ਪਾਕਿ : ਔਰਤ ਨੇ ਮੁਹੰਮਦ ਸਾਹਿਬ ਦੀ ਥਾਂ ਖ਼ੁਦ ਨੂੰ ਦੱਸਿਆ ਇਸਲਾਮ ਦਾ ਪੈਗੰਬਰ, ਅਦਾਲਤ ਨੇ ਸੁਣਾਈ ਮੌਤ ਦੀ ਸਜ਼ਾ

09/29/2021 6:27:19 PM

ਇੰਟਰਨੈਸ਼ਨਲ ਡੈਸਕ : ਪਾਕਿਸਤਾਨ ਦੀ ਇਕ ਅਦਾਲਤ ਨੇ ਈਸ਼ਨਿੰਦਾ ਦੇ ਦੋਸ਼ ’ਚ ਸਕੂਲ ਦੀ ਇਕ ਮੁੱਖ ਅਧਿਆਪਕਾ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਲਾਹੌਰ ਦੀ ਜ਼ਿਲ੍ਹਾ ਅਤੇ ਸੈਸ਼ਨ ਅਦਾਲਤ ਨੇ ਸੋਮਵਾਰ ਨੂੰ ਨਿਸ਼ਤਰ ਕਾਲੋਨੀ ਦੇ ਇਕ ਪ੍ਰਾਈਵੇਟ ਸਕੂਲ ਦੀ ਮੁੱਖ ਅਧਿਆਪਕਾ ਸਲਮਾ ਤਨਵੀਰ ਨੂੰ ਮੌਤ ਦੀ ਸਜ਼ਾ ਸੁਣਾਈ ਅਤੇ ਉਸ ’ਤੇ 5000 ਪਾਕਿਸਤਾਨੀ ਰੁਪਏ ਜੁਰਮਾਨਾ ਲਾਇਆ। ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਮਨਸੂਰ ਅਹਿਮਦ ਨੇ ਫ਼ੈਸਲੇ ’ਚ ਕਿਹਾ ਕਿ ਤਨਵੀਰ ਨੇ ਪੈਗੰਬਰ ਮੁਹੰਮਦ ਨੂੰ ਇਸਲਾਮ ਦਾ ਆਖਰੀ ਪੈਗੰਬਰ ਨਾ ਮੰਨ ਕੇ ਈਸ਼ਨਿੰਦਾ ਕੀਤੀ। ਲਾਹੌਰ ਪੁਲਸ ਨੇ ਇੱਕ ਸਥਾਨਕ ਮੌਲਵੀ ਦੀ ਸ਼ਿਕਾਇਤ ’ਤੇ 2013 ’ਚ ਤਨਵੀਰ ਵਿਰੁੱਧ ਈਸ਼ਨਿੰਦਾ ਦਾ ਮਾਮਲਾ ਦਰਜ ਕੀਤਾ ਸੀ। ਉਸ ਉੱਤੇ ਪੈਗੰਬਰ ਮੁਹੰਮਦ ਨੂੰ ਇਸਲਾਮ ਦੇ ਆਖਰੀ ਪੈਗੰਬਰ ਵਜੋਂ ਸਵੀਕਾਰ ਨਾ ਕਰਨ ਅਤੇ ਆਪਣੇ ਆਪ ਨੂੰ ਇਸਲਾਮ ਦਾ ਪੈਗੰਬਰ ਹੋਣ ਦਾ ਦਾਅਵਾ ਕਰਨ ਦਾ ਦੋਸ਼ ਸੀ। ਤਨਵੀਰ ਦੇ ਵਕੀਲ ਮੁਹੰਮਦ ਰਮਜ਼ਾਨ ਨੇ ਦਲੀਲ ਦਿੱਤੀ ਸੀ ਕਿ ਉਨ੍ਹਾਂ ਦੇ ਮੁਵੱਕਿਲ ਦੀ ‘ਮਾਨਸਿਕ ਸਥਿਤੀ ਠੀਕ ਨਹੀਂ ਹੈ’ ਅਤੇ ਅਦਾਲਤ ਨੂੰ ਇਸ ਤੱਥ ’ਤੇ ਵਿਚਾਰ ਕਰਨਾ ਚਾਹੀਦਾ ਹੈ।

