ਬੈਲਜੀਅਮ ’ਚ ਵਿਸ਼ਵ ਯੁੱਧਾਂ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ, ਪੰਜ ਨਿਸ਼ਾਨ ਸਾਹਿਬਾਂ ਨਾਲ ਕੱਢੀ ਗਈ ਪੋਪੀ ਪਰੇਡ

Thursday, Nov 12, 2026 - 04:54 PM (IST)

ਬੈਲਜੀਅਮ ’ਚ ਵਿਸ਼ਵ ਯੁੱਧਾਂ ਦੇ ਸਿੱਖ ਸ਼ਹੀਦਾਂ ਨੂੰ ਸ਼ਰਧਾਂਜਲੀ, ਪੰਜ ਨਿਸ਼ਾਨ ਸਾਹਿਬਾਂ ਨਾਲ ਕੱਢੀ ਗਈ ਪੋਪੀ ਪਰੇਡ

ਲੰਡਨ/ਬੈਲਜੀਅਮ (ਸਰਬਜੀਤ ਸਿੰਘ ਬਨੂੜ)- ਪਹਿਲੇ ਤੇ ਦੂਜੇ ਵਿਸ਼ਵ ਯੁੱਧ ਦੌਰਾਨ ਯੂਰਪ ਦੀ ਧਰਤੀ ’ਤੇ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਸਿੱਖ ਸਿਪਾਹੀਆਂ ਦੀ ਯਾਦ 'ਚ ਬੈਲਜੀਅਮ ਦੇ ਇਤਿਹਾਸਕ ਸ਼ਹਿਰ ਈਪਰ ਅਤੇ ਹੋਲੇਬੇਕੇ ਵਿਖੇ ਵਿਸ਼ੇਸ਼ ਯਾਦਗਾਰੀ ਸਮਾਗਮ ਕਰਵਾਏ ਗਏ। ਇਨ੍ਹਾਂ ਸਮਾਗਮਾਂ 'ਚ ਬੈਲਜੀਅਮ, ਫਰਾਂਸ, ਨੀਦਰਲੈਂਡ ਅਤੇ ਹੋਰ ਯੂਰਪੀ ਦੇਸ਼ਾਂ ਤੋਂ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਤੋਂ ਇਲਾਵਾ ਫੌਜੀ, ਸਾਬਕਾ ਫ਼ੌਜੀਆਂ ਅਤੇ ਬੈਲਜੀਅਮ ਦੇ ਉੱਚ ਸਰਕਾਰੀ ਅਧਿਕਾਰੀਆਂ ਤੇ ਕੌਮਾਂਤਰੀ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। 

ਫਲੈਂਡਰਜ਼ ਸਰਕਾਰ ਦੇ ਮੁੱਖ ਮੰਤਰੀ ਮੈਥਿਆਸ ਡੀਪੈਂਡੇਲ ਨੇ ਮੈਨਿਨ ਗੇਟ ਵਿਖੇ ਫੁੱਲਾਂ ਦਾ ਹਾਰ ਭੇਟ ਕਰ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਲਾਸਟ ਪੋਸਟ ਐਸੋਸੀਏਸ਼ਨ ਦੇ ਪ੍ਰਧਾਨ ਬੇਨੋਆ ਮੋਤਰੀ ਨੇ ਆਪਣੇ ਸੰਬੋਧਨ ਵਿੱਚ ਵਿਸ਼ਵ ਸ਼ਾਂਤੀ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਸਮਾਗਮ ਲਈ ਨਾਟੋ ਦੇ ਡਿਪਟੀ ਸੁਪਰੀਮ ਅਲਾਈਡ ਕਮਾਂਡਰ ਯੂਰਪ ਸਮੇਤ ਕਈ ਕੌਮਾਂਤਰੀ ਨੁਮਾਇੰਦਿਆਂ ਵੀ ਹਾਜ਼ਰ ਸਨ। ਇਸ ਮੌਕੇ ਜੰਗ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਦੀ ਬਹਾਦਰੀ, ਕੁਰਬਾਨੀ ਅਤੇ ਸੇਵਾਵਾਂ ਨੂੰ ਯਾਦ ਕੀਤਾ ਗਿਆ। 

