ਪਾਕਿ PM ਇਮਰਾਨ ਖਾਨ ਨੇ ਕਿਹਾ, ਜਿਨ੍ਹਾਂ ਦੇ ਨਾਂ 'ਪੰਡੋਰਾ ਪੇਪਰਜ਼' 'ਚ ਆਏ ਹਨ, ਉਨ੍ਹਾਂ ਦੀ ਹੋਵੇਗੀ ਜਾਂਚ

10/04/2021 5:04:01 PM

ਇਸਲਾਮਾਬਾਦ (ਭਾਸ਼ਾ) - ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਕਿਹਾ ਹੈ ਕਿ 'ਪੰਡੋਰਾ ਪੇਪਰਜ਼' ਵਿਚ ਜਿਨ੍ਹਾਂ-ਜਿਨ੍ਹਾਂ ਦੇ ਨਾਮ ਆਏ ਹਨ, ਸਰਕਾਰ ਉਨ੍ਹਾਂ ਦੀ ਜਾਂਚ ਕਰਵਾਏਗੀ। ਇਸ ਵਿਚ 700 ਤੋਂ ਵੱਧ ਪਾਕਿਸਤਾਨੀ ਨਾਗਰਿਕਾਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿਚ ਕੁਝ ਮੰਤਰੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਅਤੇ ਵੱਡੇ ਕਾਰੋਬਾਰੀ ਸ਼ਾਮਲ ਹਨ। ਵਿਸ਼ਵ ਪ੍ਰਸਿੱਧ ਹਸਤੀਆਂ ਦੇ ਵਿੱਤੀ ਨਿਵੇਸ਼ਾਂ ਨੂੰ ਇੰਟਰਨੈਸ਼ਨਲ ਕੰਸੋਰਟੀਅਮ ਆਫ਼ ਇਨਵੈਸਟੀਗੇਟਿਵ ਜਰਨਲਿਸਟਸ (ਆਈ.ਸੀ.ਆਈ.ਜੇ.) ਵੱਲੋਂ 'ਪੰਡੋਰਾ ਪੇਪਰਜ਼' ਨਾਮ ਨਾਲ ਉਜਾਗਰ ਕੀਤੇ ਜਾਣ ਤੋਂ ਬਾਅਦ ਖਾਨ ਨੇ ਇਕ ਬਿਆਨ ਵਿਚ ਇਹ ਗੱਲ ਕਹੀ। ਲੀਕ ਹੋਏ ਦਸਤਾਵੇਜ਼ਾਂ ਅਨੁਸਾਰ, ਵਿੱਤ ਮੰਤਰੀ ਸ਼ੌਕਤ ਤਾਰਿਨ, ਜਲ ਸਰੋਤ ਮੰਤਰੀ ਮੂਨਿਸ ਇਲਾਹੀ, ਸੈਨੇਟਰ ਫੈਸਲ ਵਾਵਦਾ, ਉਦਯੋਗ ਅਤੇ ਉਤਪਾਦਨ ਮੰਤਰੀ ਖੁਸਰੋ ਬਖਤਿਆਰ ਦੇ ਪਰਿਵਾਰ ਸਮੇਤ ਹੋਰਨਾਂ ਦੇ ਵਿਦੇਸ਼ੀ ਕੰਪਨੀਆਂ ਨਾਲ ਸਬੰਧ ਪਾਏ ਗਏ ਹਨ।

ਇਹ ਵੀ ਪੜ੍ਹੋ : ਪਾਕਿ ’ਚ ਵਾਪਰਿਆ ਭਿਆਨਕ ਸੜਕ ਹਾਦਸਾ, ਫਲਾਈਓਵਰ ਤੋਂ ਹੇਠਾਂ ਡਿੱਗੀ ਬੱਸ, 7 ਲੋਕਾਂ ਦੀ ਮੌਤ

