'ਤਾਈਵਾਨ ਦਾ ਚੀਨ 'ਚ ਮੁੜ ਮਿਲਣਾ ਤੈਅ' ! ਸ਼ੀ ਜਿਨਪਿੰਗ ਨੇ ਦੇ'ਤਾ ਵੱਡਾ ਬਿਆਨ

Thursday, Nov 12, 2026 - 03:26 PM (IST)

'ਤਾਈਵਾਨ ਦਾ ਚੀਨ 'ਚ ਮੁੜ ਮਿਲਣਾ ਤੈਅ' !  ਸ਼ੀ ਜਿਨਪਿੰਗ ਨੇ ਦੇ'ਤਾ ਵੱਡਾ ਬਿਆਨ

ਇੰਟਰਨੈਸ਼ਨਲ ਡੈਸਕ: ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸਪੱਸ਼ਟ ਕੀਤਾ ਹੈ ਕਿ ਇਤਿਹਾਸ ਦੀ ਧਾਰਾ ਨੂੰ ਰੋਕਿਆ ਨਹੀਂ ਜਾ ਸਕਦਾ। ਉਨ੍ਹਾਂ ਨੇ ਤਾਈਵਾਨ ਦੇ ਮਾਂ-ਭੂਮੀ ਨਾਲ ਪੂਰਨ "ਏਕੀਕਰਨ" ਦਾ ਸੱਦਾ ਦਿੰਦਿਆਂ ਇਸ ਨੂੰ ਸ਼ਾਂਤੀਪੂਰਨ ਤਰੀਕੇ ਨਾਲ ਪ੍ਰਾਪਤ ਕਰਨ ਦਾ ਸੰਕਲਪ ਲਿਆ ਹੈ। ਬੀਜਿੰਗ ਦੇ 'ਗ੍ਰੇਟ ਹਾਲ ਆਫ਼ ਦ ਪੀਪਲ' ਵਿੱਚ ਕ੍ਰਾਂਤੀਕਾਰੀ ਨਾਇਕ ਸਨ ਯਾਤ-ਸੇਨ ਦੇ 160ਵੇਂ ਜਨਮ ਦਿਹਾੜੇ 'ਤੇ ਆਯੋਜਿਤ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ਼ੀ ਜਿਨਪਿੰਗ ਨੇ ਕਿਹਾ ਕਿ ਮਾਂ-ਭੂਮੀ ਦਾ ਪੂਰਨ ਏਕੀਕਰਨ ਲਾਜ਼ਮੀ ਤੌਰ 'ਤੇ ਸਾਕਾਰ ਹੋਣਾ ਚਾਹੀਦਾ ਹੈ ਅਤੇ ਇਹ ਯਕੀਨੀ ਤੌਰ 'ਤੇ ਸਾਕਾਰ ਹੋਵੇਗਾ। ਆਪਣੇ ਇਸ ਭਾਸ਼ਣ ਦੌਰਾਨ ਉਨ੍ਹਾਂ ਨੇ ਫੌਜੀ ਸ਼ਕਤੀ ਦੀ ਵਰਤੋਂ ਕਰਨ ਦਾ ਕੋਈ ਜ਼ਿਕਰ ਨਹੀਂ ਕੀਤਾ।

ਸ਼ੀ ਜਿਨਪਿੰਗ ਨੇ ਦੁਹਰਾਇਆ ਕਿ ਚੀਨ "ਸ਼ਾਂਤੀਪੂਰਨ ਏਕੀਕਰਨ" ਅਤੇ "ਇੱਕ ਦੇਸ਼, ਦੋ ਪ੍ਰਣਾਲੀਆਂ" ਦੀ ਨੀਤੀ 'ਤੇ ਦ੍ਰਿੜ੍ਹਤਾ ਨਾਲ ਕਾਇਮ ਹੈ। ਉਨ੍ਹਾਂ ਕਿਹਾ ਕਿ ਚੀਨ "ਇੱਕ ਚੀਨ ਸਿਧਾਂਤ" ਨੂੰ ਪ੍ਰਮੁੱਖ ਰੱਖਦੇ ਹੋਏ ਤਾਈਵਾਨ ਨਾਲ ਗੱਲਬਾਤ ਕਰਨ ਲਈ ਤਿਆਰ ਹੈ। ਰਾਸ਼ਟਰਪਤੀ ਸ਼ੀ ਨੇ ਤਾਈਵਾਨ ਦੇ ਨਾਗਰਿਕਾਂ ਸਮੇਤ ਸਮੁੱਚੇ ਚੀਨੀ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਤਾਈਵਾਨ ਦੀ ਆਜ਼ਾਦੀ ਦੇ ਸਮਰਥਕ "ਵੱਖਵਾਦੀ" ਬਲਾਂ ਦਾ ਮਿਲ ਕੇ ਵਿਰੋਧ ਕਰਨ ਅਤੇ ਸਮੁੰਦਰੀ ਜਲਡਮਰੂਮੱਧ ਦੇ ਦੋਵੇਂ ਪਾਸੇ ਸ਼ਾਂਤੀਪੂਰਨ ਵਿਕਾਸ ਲਈ ਯਤਨ ਕਰਨ। ਉਨ੍ਹਾਂ ਕਿਹਾ ਕਿ ਤਾਈਵਾਨ ਮੁੱਦੇ ਨੂੰ ਸੁਲਝਾਉਣਾ ਚੀਨੀ ਕਮਿਊਨਿਸਟ ਪਾਰਟੀ ਦਾ ਅਟੱਲ ਇਤਿਹਾਸਕ ਮਿਸ਼ਨ ਹੈ।