ਇਹ ਵੀ ਪੜ੍ਹੋ : ਇਟਲੀ ਤੋਂ ਆਈ ਦੁੱਖ ਭਰੀ ਖ਼ਬਰ, ਦਰਦਨਾਕ ਹਾਦਸੇ ’ਚ ਇਕ ਪੰਜਾਬੀ ਸਣੇ ਦੋ ਲੋਕਾਂ ਦੀ ਮੌਤ

‘ਪੰਜਾਬ ਇੰਸਟੀਚਿਊਟ ਆਫ਼ ਮੈਂਟਲ ਹੈਲਥ’ ਦੀ ਮੈਡੀਕਲ ਬੋਰਡ ਦੀ ਰਿਪੋਰਟ ਨੇ ਸਰਕਾਰੀ ਵਕੀਲਾਂ ਵੱਲੋਂ ਅਦਾਲਤ ’ਚ ਪੇਸ਼ ਕੀਤੀ ਗਈ ਰਿਪੋਰਟ ’ਚ ਕਿਹਾ ਹੈ ਕਿ ‘ਸ਼ੱਕੀ ਵਿਅਕਤੀ ਮੁਕੱਦਮਾ ਚਲਾਉਣ ਲਈ ਫਿੱਟ ਹੈ ਕਿਉਂਕਿ ਉਸ ਦੀ ਮਾਨਸਿਕ ਸਥਿਤੀ ਬਿਲਕੁਲ ਠੀਕ ਹੈ।’’ ਪਾਕਿਸਤਾਨ ਦੇ ਵਿਵਾਦਪੂਰਨ ਈਸ਼ਨਿੰਦਾ ਕਾਨੂੰਨ ਤੇ ਇਸ ਦੇ ਅਧੀਨ ਨਿਰਧਾਰਤ ਸਜ਼ਾ ਨੂੰ ਬਹੁਤ ਕਠੋਰ ਮੰਨਿਆ ਜਾਂਦਾ ਹੈ। ਪਾਕਿਸਤਾਨ ’ਚ 1987 ਤੋਂ ਲੈ ਕੇ ਹੁਣ ਤੱਕ ਘੱਟੋ -ਘੱਟ 1472 ਲੋਕਾਂ ਉੱਤੇ ਈਸ਼ਨਿੰਦਾ ਕਾਨੂੰਨ ਦੇ ਤਹਿਤ ਦੋਸ਼ ਆਇਦ ਕੀਤੇ ਗਏ ਹਨ। ਈਸ਼ਨਿੰਦਾ ਦੇ ਦੋਸ਼ੀ ਨੂੰ ਆਮ ਤੌਰ ’ਤੇ ਆਪਣੀ ਪਸੰਦ ਦੇ ਵਕੀਲ ਰੱਖਣ ਦੇ ਅਧਿਕਾਰ ਤੋਂ ਵਾਂਝਾ ਰੱਖਿਆ ਜਾਂਦਾ ਹੈ ਕਿਉਂਕਿ ਜ਼ਿਆਦਾਤਰ ਵਕੀਲ ਅਜਿਹੇ ਸੰਵੇਦਨਸ਼ੀਲ ਮਾਮਲਿਆਂ ਨੂੰ ਲੈਣ ਤੋਂ ਇਨਕਾਰ ਕਰਦੇ ਹਨ। ਈਸ਼ਨਿੰਦਾ ਕਾਨੂੰਨ ਬਸਤੀਵਾਦੀ ਯੁੱਗ ਦੇ ਕਾਨੂੰਨ ਹਨ ਪਰ ਸਾਬਕਾ ਤਾਨਾਸ਼ਾਹ ਜਨਰਲ ਜ਼ਿਆ-ਉਲ- ਹੱਕ ਨੇ ਇਨ੍ਹਾਂ ’ਚ ਸੋਧ ਕੀਤੀ ਸੀ, ਜਿਸ ਨਾਲ ਨਿਰਧਾਰਤ ਸਜ਼ਾ ਦੀ ਗੰਭੀਰਤਾ ਵਧ ਗਈ।


Manoj

Content Editor

Related News