ਪ੍ਰਧਾਨ ਮੰਤਰੀ ਨੇ ਕਿਹਾ ਕਿ ਮੇਰੀ ਸਰਕਾਰ ਪੰਡੋਰਾ ਪੇਪਰਸ ਵਿਚ ਦਰਜ ਦੇਸ਼ ਦੇ ਸਾਰੇ ਨਾਗਰਿਕਾਂ ਦੀ ਜਾਂਚ ਕਰੇਗੀ ਅਤੇ ਜੇ ਕੋਈ ਗਲਤੀ ਪਾਈ ਗਈ ਤਾਂ ਅਸੀਂ ਉਚਿਤ ਕਾਰਵਾਈ ਕਰਾਂਗੇ। ਮੈਂ ਅੰਤਰਰਾਸ਼ਟਰੀ ਭਾਈਚਾਰੇ ਨੂੰ ਇਸ ਗੰਭੀਰ ਬੇਇਨਸਾਫ਼ੀ ਨੂੰ ਜਲਵਾਯੂ ਪਰਿਵਰਤਨ ਸੰਕਟ ਦੇ ਬਰਾਬਰ ਮੰਨਣ ਦੀ ਅਪੀਲ ਕਰਦਾ ਹਾਂ। ਖਾਨ ਨੇ ਕਿਹਾ ਕਿ ਜਿਸ ਤਰ੍ਹਾਂ ਈਸਟ ਇੰਡੀਆ ਕੰਪਨੀ ਨੇ ਭਾਰਤ ਦੀ ਸੰਪਤੀ ਨੂੰ ਲੁੱਟਿਆ, ਉਸੇ ਤਰ੍ਹਾਂ ਵਿਕਾਸਸ਼ੀਲ ਦੇਸ਼ਾਂ ਦੇ ਉੱਚ ਵਰਗ ਵੀ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ਬਦਕਿਸਮਤੀ ਨਾਲ, ਅਮੀਰ ਦੇਸ਼ ਨਾ ਤਾਂ ਇਸ ਵੱਡੀ ਲੁੱਟ ਨੂੰ ਰੋਕਣ ਵਿੱਚ ਦਿਲਚਸਪੀ ਰੱਖਦੇ ਹਨ ਅਤੇ ਨਾ ਹੀ ਇਸ ਲੁੱਟੇ ਹੋਏ ਪੈਸੇ ਨੂੰ ਵਾਪਸ ਲਿਆਉਣ ਵਿਚ। ਖਾਨ ਨੇ ਕਿਹਾ ਕਿ ਸੰਯੁਕਤ ਰਾਸ਼ਟਰ ਦੇ ਜਨਰਲ ਸਕੱਤਰ ਦੀ ਵਿੱਤੀ ਜਵਾਬਦੇਹੀ, ਪਾਰਦਰਸ਼ਤਾ ਅਤੇ ਅਖੰਡਤਾ ਪੈਨਲ (ਐੱਫ.ਏ.ਸੀ.ਟੀ.ਆਈ.) ਨੇ ਗਣਨਾ ਕੀਤੀ ਹੈ ਕਿ 7 ਟ੍ਰਿਲੀਅਨ ਡਾਲਰ ਦੀ ਰਕਮ ਨੂੰ ਲੁਕਾ ਕੇ ਰੱਖਿਆ ਗਿਆ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਦਾ ਦੋ ਦਹਾਕਿਆਂ ਤੋਂ ਵੱਧ ਦਾ ਸੰਘਰਸ਼ ਇਸ ਵਿਸ਼ਵਾਸ 'ਤੇ ਅਧਾਰਤ ਰਿਹਾ ਹੈ ਕਿ ਦੇਸ਼ ਗ਼ਰੀਬ ਨਹੀਂ ਹਨ, ਸਗੋਂ ਭ੍ਰਿਸ਼ਟਾਚਾਰ ਗ਼ਰੀਬੀ ਦਾ ਕਾਰਨ ਬਣਦਾ ਹੈ, ਕਿਉਂਕਿ ਪੈਸਾ ਸਾਡੇ ਦੇਸ਼ ਵਿਚ ਨਿਵੇਸ਼ ਕਰਨ ਤੋਂ ਰੋਕਿਆ ਜਾਂਦਾ ਹੈ।

ਇਹ ਵੀ ਪੜ੍ਹੋ : ਪੰਡੋਰਾ ਪੇਪਰ ’ਚ ਪਕਿ ਦੇ PM ਇਮਰਾਨ ਖਾਨ ਦੇ ਕਰੀਬੀਆਂ ਸਮੇਤ 700 ਤੋਂ ਵੱਧ ਲੋਕਾਂ ਦੇ ਨਾਵਾਂ ਦਾ ਖ਼ੁਲਾਸਾ

