ਅੱਤਵਾਦੀ ਸੰਗਠਨ ਹਮਾਸ ਦੇ ਪਿੱਛੇ ਵੀ ਪਾਕਿਸਤਾਨ ਦਾ ਹੱਥ, ਫਿਲੀਸਤੀਨੀ ਅੱਤਵਾਦੀਆਂ ਨੂੰ ਦੇ ਰਿਹਾ ਟ੍ਰੇਨਿੰਗ
Wednesday, Jun 23, 2021 - 06:11 PM (IST)
ਚੇਸ ਅਵੀਵ– ਪਾਕਿਸਤਾਨ ’ਤੇ ਪੱਛਮੀ ਏਸ਼ੀਆ ’ਚ ਨਫਰਤ ਫੈਲਾਉਣ ਦਾ ਦੋਸ਼ ਲਗਾਇਆ ਗਿਆ ਹੈ। ਟਾਈਮਜ਼ ਆਫ ਇਜ਼ਰਾਇਲ ’ਚ ਪ੍ਰਕਾਸ਼ਤ ਭੂ-ਰਾਜਨੀਤਿਕ ਮਾਹਿਰ ਫੈਬੀਅਨ ਬੁਸਰਤ ਦਾ ਕਹਿਣਾ ਹੈ ਕਿ ਪਾਕਿਸਤਾਨ ਫਿਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਦਾ ਪਰਦੇ ਦੇ ਪਿੱਛੋਂ ਸਮਰਥਨ ਕਰ ਰਿਹਾ ਹੈ। ਹਮਾਸ ਪੱਛਮੀ ਏਸ਼ੀਆ ’ਚ ਕੋਈ ਇਕੱਲਾ ਅੱਤਵਾਦੀ ਸੰਗਠਨ ਨਹੀਂ ਹੈ ਪਰ ਪਾਕਿਸਤਾਨ ਉਸ ਦਾ ਵਧ ਚੜ ਕੇ ਸਾਥ ਦੇ ਰਿਹਾ ਹੈ। ਪਾਕਿਸਤਾਨ ਨੇ ਫਿਲੀਸਤੀਨ ਦੀ ਪੈਰਵੀ ਦੁਗਣੀ ਕਰ ਦਿੱਤੀ ਹੈ। ਪਾਕਿਸਤਾਨੀ ਲੋਕ ਖੁੱਲ੍ਹ ਕੇ ਫਿਲੀਸਤੀਨੀ ਲੋਕਾਂ ਦੀ ਵਕਾਲਤ ਕਰਦੇ ਹਨ। ਪਾਕਿਸਤਾਨ ਪਰਦੇ ਦੇ ਪਿੱਛੋਂ ਫਿਲੀਸਤੀਨੀ ਅੱਤਵਾਦੀ ਸੰਗਠਨ ਹਮਾਸ ਨੂੰ ਨਾ ਸਿਰਫ਼ ਪਨਾਹ ਦੇ ਰਿਹਾ ਹੈ, ਸਗੋਂ ਉਸ ਦੇ ਅੱਤਵਾਦੀਆਂ ਨੂੰ ਪੂਰੀ ਟ੍ਰੇਨਿੰਗ ਵੀ ਦੇ ਰਿਹਾ ਹੈ ਤਾਂ ਜੋ ਪੱਛਮੀ ਏਸ਼ੀਆ ਦੇ ਉਲਝੇ ਹੋਏ ਹਾਲਾਤ ਨੂੰ ਹੋਰ ਹਵਾ ਦਿੱਤੀ ਜਾ ਸਕੇ।