PunjabKesari

ਇਨ੍ਹਾਂ ਯਾਦਗਾਰੀ ਸਮਾਗਮਾਂ ਦੀ ਸ਼ੁਰੂਆਤ ਇਤਿਹਾਸਕ ਪੋਪੀ ਪਰੇਡ ਨਾਲ ਹੋਈ, ਜਿਸ 'ਚ ਪੈਰਿਸ ਤੋਂ ਵਿਸ਼ੇਸ਼ ਤੌਰ ’ਤੇ ਪੁੱਜੇ ਪੰਜ ਨਿਸ਼ਾਨ ਸਾਹਿਬਧਾਰੀ ਸਿੰਘ ਖਾਲਸਾਈ ਬਾਣੇ 'ਚ ਸ਼ਾਮਲ ਹੋਏ। ਪਰੇਡ ਦੌਰਾਨ ਕੇਸਰੀ ਨਿਸ਼ਾਨ ਸਾਹਿਬਾਂ ਨਾਲ ਸਿੱਖਾਂ ਦੀ ਹਾਜ਼ਰੀ ਵਿਸ਼ੇਸ਼ ਖਿੱਚ ਦਾ ਕੇਂਦਰ ਬਣੀ। ਵਿਸ਼ਵ ਯੁੱਧਾਂ ਦੇ ਸ਼ਹੀਦਾਂ ਨੂੰ ਸਮਰਪਿਤ ਇਸ ਸਮਾਗਮ 'ਚ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਅਤੇ ਸਿੱਖ ਸੰਗਤਾਂ ਨੇ ਸ਼ਰਧਾ ਨਾਲ ਹਿੱਸਾ ਲਿਆ।

ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ 'ਚੋਂ ਭਾਈ ਮੇਜਰ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ। ਈਪਰ ਦੇ ਪ੍ਰਸਿੱਧ ਮੈਨਿਨ ਗੇਟ ਵਿਖੇ ਹੋਈ ‘ਲਾਸਟ ਪੋਸਟ’ ਰਸਮ ਦੌਰਾਨ ਵੱਖ-ਵੱਖ ਵਫ਼ਦਾਂ ਵੱਲੋਂ ਫੁੱਲਾਂ ਦੇ ਹਾਰ ਭੇਟ ਕਰਕੇ ਜੰਗ ਵਿੱਚ ਜਾਨਾਂ ਗੁਆਉਣ ਵਾਲੇ ਸਿਪਾਹੀਆਂ ਨੂੰ ਸ਼ਰਧਾਂਜਲੀ ਦਿੱਤੀ ਗਈ। ਇਸ ਦੌਰਾਨ ਸਿੱਖ ਸਿਪਾਹੀਆਂ ਦੀਆਂ ਕੁਰਬਾਨੀਆਂ ਨੂੰ ਵੀ ਵਿਸ਼ੇਸ਼ ਤੌਰ ’ਤੇ ਯਾਦ ਕੀਤਾ ਗਿਆ।

ਜ਼ਿਕਰਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਨੇ ਫਰਾਂਸ ਅਤੇ ਬੈਲਜੀਅਮ ਸਮੇਤ ਯੂਰਪ ਦੇ ਪੱਛਮੀ ਮੋਰਚੇ ’ਤੇ ਅਹਿਮ ਭੂਮਿਕਾ ਨਿਭਾਈ ਸੀ। ਹਜ਼ਾਰਾਂ ਭਾਰਤੀ ਫੌਜੀਆਂ ਨੇ ਇਨ੍ਹਾਂ ਮੋਰਚਿਆਂ ’ਤੇ ਜੰਗ ਲੜੀ ਅਤੇ ਅਨੇਕਾਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ। ਅੱਜ ਵੀ ਬੈਲਜੀਅਮ ਅਤੇ ਫਰਾਂਸ ਦੇ ਕਈ ਜੰਗੀ ਸਮਾਰਕ ਅਤੇ ਕਬਰਸਤਾਨ ਉਨ੍ਹਾਂ ਕੁਰਬਾਨੀਆਂ ਦੀ ਯਾਦ ਸੰਭਾਲੀ ਬੈਠੇ ਹਨ।

