ਪੰਜਾਬ ਸਮੇਤ ਪੂਰੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਵਜੋਂ ਵਰਤੋਂ ਕਰ ਰਹੀ ਹੈ ਪਾਕਿ ਦੀ ISI

Friday, Nov 11, 2022 - 10:52 AM (IST)

ਪੰਜਾਬ ਸਮੇਤ ਪੂਰੇ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਵਜੋਂ ਵਰਤੋਂ ਕਰ ਰਹੀ ਹੈ ਪਾਕਿ ਦੀ ISI

ਜਲੰਧਰ (ਨੈਸ਼ਨਲ ਡੈਸਕ)– ਭਾਰਤੀ ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀ ਆਈ. ਐੱਸ. ਆਈ. ਪੰਜਾਬ ਸਮੇਤ ਦੇਸ਼ ’ਚ ਅਸ਼ਾਂਤੀ ਫੈਲਾਉਣ ਲਈ ਕੈਨੇਡਾ ਦੀ ਬੇਸ ਵਜੋਂ ਵਰਤੋਂ ਕਰ ਰਹੀ ਹੈ। ਕੈਨੇਡਾ ’ਚ ਬੈਠੇ ਖਾਲਿਸਤਾਨੀਆਂ ਤੇ ਗੈਂਗਸਟਰਾਂ ਦੀ ਮਦਦ ਨਾਲ ਪੰਜਾਬ ’ਚ ਟਾਰਗੈੱਟ ਕਿਲਿੰਗ ਕੀਤੀ ਜਾ ਰਹੀ ਹੈ। ਭਾਰਤ ਲਗਾਤਾਰ ਕੈਨੇਡਾ ਸਰਕਾਰ ’ਤੇ ਖਾਲਿਸਤਾਨੀ ਸੰਗਠਨਾਂ ਦੇ ਨਾਲ-ਨਾਲ ਦੇਸ਼ ਵਿਰੋਧੀ ਅਨਸਰਾਂ ’ਤੇ ਕਾਰਵਾਈ ਕਰਨ ਦੀ ਮੰਗ ਕਰ ਰਿਹਾ ਹੈ ਪਰ ਕੈਨੇਡਾ ਦੀ ਸਰਕਾਰ ਇਸ ਮਾਮਲੇ ’ਚ ਹੱਥ ’ਤੇ ਹੱਥ ਧਰ ਕੇ ਬੈਠੀ ਹੋਈ ਹੈ। ਖਾਲਿਸਤਾਨ ਰਿਫਰੈਂਡਮ ਨੂੰ ਸਫਲ ਬਣਾਉਣ ਲਈ ਖਾਲਿਸਤਾਨੀ ਫੇਸਬੁੱਕ, ਯੂ-ਟਿਊਬ ਦੇ ਨਾਲ-ਨਾਲ ਮੋਬਾਇਲ ਐਪਸ ਦੀ ਵੀ ਮਦਦ ਲੈ ਰਹੇ ਹਨ। ਭਾਰਤ ਸਰਕਾਰ ਨੇ ਰਿਫਰੈਂਡਮ ਨਾਲ ਸਬੰਧਤ ਮੋਬਾਇਲ ਐਪ ਨੂੰ ਦੇਸ਼ ਵਿਚ ਬੈਨ ਕਰ ਦਿੱਤਾ ਹੈ ਪਰ ਦੁਨੀਆ ਦੇ ਕਈ ਦੇਸ਼ਾਂ ਵਿਚ ਇਹ ਮੋਬਾਇਲ ਐਪਸ ਐਕਟਿਵ ਹਨ, ਜਿਨ੍ਹਾਂ ਰਾਹੀਂ ਖਾਲਿਸਤਾਨ ਦਾ ਏਜੰਡਾ ਚਲਾਇਆ ਜਾ ਰਿਹਾ ਹੈ।

ਇਹ ਵੀ ਪੜ੍ਹੋ: ਅਮਰੀਕਾ : ਮੱਧ ਮਿਆਦ ਦੀਆਂ ਚੋਣਾਂ ’ਚ ਭਾਰਤੀ ਮੂਲ ਦੇ 4 ਅਮਰੀਕੀ ਨੇਤਾ ਪ੍ਰਤੀਨਿਧੀ ਸਭਾ ਲਈ ਚੁਣੇ ਗਏ