PunjabKesari

ਚੀਨੀ ਰਾਸ਼ਟਰਪਤੀ ਦਾ ਇਹ ਬਿਆਨ ਚੀਨ ਦੇ ਦੱਖਣੀ ਤਕਨਾਲੋਜੀ ਗੜ੍ਹ ਸ਼ੇਨਜ਼ੇਨ ਵਿੱਚ ਹੋਣ ਵਾਲੇ ਏਪੇਕ ਸ਼ਿਖਰ ਸੰਮੇਲਨ ਤੋਂ ਠੀਕ ਇੱਕ ਹਫ਼ਤਾ ਪਹਿਲਾਂ ਆਇਆ ਹੈ, ਜਿੱਥੇ ਉਨ੍ਹਾਂ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਮੁਲਾਕਾਤ ਹੋਣੀ ਤੈਅ ਹੈ। ਇਸ ਤੋਂ ਇਲਾਵਾ ਇਹ ਭਾਸ਼ਣ ਤਾਈਵਾਨ ਵਿੱਚ ਹੋਣ ਵਾਲੀਆਂ ਮਹੱਤਵਪੂਰਨ ਸਥਾਨਕ ਚੋਣਾਂ ਤੋਂ ਦੋ ਹਫ਼ਤੇ ਤੋਂ ਵੀ ਘੱਟ ਸਮਾਂ ਪਹਿਲਾਂ ਦਿੱਤਾ ਗਿਆ ਹੈ। ਹਾਲਾਂਕਿ ਸ਼ੀ ਜਿਨਪਿੰਗ ਨੇ ਫੌਜ ਦੀ ਵਰਤੋਂ ਦਾ ਜ਼ਿਕਰ ਨਹੀਂ ਕੀਤਾ, ਪਰ ਚੀਨੀ ਫੌਜ ਰੋਜ਼ਾਨਾ ਆਧਾਰ 'ਤੇ ਤਾਈਵਾਨ ਟਾਪੂ ਦੇ ਆਸ-ਪਾਸ ਆਪਣੀਆਂ ਗਤੀਵਿਧੀਆਂ ਚਲਾ ਰਹੀ ਹੈ। ਇਸ ਲਈ ਸਵਾਲ ਇਹ ਹੈ ਕਿ ਕੀ ਚੀਨ ਅਗਲੇ ਸਾਲ ਯਾਨੀ 2027 ਵਿੱਚ ਤਾਈਵਾਨ 'ਤੇ ਹਮਲਾ ਕਰੇਗਾ? ਸਾਲ 2027 ਦਾ ਜ਼ਿਕਰ ਇਸ ਲਈ ਕੀਤਾ ਗਿਆ ਹੈ ਕਿਉਂਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਆਪਣੀ ਫੌਜ (ਪੀਐਲਏ) ਲਈ 2027 ਤੱਕ ਤਾਈਵਾਨ 'ਤੇ ਕਬਜ਼ਾ ਕਰਨ ਦੀ ਸਮਰੱਥਾ ਵਿਕਸਤ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਇਲਾਵਾ 2027 ਚੀਨੀ ਫੌਜ ਦੀ ਸਥਾਪਨਾ ਦੀ 100ਵੀਂ ਵਰ੍ਹੇਗੰਢ ਹੈ।

ਪੜ੍ਹੋ ਇਹ ਅਹਿਮ ਖ਼ਬਰ-  ਦੋਸਤੀ ਛੱਡ ਆਹਮੋ-ਸਾਹਮਣੇ ਹੋਏ ਟਰੰਪ ਅਤੇ ਨੇਤਨਯਾਹੂ !  ਹੋਈ ਤੂੰ ਤੂੰ-ਮੈਂ ਮੈਂ , ਛਿੜੀ ਵੱਡੀ ਚਰਚਾ