PunjabKesari

ਯਾਦਗਾਰੀ ਸਮਾਗਮ ਤੋਂ ਬਾਅਦ ਈਪਰ ਦੇ ਇੰਗਲਿਸ਼ ਚਰਚ ਵਿਖੇ ਸੰਗਤਾਂ ਲਈ ਗੁਰੂ ਕਾ ਲੰਗਰ ਵਰਤਾਇਆ ਗਿਆ। ਚਰਚ ਦੇ ਪਾਦਰੀ ਰਿਚਰਡ ਕਲੇਮੈਂਟ ਵੱਲੋਂ ਸਿੱਖ ਭਾਈਚਾਰੇ ਦੇ ਸਹਿਯੋਗ ਨਾਲ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ ਗਈ। ਲੰਗਰ ਦੀ ਤਿਆਰੀ ਅਤੇ ਸੇਵਾ ਵਿੱਚ ਸਥਾਨਕ ਸਿੱਖ ਸੰਗਤਾਂ ਤੋਂ ਇਲਾਵਾ ਭਾਈ ਗੁਰਕੀਰਤ ਸਿੰਘ ਅਤੇ ਭਾਈ ਪਰਗਟ ਸਿੰਘ ਨੇ ਵਿਸ਼ੇਸ਼ ਯੋਗਦਾਨ ਪਾਇਆ।

ਇਸ ਮੌਕੇ ਪਹਿਲੇ ਵਿਸ਼ਵ ਯੁੱਧ 'ਚ ਸਿੱਖ ਸਿਪਾਹੀਆਂ ਦੀ ਭੂਮਿਕਾ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਨਾਲ ਸਬੰਧਤ ਇਤਿਹਾਸਕ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਪ੍ਰਦਰਸ਼ਨੀ ਰਾਹੀਂ ਹਾਜ਼ਰ ਲੋਕਾਂ ਨੂੰ ਯੂਰਪ ਦੀ ਧਰਤੀ ’ਤੇ ਸਿੱਖ ਫੌਜੀਆਂ ਵੱਲੋਂ ਨਿਭਾਈਆਂ ਸੇਵਾਵਾਂ ਅਤੇ ਉਨ੍ਹਾਂ ਦੇ ਇਤਿਹਾਸ ਬਾਰੇ ਜਾਣਕਾਰੀ ਦਿੱਤੀ ਗਈ।

ਸਮਾਗਮ ਦੌਰਾਨ ਸਾਲ 1999 ਤੋਂ ਸਿੱਖ ਭਾਈਚਾਰੇ ਨਾਲ ਜੁੜ ਕੇ ਸਹਿਯੋਗ ਕਰਦੇ ਆ ਰਹੇ ਡੋਮੀਨਿਕ ਵੈਂਡੇਵਨ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਸੇ ਤਰ੍ਹਾਂ ਰੋਜਰ ਸਮੇਟ ਵੱਲੋਂ ਦਿੱਤੇ ਸਹਿਯੋਗ ਦੀ ਵੀ ਸ਼ਲਾਘਾ ਕੀਤੀ ਗਈ। ਭਾਈ ਮੇਜਰ ਸਿੰਘ ਜੀ ਨੂੰ ਵੀ ਵਿਸ਼ੇਸ਼ ਸਨਮਾਨ ਭੇਟ ਕੀਤਾ ਗਿਆ ਅਤੇ ਲੰਗਰ ਦੀ ਸੇਵਾ ਨਿਭਾਉਣ ਵਾਲੇ ਸੇਵਾਦਾਰਾਂ ਦਾ ਧੰਨਵਾਦ ਕੀਤਾ ਗਿਆ।

ਇਸ ਉਪਰੰਤ ਸੰਗਤਾਂ ਨੇ ਹੋਲੇਬੇਕੇ ਵਿਖੇ ਸਥਿਤ ਸਿੱਖ ਸਮਾਰਕ ’ਤੇ ਪੁੱਜ ਕੇ ਸ਼ਹੀਦ ਸਿਪਾਹੀਆਂ ਨੂੰ ਸ਼ਰਧਾਂਜਲੀ ਭੇਟ ਕੀਤੀ। ਭਾਈ ਮੇਜਰ ਸਿੰਘ ਜੀ ਵੱਲੋਂ ਸਮਾਰਕ ’ਤੇ ਪੁਸ਼ਪ-ਮਾਲਾ ਚੜ੍ਹਾਈ ਗਈ ਅਤੇ ਅਰਦਾਸ ਕਰਕੇ ਪਹਿਲੇ ਵਿਸ਼ਵ ਯੁੱਧ ਦੌਰਾਨ ਸ਼ਹੀਦ ਹੋਏ ਸਿੱਖ ਫੌਜੀਆਂ ਸਮੇਤ ਜੰਗ ਦੇ ਸਮੂਹ ਪੀੜਤਾਂ ਨੂੰ ਯਾਦ ਕੀਤਾ ਗਿਆ।