1450 ਘੋਸਟ ਟਵਿਟਰ ਅਕਾਊਂਟਸ ਦਾ ਖੁਲਾਸਾ

ਸੋਸ਼ਲ ਮੀਡੀਆ ’ਤੇ ਖਾਲਿਸਤਾਨ ਦੇ ਸਮਰਥਨ ਵਾਲੇ 1450 ਘੋਸਟ ਟਵਿਟਰ ਅਕਾਊਂਟਸ ਦਾ ਪਤਾ ਲੱਗਾ ਹੈ, ਜਿਨ੍ਹਾਂ ਦੇ ਫਾਲੋਵਰ ਜ਼ੀਰੋ ਹਨ। ਖਾਲਿਸਤਾਨ ਨਾਲ ਜੁੜੇ ਹੈਸ਼ਟੈਗ ਨੂੰ ਸੋਸ਼ਲ ਮੀਡੀਆ ’ਤੇ ਟਰੈਂਡ ਕਰਵਾਉਣ ਲਈ ਖਾਲਿਸਤਾਨੀ ਗਰੁੱਪ ਅਜਿਹੇ ਘੋਸਟ ਟਵਿਟਰ ਅਕਾਊਂਟਸ ਦਾ ਸਹਾਰਾ ਲੈਂਦੇ ਹਨ। ਇਹੀ ਨਹੀਂ, 10 ਸਤੰਬਰ ਤੋਂ 10 ਅਕਤੂਬਰ ਦਰਮਿਆਨ ਖਾਲਿਸਤਾਨ ਰਿਫਰੈਂਡਮ ਦੇ ਸਮਰਥਨ ’ਚ 29,032 ਟਵੀਟ ਕੀਤੇ ਗਏ, ਜਿਨ੍ਹਾਂ ਨੂੰ ਦੁਨੀਆ ਭਰ ’ਚ 7,826 ਲੋਕਾਂ ਨੇ ਰੀਟਵੀਟ ਕੀਤਾ ਸੀ। ਇਸ ਤੋਂ ਇਲਾਵਾ ਇਸੇ ਮਹੀਨੇ ਖਾਲਿਸਤਾਨ ਦੇ ਸਮਰਥਨ ’ਚ 334 ਨਵੇਂ ਟਵਿਟਰ ਅਕਾਊਂਟਸ ਵੀ ਬਣਾਏ ਗਏ ਹਨ।