ਇੱਥੇ ਦੱਸ ਦਈਏ ਕਿ ਸਨ ਯਾਤ-ਸੇਨ ਨੇ 1911 ਦੀ ਕ੍ਰਾਂਤੀ ਦੀ ਅਗਵਾਈ ਕੀਤੀ ਸੀ, ਜਿਸ ਨੇ ਚੀਨ ਵਿੱਚ ਸਮਰਾਟਾਂ ਦੇ ਸਦੀਆਂ ਪੁਰਾਣੇ ਸ਼ਾਸਨ ਨੂੰ ਖ਼ਤਮ ਕਰਕੇ 'ਰਿਪਬਲਿਕ ਆਫ਼ ਚੀਨ' ਦੀ ਸਥਾਪਨਾ ਕੀਤੀ ਸੀ। ਸ਼ੀ ਜਿਨਪਿੰਗ ਨੇ ਸਨ ਯਾਤ-ਸੇਨ ਨੂੰ ਇੱਕ ਮਹਾਨ ਰਾਸ਼ਟਰੀ ਨਾਇਕ, ਮਹਾਨ ਦੇਸ਼ਭਗਤ ਅਤੇ ਚੀਨ ਦੀ ਲੋਕਤੰਤਰੀ ਕ੍ਰਾਂਤੀ ਦਾ ਮੋਹਰੀ ਦੱਸਿਆ। ਉਨ੍ਹਾਂ ਕਿਹਾ ਕਿ ਸਨ ਯਾਤ-ਸੇਨ ਨੇ ਹਮੇਸ਼ਾ ਦੇਸ਼ ਦੀ ਏਕਤਾ ਦਾ ਸਮਰਥਨ ਕੀਤਾ ਅਤੇ ਦੇਸ਼ ਨੂੰ ਵੰਡਣ ਵਾਲੀਆਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦਾ ਪੁਰਜ਼ੋਰ ਵਿਰੋਧ ਕੀਤਾ।
 

ਦੂਜੇ ਪਾਸੇ, ਤਾਈਵਾਨ ਵਿੱਚ ਸਨ ਯਾਤ-ਸੇਨ ਨੂੰ ਅਧਿਕਾਰਤ ਤੌਰ 'ਤੇ "ਰਾਸ਼ਟਰਪਿਤਾ" ਮੰਨਿਆ ਜਾਂਦਾ ਹੈ ਅਤੇ ਉਨ੍ਹਾਂ ਦੀ ਤਸਵੀਰ ਰਾਸ਼ਟਰਪਤੀ ਦਫ਼ਤਰ ਵਿੱਚ ਲੱਗੀ ਹੋਈ ਹੈ। ਪਿਛਲੇ ਮਹੀਨੇ ਤਾਈਵਾਨ ਨੇ ਆਪਣੇ ਲੋਕਾਂ ਨੂੰ ਚੀਨ ਦੁਆਰਾ ਸਨ ਯਾਤ-ਸੇਨ ਦੀ ਜਯੰਤੀ ਸਬੰਧੀ ਆਯੋਜਿਤ ਪ੍ਰੋਗਰਾਮਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਸੀ ਅਤੇ ਦੋਸ਼ ਲਗਾਇਆ ਸੀ ਕਿ ਚੀਨ ਉਨ੍ਹਾਂ ਦੀ ਵਿਰਾਸਤ ਨੂੰ ਤੋੜ-ਮਰੋੜ ਕੇ ਪੇਸ਼ ਕਰ ਰਿਹਾ ਹੈ। ਤਾਈਵਾਨ ਦੇ ਰਾਸ਼ਟਰਪਤੀ ਲਾਈ ਚਿੰਗ-ਤੇ ਅਤੇ ਉਨ੍ਹਾਂ ਦੀ ਸ਼ਾਸਕ 'ਡੈਮੋਕ੍ਰੇਟਿਕ ਪ੍ਰੋਗਰੈਸਿਵ ਪਾਰਟੀ' ਤਾਈਵਾਨ ਦੀ ਵੱਖਰੀ ਪਛਾਣ ਦੀ ਵਕਾਲਤ ਕਰਦੇ ਹਨ। ਲਾਈ ਚਿੰਗ-ਤੇ ਦਾ ਕਹਿਣਾ ਹੈ ਕਿ ਤਾਈਵਾਨ ਦੇ ਭਵਿੱਖ ਦਾ ਫੈਸਲਾ ਸਿਰਫ਼ ਤਾਈਵਾਨ ਦੇ ਲੋਕ ਹੀ ਕਰ ਸਕਦੇ ਹਨ, ਜਦਕਿ ਚੀਨ ਉਨ੍ਹਾਂ ਨੂੰ "ਵੱਖਵਾਦੀ" ਮੰਨਦਾ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨ ਤੋਂ ਇਨਕਾਰ ਕਰਦਾ ਆ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News