'ਪੰਡੋਰਾ ਪੇਪਰਸ' ਵਿਚ ਕੁਝ ਸੇਵਾਮੁਕਤ ਪਾਕਿਸਤਾਨੀ ਫ਼ੌਜੀ ਅਧਿਕਾਰੀਆਂ, ਕਾਰੋਬਾਰੀਆਂ ਦੇ ਨਾਂ ਸ਼ਾਮਲ ਹਨ, ਜਿਨ੍ਹਾਂ ਵਿਚ ਐਗਜ਼ੈਕਟ ਦੇ ਸੀਈਓ ਸ਼ੋਇਬ ਸ਼ੇਖ ਅਤੇ ਮੀਡੀਆ ਕੰਪਨੀ ਦੇ ਮਾਲਕ ਵੀ ਸ਼ਾਮਲ ਹਨ। ਜੀਓ ਨਿਊਜ਼ ਦੀ ਇਕ ਰਿਪੋਰਟ ਦੇ ਅਨੁਸਾਰ, ਲੀਕ ਹੋਏ ਦਸਤਾਵੇਜ਼ਾਂ ਤੋਂ ਇਹ ਖੁਲਾਸਾ ਹੋਇਆ ਹੈ ਕਿ ਪ੍ਰਧਾਨ ਮੰਤਰੀ ਖਾਨ ਦੇ ਅੰਦਰੂਨੀ ਸਰਕਲ ਦੇ "ਮੁੱਖ ਮੈਂਬਰਾਂ" ਨੇ ਲੱਖਾਂ ਡਾਲਰਾਂ ਦੀ ਜਾਇਦਾਦ ਲੁਕਾਈ ਹੋਈ ਹੈ, ਜਿਸ ਵਿਚ ਕੈਬਨਿਟ ਮੰਤਰੀ, ਉਨ੍ਹਾਂ ਦੇ ਪਰਿਵਾਰ ਅਤੇ ਕੰਪਨੀਆਂ, ਟਰੱਸਟ ਦਾ ਸੰਚਾਲਨ ਕਰ ਰਹੇ ਮੁੱਖ ਵਿੱਤੀ ਸਮਰਥਕ ਵੀ ਸ਼ਾਮਲ ਹਨ। ਇਸ ਰਿਪੋਰਟ ਨੂੰ 117 ਦੇਸ਼ਾਂ ਦੇ 150 ਮੀਡੀਆ ਸੰਗਠਨਾਂ ਦੇ 600 ਪੱਤਰਕਾਰਾਂ ਦੀ ਮਦਦ ਨਾਲ ਤਿਆਰ ਕੀਤਾ ਗਿਆ ਹੈ। ਇਸ ਨੂੰ 'ਪੰਡੋਰਾ ਪੇਪਰਜ਼' (ਭਾਨੁਮਤੀ ਦੇ ਪਿਟਾਰੇ 'ਚੋਂ ਨਿਕਲੇ ਦਸਤਾਵੇਜ਼) ਕਰਾਰ ਦਿੱਤਾ ਗਿਆ ਹੈ, ਕਿਉਂਕਿ ਇਸ ਨੇ ਪ੍ਰਭਾਵਸ਼ਾਲੀ ਅਤੇ ਭ੍ਰਿਸ਼ਟ ਲੋਕਾਂ ਦੀ ਲੁਕੀ ਹੋਈ ਦੌਲਤ ਬਾਰੇ ਜਾਣਕਾਰੀ ਦਿੱਤੀ ਹੈ ਅਤੇ ਦੱਸਿਆ ਹੈ ਕਿ ਇਨ੍ਹਾਂ ਲੋਕਾਂ ਨੇ ਕਿਵੇਂ ਹਜ਼ਾਰਾਂ ਅਰਬਾਂ ਡਾਲਰ ਦੀ ਗੈਰ-ਕਾਨੂੰਨੀ ਦੌਲਤ ਲੁਕਾਉਣ ਲਈ ਵਿਦੇਸ਼ ਵਿਚ ਖਾਤਿਆਂ ਦਾ ਇਸਤੇਮਾਲ ਕੀਤਾ।

ਇਹ ਵੀ ਪੜ੍ਹੋ : ਤਾਲਿਬਾਨ ਹਕੂਮਤ ਦੀ ਮਾਰ, ਧੀ ਦੇ ਇਲਾਜ ਲਈ ਅਫ਼ਗਾਨ ਔਰਤ ਨੇ 25 ਹਜ਼ਾਰ 'ਚ ਵੇਚਿਆ ਡੇਢ ਸਾਲਾ ਪੁੱਤਰ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News