ਵਿਦੇਸ਼ਾਂ ’ਚ ਬੈਠੇ ਖਾਲਿਸਤਾਨੀਆਂ ਨੂੰ ਪਾਕਿ ਵੱਲੋਂ ਸਮਰਥਨ

ਸੁਰੱਖਿਆ ਏਜੰਸੀ ਨਾਲ ਸਬੰਧਤ ਅਧਿਕਾਰੀਆਂ ਮੁਤਾਬਕ ਖਾਲਿਸਤਾਨ ਦੇ ਏਜੰਡੇ ਨੂੰ ਹਵਾ ਦੇਣ ਲਈ ਪਾਕਿਸਤਾਨ ਦੀ ਆਈ. ਐੱਸ. ਆਈ. ਲਗਾਤਾਰ ਖਾਲਿਸਤਾਨੀ ਅੱਤਵਾਦੀਆਂ ਤੇ ਉਨ੍ਹਾਂ ਦੇ ਸਮਰਥਕਾਂ ਦੇ ਸੰਪਰਕ ’ਚ ਹੈ। ਜਿਨ੍ਹਾਂ ਟਵਿਟਰ ਅਕਾਊਂਟਸ ਤੋਂ ਖਾਲਿਸਤਾਨ ਦੇ ਸਮਰਥਨ ’ਚ ਟਵੀਟ ਕੀਤੇ ਗਏ, ਉਨ੍ਹਾਂ ਵਿਚ ਜ਼ਿਆਦਾਤਰ ਹਿਜਾਬ ਬੈਨ, ਪਾਕਿਸਤਾਨੀ ਫੌਜ ਤੇ ਕਸ਼ਮੀਰ ਨਾਲ ਸਬੰਧਤ ਹੈਸ਼ਟੈਗ ਵਾਲੇ ਟਵੀਟ ਸਨ। ਜਾਣਕਾਰੀ ਮੁਤਾਬਕ ਖਾਲਿਸਤਾਨ ਦੇ ਸਮਰਥਨ ਵਾਲੇ ਜ਼ਿਆਦਾਤਰ ਟਵਿਟਰ ਅਕਾਊਂਟਸ ਪਾਕਿਸਤਾਨ ਤੋਂ ਚਲਾਏ ਜਾ ਰਹੇ ਹਨ ਅਤੇ ਕਈ ਖਾਲਿਸਤਾਨੀ ਟਵਿਟਰ ਅਕਾਊਂਟਸ ਨੂੰ ਪਾਕਿਸਤਾਨ ਤੋਂ ਟਰੈਂਡ ਕਰਵਾਇਆ ਜਾ ਰਿਹਾ ਹੈ। ਪਾਕਿਸਤਾਨ ਦੀ ਆਈ. ਐੱਸ. ਆਈ. ਕੈਨੇਡਾ, ਜਰਮਨੀ, ਅਮਰੀਕਾ ਤੇ ਬ੍ਰਿਟੇਨ ’ਚ ਬੈਠੇ ਖਾਲਿਸਤਾਨੀਆਂ ਨੂੰ ਖੁੱਲ੍ਹਾ ਸਮਰਥਨ ਦੇ ਰਹੀ ਹੈ। ਪਾਕਿ ਫੌਜ ਦੇ ਕਈ ਸੇਵਾਮੁਕਤ ਅਧਿਕਾਰੀ ਲਗਾਤਾਰ ਖਾਲਿਸਤਾਨ ਰਿਫਰੈਂਡਮ ਦੇ ਸਮਰਥਨ ’ਚ ਆਪਣੇ ਟਵਿਟਰ ਅਕਾਊਂਟਸ ਤੋਂ ਪੋਸਟ ਕਰ ਰਹੇ ਹਨ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਮਾਲਦੀਵ 'ਚ ਬਿਲਡਿੰਗ ਨੂੰ ਲੱਗੀ ਭਿਆਨਕ ਅੱਗ, 9 ਭਾਰਤੀਆਂ ਦੀ ਮੌਤ (ਵੀਡੀਓ)

ਪੰਜਾਬ ਤੇ ਕਸ਼ਮੀਰ ’ਚ ਅੱਤਵਾਦ ਦੀ ਸਾਜ਼ਿਸ਼

ਪੰਜਾਬ ਤੇ ਕਸ਼ਮੀਰ ’ਚ ਅੱਤਵਾਦ ਨੂੰ ਹੱਲਾਸ਼ੇਰੀ ਦੇਣ ਲਈ ਪਾਕਿਸਤਾਨ ਨੇ ਵੱਡੀ ਸਾਜ਼ਿਸ਼ ਰਚੀ ਹੈ। ਖੁਫੀਆ ਏਜੰਸੀਆਂ ਮੁਤਾਬਕ ਪਾਕਿਸਤਾਨ ਦੀ ਆਈ. ਐੱਸ. ਆਈ. ਨੇ ਕਸ਼ਮੀਰ ਤੇ ਖਾਲਿਸਤਾਨ ਦੇ ਅੱਤਵਾਦੀਆਂ ਨੂੰ ਇਕੱਠਾ ਕਰ ਕੇ ਭਾਰਤ ’ਚ ਅੱਤਵਾਦੀ ਸਰਗਰਮੀਆਂ ਤੇਜ਼ ਕਰਨ ਲਈ ਕਿਹਾ ਹੈ। ਵਿਦੇਸ਼ਾਂ ’ਚ ਰਹਿ ਰਹੇ ਖਾਲਿਸਤਾਨੀ ਸਮਰਥਕਾਂ ਤੇ ਕਸ਼ਮੀਰੀ ਵੱਖਵਾਦੀਆਂ ਨੂੰ ਇਕੱਠੇ ਜੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਯੂ. ਕੇ., ਕੈਨੇਡਾ ਤੇ ਅਮਰੀਕਾ ਵਰਗੇ ਦੇਸ਼ਾਂ ’ਚ ਸਥਿਤ ਪਾਕਿਸਤਾਨੀ ਹਾਈ ਕਮਿਸ਼ਨ ਤੇ ਅੰਬੈਸੀਆਂ ਰਾਹੀਂ ਪਾਕਿਸਤਾਨ ਇਨ੍ਹਾਂ ਸੰਗਠਨਾਂ ਨੂੰ ਮਜ਼ਬੂਤ ਕਰਨ ’ਚ ਲੱਗਾ ਹੋਇਆ ਹੈ। ਪਾਕਿਸਤਾਨ ’ਚ ਰਹਿ ਰਹੇ ਖਾਲਿਸਤਾਨੀ ਅੱਤਵਾਦੀਆਂ ਤੇ ਕਸ਼ਮੀਰੀ ਅੱਤਵਾਦੀਆਂ ਨੂੰ ਪਲਾਨ ਕੇ-2 ਤਹਿਤ ਜੋੜਿਆ ਜਾ ਰਿਹਾ ਹੈ। ਇਸ ਦੇ ਲਈ ਪਾਕਿਸਤਾਨ ਦੀ ਆਈ. ਐੱਸ. ਆਈ. ਇਨ੍ਹਾਂ ਅੱਤਵਾਦੀਆਂ ਦੀਆਂ ਕਈ ਰਾਊਂਡ ਦੀਆਂ ਬੈਠਕਾਂ ਵੀ ਕਰਵਾ ਚੁੱਕੀ ਹੈ।

