ਪਾਕਿ ’ਚ ਲੱਗੇ ਨਾਅਰੇ, PM ਤੁਸੀਂ ਰੁਜ਼ਗਾਰ ਦੇਣ ਦਾ ਕੀਤਾ ਸੀ ਵਾਅਦਾ ਨਾ ਕਿ ਖੋਹਣ ਦਾ
Wednesday, Oct 07, 2020 - 02:30 AM (IST)

ਇਸਲਾਮਾਬਾਦ-ਪਾਕਿਸਤਾਨ ਦੀ ਰਾਜਧਾਨੀ ਇਸਲਾਮਾਬਾਦ ’ਚ ਸੰਸਦ ਦੇ ਬਾਹਰ ਜ਼ੋਰਦਾਰ ਧਰਨਾ, ਪ੍ਰਦਰਸ਼ਨ ਕੀਤਾ ਗਿਆ। ਇਹ ਪ੍ਰਦਰਸ਼ਨਕਾਰੀ ਰੁਜ਼ਗਾਰ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀ ਨੌਕਰੀ ਨੂੰ ਰੈਗੂਲਰ ਕਰਨ ਅਤੇ ਤਨਖਾਹ ਵਧਾਉਣ ਦੀ ਮੰਗ ਕਰ ਰਹੇ ਸਨ। ਪ੍ਰਦਰਸ਼ਨਕਾਰੀ ਆਪਣੇ ਹੱਥਾਂ ’ਚ ਬੈਨਰ ਫੜੇ ਸਨ ਅਤੇ ਉਨ੍ਹਾਂ ’ਤੇ ਲਿਖਿਆ ਹੋਇਆ ਸੀ ਕਿ ਪ੍ਰਧਾਨ ਮੰਤਰੀ ਨੇ ਜਨਤਾ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਸੀ, ਰੁਜ਼ਗਾਰ ਖੋਹਣ ਦਾ ਨਹੀਂ।
ਪ੍ਰਦਰਸ਼ਨਕਾਰੀ ਜ਼ੋਰਾਂ-ਸ਼ੋਰਾਂ ਨਾਲ ਨਾਅਰੇ ਵੀ ਲੱਗਾ ਰਹੇ ਸਨ।ਪਾਕਿਸਤਾਨ ’ਚ ਬੇਰੁਜ਼ਗਾਰੀ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਰਹੀ ਹੈ। ਕੋਰੋਨਾ ਵਾਇਰਸ ਮਹਾਮਾਰੀ ਅਤੇ ਉਸ ਤੋਂ ਬਾਅਦ ਲਗਾਏ ਗਏ ਲਾਕਡਾਊਨ ਦੇ ਚੱਲਦੇ ਉੱਥੇ ਬਹੁਤ ਵੱਡੇ ਪੱਧਰ ’ਤੇ ਨੌਕਰੀਆਂ ਗਈਆਂ ਹਨ। ਬੇਰੁਜ਼ਗਾਰੀ ਨਾਲ ਲਗਾਤਾਰ ਵਧ ਰਹੀ ਮਹਿੰਗਾਈ ਤੋਂ ਜਨਤਾ ਪ੍ਰੇਸ਼ਾਨ ਹੈ। ਪਾਕਿਤਸਾਨ ’ਚ ਇਸ ਸਮੇਂ 40 ਕਿਲੋ ਕਣਕ ਦੀ ਬੋਰੀ ਦੀ ਕੀਮਤ 2400 ਰੁਪਏ ਹੈ। ਇਸ ਸਮੇਂ ਦੇਸ਼ ’ਚ ਸਬਜ਼ੀਆਂ ਦੇ ਭਾਅ ਵੀ ਸੱਤਵੇ ਅਸਮਾਨ ’ਤੇ ਹਨ। ਪਾਕਿਸਤਾਨ ’ਚ ਸਿਰਫ ਕਣਕ ਹੀ ਮਹਿੰਗੀ ਨਹੀਂ ਹੋਈ ਬਲਕਿ ਟਮਾਟਰ, ਆਲੂ, ਪਿਆਜ਼, ਖੰਡ ਵਰਗੀਆਂ ਜ਼ਰੂਰੀ ਵਸਤਾਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਵਧ ਰਹੀਆਂ ਹਨ।
ਹੋਰ ਸਬਜ਼ੀਆਂ ਦੀਆਂ ਕੀਮਤਾਂ ਵੀ ਵਧ ਗਈਆਂ ਹਨ। ਨੈਸ਼ਨਲ ਪ੍ਰਾਈਸ ਮਾਨਿਟਰਿੰਗ ਕਮੇਟੀ ਦੀ ਮੀਟਿੰਗ ਦੌਰਾਨ ਇਹ ਵੀ ਦੱਸਿਆ ਗਿਆ ਕਿ ਆਲੂ, ਟਮਾਟਰ ਅਤੇ ਪਿਆਜ਼ ਦੇ ਥੋਕ ਅਤੇ ਖੁਦਰਾਂ ਕੀਮਤਾਂ ’ਚ ਲਾਭ ਮਾਰਜਨ ਬਹੁਤ ਵਧ ਗਿਆ ਹੈ ਜਿਸ ਕਾਰਣ ਆਮ ਆਦਮੀ ਪ੍ਰੇਸ਼ਾਨ ਹੈ। ਪਾਕਿਸਤਾਨ ’ਚ ਮਹਿੰਗਾਈ ਵਧਣਾ ਇਮਰਾਨ ਖਾਨ ਨੂੰ ਬੇਚੈਨ ਕਰ ਰਿਹਾ ਹੈ ਕਿਉਂਕਿ ਵਿਰੋਧੀ ਧਿਰ ਨੇ ਪਹਿਲਾਂ ਹੀ ਮਹਾਗਠਜੋੜ ਬਣਾ ਕੇ ਫੌਜ ਅਤੇ ਇਮਰਾਨ ਖਾਨ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ। ਇਸ ਮਹੀਨੇ ਤੋਂ ਵਿਵਸਥਾ ਤਬਦੀਲੀ ਲਈ ਦੇਸ਼ਵਿਆਪੀ ਅੰਦੋਲਨ ਕੀਤਾ ਜਾਣਾ ਤੈਅ ਹੋਇਆ ਹੈ।