ਪਾਕਿਸਤਾਨ ''ਚ ਕੋਵਿਡ-19 ਦੇ ਰਿਕਾਰਡ 1991 ਨਵੇਂ ਮਾਮਲੇ, ਕੁੱਲ 639 ਲੋਕਾਂ ਦੀ ਮੌਤ
Sunday, May 10, 2020 - 02:31 PM (IST)
ਇਸਲਾਮਾਬਾਦ- ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੇ 1991 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦਾ ਅੰਕੜਾ 29000 'ਤੇ ਪਹੁੰਚ ਗਿਆ ਹੈ। ਇਹ ਇਕ ਦਿਨ ਵਿਚ ਸਾਹਮਣੇ ਆਏ ਇਨਫੈਕਸ਼ਨ ਦੇ ਮਾਮਲਿਆਂ ਦੀ ਸਭ ਤੋਂ ਵਧੇਰੇ ਗਿਣਤੀ ਹੈ। ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ।
ਪਾਕਿਸਤਾਨ ਵਿਚ ਇਕ ਮਹੀਨੇ ਤੋਂ ਲੱਗੇ ਲਾਕਡਾਊਨ ਦੀਆਂ ਪਾਬੰਦੀਆਂ ਹੌਲੀ-ਹੌਲੀ ਘੱਟ ਕੀਤੀਆਂ ਜਾ ਰਹੀਆਂ ਹਨ। ਕੋਵਿਡ-19 ਦੇ ਮਾਮਲਿਆਂ ਵਿਚ ਵਾਧੇ ਦੇ ਬਾਵਜੂਦ ਲਾਕਡਾਊਨ ਹਟਾਉਣ ਦਾ ਪਹਿਲਾ ਪੜਾਅ ਸ਼ਨੀਵਾਰ ਨੂੰ ਸ਼ੁਰੂ ਕਰ ਦਿੱਤਾ ਗਿਆ। ਸਰਕਾਰ ਨੇ ਵਧੇਰੇ ਕਾਰੋਬਾਰਾਂ ਨੂੰ ਸਵੇਰ ਤੋਂ ਸ਼ਾਮ ਪੰਜ ਵਜੇ ਤੱਕ ਖੋਲ੍ਹਣ ਦਾ ਐਲਾਨ ਕਰ ਦਿੱਤਾ। ਰਾਸ਼ਟਰੀ ਸਿਹਤ ਮੰਤਰਾਲਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਵਿਚ ਇਨਫੈਕਸ਼ਨ ਕਾਰਣ 21 ਲੋਕਾਂ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਸੂਬੇ ਵਿਚ ਇਸ ਇਨਫੈਕਸ਼ਨ ਕਾਰਣ ਮਰਨ ਵਾਲੇ ਲੋਕਾਂ ਦੀ ਗਿਣਤੀ 639 ਤੱਕ ਪਹੁੰਚ ਗਈ। ਹੁਣ ਤੱਕ 8,023 ਲੋਕ ਇਲਾਜ ਤੋਂ ਬਾਅਦ ਇਨਫੈਕਸ਼ਨ ਮੁਕਤ ਹੋ ਚੁੱਕੇ ਹਨ। ਦੇਸ਼ ਦੇ ਪੰਜਾਬ ਸੂਬੇ ਵਿਚ 11,093 ਮਾਮਲੇ, ਸਿੰਧ ਵਿਚ 10,771, ਖੈਬਰ ਪਖਤੂਨਖਵਾ ਵਿਚ 4,509, ਬਲੋਚਿਸਤਾਨ ਵਿਚ 1,935, ਇਸਲਾਮਾਬਾਦ ਵਿਚ 641, ਗਿਲਗਿਤ ਬਾਲਟਿਸਤਾਨ ਵਿਚ 430 ਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਵਿਚ 86 ਮਾਮਲੇ ਸਾਹਮਣੇ ਆਏ ਹਨ। ਦੇਸ਼ ਵਿਚ ਇਨਫੈਕਸ਼ਨ ਦੇ ਕੁੱਲ ਮਾਮਲੇ 29,465 ਹੋ ਗਏ ਹਨ।