ਲਾਹੌਰ ’ਚ ਅੱਤਵਾਦੀਆਂ ਨਾਲ ਕਈ ਬੈਠਕਾਂ

ਖੁਫੀਆ ਏਜੰਸੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਪਾਕਿਸਤਾਨ ਦੁਨੀਆ ਦੇ ਵੱਖ-ਵੱਖ ਦੇਸ਼ਾਂ ’ਚ ਰਹਿ ਰਹੇ ਖਾਲਿਸਤਾਨੀ ਸਮਰਥਕਾਂ ਰਾਹੀਂ ਭਾਰਤ ਨਾਲੋਂ ਪੰਜਾਬ ਨੂੰ ਵੱਖ ਕਰਨ ਦੀ ਸਾਜ਼ਿਸ਼ ’ਚ ਲੱਗਾ ਹੋਇਆ ਹੈ। ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐੱਸ. ਆਈ. ਖਾਲਿਸਤਾਨੀ ਅੱਤਵਾਦੀਆਂ ਨਾਲ ਲਾਹੌਰ ’ਚ ਕਈ ਬੈਠਕਾਂ ਕਰ ਚੁੱਕੀ ਹੈ। ਪਾਕਿਸਤਾਨ ਵੱਲੋਂ ਦੁਨੀਆ ਭਰ ’ਚ ਮੌਜੂਦ ਆਪਣੀਆਂ ਅੰਬੈਸੀਆਂ ਅਤੇ ਹਾਈ ਕਮਿਸ਼ਨ ਰਾਹੀਂ ਖਾਲਿਸਤਾਨੀ ਸਮਰਥਕਾਂ ਤੇ ਅੱਤਵਾਦੀਆਂ ਨੂੰ ਮਦਦ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਫੰਡਿੰਗ ਤੇ ਹਥਿਆਰ ਵੀ ਮੁਹੱਈਆ ਕਰਵਾਏ ਜਾ ਰਹੇ ਹਨ ਤਾਂ ਜੋ ਭਾਰਤ ’ਚ ਅਸ਼ਾਂਤੀ ਫੈਲਾਈ ਜਾ ਸਕੇ। ਇਕ ਮੀਡੀਆ ਰਿਪੋਰਟ ’ਚ ਪੁਖਤਾ ਦਸਤਾਵੇਜ਼ਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਖਾਲਿਸਤਾਨੀ ਸੰਗਠਨਾਂ ਨੇ ਸੈਂਕੜਿਆਂ ਦੀ ਗਿਣਤੀ ’ਚ ਫੇਕ ਟਵਿਟਰ ਹੈਂਡਲ ਬਣਾਏ ਹੋਏ ਹਨ, ਜਿਨ੍ਹਾਂ ਰਾਹੀਂ ਖਾਲਿਸਤਾਨ ਰਿਫਰੈਂਡਮ ਵਾਲੀ ਸਾਜ਼ਿਸ਼ ਰਚੀ ਜਾ ਰਹੀ ਹੈ।

ਇਹ ਵੀ ਪੜ੍ਹੋ: ਰਿਸ਼ੀ ਸੁਨਕ ਦੇ ਮੰਤਰੀ ’ਤੇ ਲੱਗਾ ਸਹਿਯੋਗੀਆਂ ਨੂੰ ਧਮਕਾਉਣ ਦਾ ਦੋਸ਼, ਕੈਬਨਿਟ ਤੋਂ ਦਿੱਤਾ ਅਸਤੀਫਾ


author

cherry

Content Editor

Related News