ਈਰਾਨ, ਕਤਰ ਅਤੇ ਤੁਰਕੀ ਦੇ ਹਮਾਸ ਨੂੰ ਮਦਦ ਦੇਣ ਦੇ ਪੁਖਤਾ ਸਬੂਤ ਹਨ ਪਰ ਇਸ ਦਿਸ਼ਾ ’ਚ ਪਾਕਿਸਤਾਨ ਦੀ ਭੂਮਿਕਾ ਤੋਂ ਲੋਕ ਅਜੇ ਤਕ ਵਾਕਫ਼ ਨਹੀਂ ਹਨ। ਇਹ ਮਦਦ ਪੂਰੀ ਤਰ੍ਹਾਂ ਖੂਫੀਆ ਤਰੀਕੇ ਨਾਲ ਦਿੱਤੀ ਜਾ ਰਹੀ ਹੈ। ਪਾਕਿਸਤਾਨ ਅਤੇ ਹਮਾਸ ਦੀ ਵੈਚਾਰਿਕ ਸਮਾਨਤਾ ਉਨ੍ਹਾਂ ਦੇ ਮਜਬੂਤ ਸੰਬੰਧਾਂ ਦਾ ਮੁੱਖ ਆਧਾਰ ਹੈ। ਰਿਪੋਰਟ ਮੁਤਾਬਕ, ਇਜ਼ਰਾਇਲ ਖ਼ਿਲਾਫ਼ ਹਮਾਸ ਦਾ ਇਸਤੇਮਾਲ ਕਰਕੇ ਪਾਕਿਸਤਾਨ ਅਰਬ ਦੇਸ਼ਾਂ ’ਚ ਇਸਲਾਮਿਕ ਏਜੰਡਾ ਸਥਾਪਿਤ ਕਰਕੇ ਆਪਣਾ ਰੁਤਬਾ ਵਧਾਉਣਾ ਚਾਹੁੰਦਾ ਹੈ।
ਇਹ ਜਾਣਕਾਰੀ ਉਦੋਂ ਸਾਹਮਣੇ ਆਈ ਹੈ ਜਦੋਂ ਹਾਲ ਹੀ ’ਚ ਇਜ਼ਰਾਇਲ ਅਤੇ ਹਮਾਸ ਵਿਚਾਲੇ ਜ਼ਬਰਦਸਤ ਸੰਘਰਸ਼ ਹੋਣ ਤੋਂ ਬਾਅਦ ਜੰਗਬੰਦੀ ਦਾ ਐਲਾਨ ਕੀਤਾ ਗਿਆ ਹੈ। ਰਾਜਨੀਤਿਕ ਅਤੇ ਵਿਦੇਸ਼ ਮਾਮਲਿਆਂ ਦੇ ਸੈਂਟਰ (ਸੀ.ਪੀ.ਐੱਫ.ਏ.) ਦੇ ਪ੍ਰਧਾਨ ਬੁਸਰਤ ਨੇ ਕਿਹਾ ਕਿ ਵਿਚਾਰਧਾਰਾ ਦੇ ਮੋਰਚੇ ’ਤੇ ਹਮਾਸ ਨੇ ਪਾਕਿਸਤਾਨ ਅਤੇ ਜੇਹਾਦੀ ਸੰਗਠਨਾਂ ਨਾਲ ਆਪਣੇ ਰਿਸ਼ਤੇ ਹੋਰ ਮਜ਼ਬੂਤ ਕਰ ਲਏ ਹਨ। ‘ਮੁਸਲਿਮ ਬਰਦਰਹੁਡ’ ਰਾਹੀਂ ਪਨਪੇ ਹਮਾਸ ਦੀ ਤਾਕਤ ਫਿਰ ਤੋਂ ਉਭਰੀ ਹੈ ਅਤੇ ਜਮਾਤ-ਏ-ਇਸਲਾਮੀ ਦੀ ਤਾਕਤ ਵਧੀ ਹੈ। ਜਮਾਤ ਪਾਕਿਸਤਾਨ ’ਚ ਜੇਹਾਦ ਦਾ ਪ੍ਰਮੁੱਖ ਸਰੋਤ ਹੈ। ਇਹ ਦੋਵੇਂ ਇਕ ਹੀ ਸਿੱਕੇ ਦੇ ਦੋ ਪਹਿਲੂ ਹਨ। ਇਜ਼ਰਾਇਲ ਨੇ ਕੱਟਰਪੰਥੀ ਜੱਜ ਇਬਰਾਹਿਮ ਰਈਸੀ ਨੂੰ ਈਰਾਨੀ ਰਾਸ਼ਟਰਪਤੀ ਚੁਣੇ ਜਾਣ ਦੀ ਨਿੰਦਾ ਕੀਤੀ। ਨਾਲ ਹੀ ਕਿਹਾ ਹੈ ਕਿ ਉਨ੍ਹਾਂ ਦੀ ਸੱਤਾ ‘ਬੇਰਹਿਮ ਜਲਾਦਾਂ ਦਾ ਸ਼ਾਸਨ’ ਹੋਵੇਗਾ।