PunjabKesari

ਸੰਗਤਾਂ ਵੱਲੋਂ ਭਾਈ ਕ੍ਰਿਸ਼ਨ ਸਿੰਘ ਅਤੇ ਭਾਈ ਗੁਰਜ ਸਿੰਘ ਦੀਆਂ ਯਾਦਗਾਰੀ ਅਸਥਾਨਾਂ ’ਤੇ ਵੀ ਪੁਸ਼ਪ-ਮਾਲਾਵਾਂ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਇਨ੍ਹਾਂ ਯਾਦਗਾਰੀ ਸਰਗਰਮੀਆਂ ਵਿੱਚ ਗੁਰਦੁਆਰਾ ਸੰਗਤ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਭਾਈ ਸੁਰਜੀਤ ਸਿੰਘ ਵੱਲੋਂ ਵਿਸ਼ੇਸ਼ ਸਹਿਯੋਗ ਦਿੱਤਾ ਗਿਆ।

ਇਸ ਮੌਕੇ ਬੈਲਜੀਅਮ ਤੋਂ ਭਾਈ ਗੁਰਦਿਆਲ ਸਿੰਘ ਢਕਾਨਸੂ, ਫਰਾਂਸ ਤੋਂ ਭਾਈ ਸਤਨਾਮ ਸਿੰਘ ਅਤੇ ਜਥੇਦਾਰ ਅਕਾਲੀ ਬਾਬਾ ਕੁਲਾ ਸਿੰਘ ਗੱਤਕਾ ਅਖਾੜੇ ਦੇ ਸਿੰਘਾਂ ਤੋਂ ਇਲਾਵਾ ਨੀਦਰਲੈਂਡ ਤੋਂ ਭਾਈ ਹਰਜੀਤ ਸਿੰਘ, ਭਾਈ ਹਰਜੋਤ ਸਿੰਘ ਸੰਧੂ, ਭਾਈ ਪਿਥੀਪਾਲ ਸਿੰਘ ਪਟਵਾਰੀ, ਭਾਈ ਕਰਮ ਸਿੰਘ ਅਤੇ ਹੋਰ ਸੇਵਾਦਾਰਾਂ ਨੇ ਹਾਜ਼ਰੀ ਭਰੀ।

ਸਮਾਗਮ ਦੇ ਪ੍ਰਬੰਧਕਾਂ ਅਤੇ ਸਿੱਖ ਸੰਗਤਾਂ ਨੇ ਕਿਹਾ ਕਿ ਅਜਿਹੇ ਯਾਦਗਾਰੀ ਸਮਾਗਮ ਸਿਰਫ਼ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਤੱਕ ਸੀਮਤ ਨਹੀਂ, ਸਗੋਂ ਨਵੀਂ ਪੀੜ੍ਹੀ ਨੂੰ ਆਪਣੇ ਇਤਿਹਾਸ, ਪੁਰਖਿਆਂ ਦੀਆਂ ਕੁਰਬਾਨੀਆਂ ਅਤੇ ਸਿੱਖ ਕੌਮ ਵੱਲੋਂ ਵਿਸ਼ਵ ਇਤਿਹਾਸ ਵਿੱਚ ਪਾਏ ਯੋਗਦਾਨ ਤੋਂ ਜਾਣੂ ਕਰਵਾਉਣ ਦਾ ਮਹੱਤਵਪੂਰਨ ਸਾਧਨ ਵੀ ਹਨ।

ਉਨ੍ਹਾਂ ਕਿਹਾ ਕਿ ਯੂਰਪ ਦੀ ਧਰਤੀ ’ਤੇ ਸਿੱਖ ਸਿਪਾਹੀਆਂ ਦੀਆਂ ਕੁਰਬਾਨੀਆਂ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਅਤੇ ਆਉਣ ਵਾਲੀਆਂ ਪੀੜ੍ਹੀਆਂ ਤੱਕ ਇਸ ਇਤਿਹਾਸ ਨੂੰ ਪਹੁੰਚਾਉਣਾ ਸਮੁੱਚੇ ਸਿੱਖ ਭਾਈਚਾਰੇ ਦੀ ਸਾਂਝੀ ਜ਼ਿੰਮੇਵਾਰੀ ਹੈ।


author

Harpreet SIngh

Content Editor

Related News