਾ ਮੁਅੱਤਲ ਕਰ ਦਿੱਤੀ ਸੀ। ਉੱਧਰ ਪਾਕਿਸਤਾਨੀ ਅਧਿਕਾਰੀਆਂ ਨੇ ਵੀ 28 ਫਰਵਰੀ ਨੂੰ ਇਹ ਟਰੇਨ ਸੇਵਾ ਮੁਅੱਤਲ ਕਰ ਦਿੱਤੀ ਸੀ। ਪੁਲਵਾਮਾ ਹਮਲੇ ਦੇ ਬਾਅਦ ਇਸ ਟਰੇਨ ਜ਼ਰੀਏ ਆਉਣ-ਜਾਣ ਵਾਲੇ ਲੋਕਾਂ ਦੀ ਗਿਣਤੀ ਵਿਚ ਗਿਰਾਵਟ ਆਈ ਸੀ ਜੋ 70 ਫੀਸਦੀ ਤੋਂ ਘੱਟ ਕੇ 40 ਫੀਸਦੀ ਤੱਕ ਰਹਿ ਗਈ ਸੀ। ਭਾਰਤ ਵਿਚ ਇਹ ਟਰੇਨ ਦਿੱਲੀ ਤੋਂ ਅਟਾਰੀ ਅਤੇ ਪਾਕਿਸਤਾਨ ਵਿਚ ਵਾਹਗਾ ਤੋਂ ਲਾਹੌਰ ਤੱਕ ਦਾ ਸਫਰ ਤੈਅ ਕਰਦੀ ਹੈ।


author

Vandana

Content Editor

Related News