ਪਾਕਿ PM ਇਮਰਾਨ ਖਾਨ ਦੇ ਸਿਆਸੀ ਵਿਰੋਧੀਆਂ ’ਤੇ ਨਿਸ਼ਾਨੇ, ਕਿਹਾ-ਪਾਕਿਸਤਾਨ ਨੂੰ ਕੀਤਾ ਤਬਾਹ
Saturday, Dec 18, 2021 - 04:46 PM (IST)
ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਆਪਣੇ ਸਿਆਸੀ ਵਿਰੋਧੀਆਂ ਭੁੱਟੋ ਅਤੇ ਸ਼ਰੀਫ ਪਰਿਵਾਰਾਂ ’ਤੇ ਨਿਸ਼ਾਨਾ ਸਾਧਦੇ ਹੋਏ ਦੋਸ਼ ਲਗਾਇਆ ਕਿ ਉਨ੍ਹਾਂ ਨੇ ਭ੍ਰਿਸ਼ਟਾਚਾਰ ਨੂੰ ਬੜ੍ਹਾਵਾ ਦਿੱਤਾ ਹੈ ਅਤੇ ਪਾਕਿਸਤਾਨ ਨੂੰ ਤਬਾਹ ਕੀਤਾ ਹੈ। ਸ਼ਨੀਵਾਰ ਨੂੰ ਪਾਕਿਸਤਾਨ ਟੈਲੀਵਿਜ਼ਨ (ਪੀ. ਟੀ. ਵੀ.) ’ਤੇ ਪ੍ਰਸਾਰਿਤ ਅਲ ਜਜ਼ੀਰਾ ਨਿਊਜ਼ ਚੈਨਲ ਨੂੰ ਦਿੱਤੇ ਇੰਟਰਵਿਊ ’ਚ ਖਾਨ ਨੇ ਕਿਹਾ ਕਿ ਪਾਕਿਸਤਾਨ ਸਰੋਤਾਂ ਦੇ ਮਾਮਲੇ ’ਚ ਅਮੀਰ ਸੀ ਪਰ ਭੁੱਟੋ ਤੇ ਸ਼ਰੀਫ ਪਰਿਵਾਰਾਂ ਵੱਲੋਂ ਉਨ੍ਹਾਂ ਦੀ ਦੁਰਵਰਤੋਂ ਕੀਤੀ ਗਈ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਖਾਨ ਨੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ. ਐੱਮ. ਐੱਲ.-ਐੱਨ.) ਅਤੇ ਮਰਹੂਮ ਨੇਤਾ ਬੇਨਜ਼ੀਰ ਭੁੱਟੋ ਦੀ ਪਾਕਿਸਤਾਨ ਪੀਪਲਜ਼ ਪਾਰਟੀ (ਪੀ.ਪੀ.ਪੀ.) ’ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਇਹ ਵੰਸ਼ਵਾਦੀ ਪਾਰਟੀਆਂ ਹਨ ਜੋ ਭ੍ਰਿਸ਼ਟਾਚਾਰ ਤੇ ਦੇਸ਼ ਦੇ ਲੋਕਾਂ ਨੂੰ ਦਰਪੇਸ਼ ਮੁਸੀਬਤਾਂ ਦਾ ਕਾਰਨ ਹਨ। ਉਨ੍ਹਾਂ ਕਿਹਾ ਕਿ ਭ੍ਰਿਸ਼ਟਾਚਾਰ ਸਭ ਤੋਂ ਵੱਡੀ ਬੁਰਾਈ ਸੀ ਅਤੇ ਉਨ੍ਹਾਂ ਨੇ ਆਪਣੇ ਪੁਰਾਣੇ ਵਿਚਾਰ ਨੂੰ ਦੁਹਰਾਇਆ ਕਿ ਵਿਕਾਸਸ਼ੀਲ ਦੇਸ਼ਾਂ ਦੇ ਅਮੀਰ ਲੋਕ ਆਪਣੇ ਲੋਕਾਂ ਨੂੰ ਗ਼ਰੀਬ ਬਣਾ ਕੇ ਸਾਰੇ ਸਰੋਤ ਪੱਛਮੀ ਦੇਸ਼ਾਂ ਨੂੰ ਦੇ ਰਹੇ ਹਨ।
ਇਹ ਵੀ ਪੜ੍ਹੋ : ਇਸਤਾਂਬੁਲ ’ਚ ਨਕਲੀ ਸ਼ਰਾਬ ਪੀਣ ਨਾਲ 22 ਲੋਕਾਂ ਦੀ ਮੌਤ
ਜਿਓ ਨਿਊਜ਼ ਦੀ ਖ਼ਬਰ ਦੇ ਅਨੁਸਾਰ ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਹੁੰਦੀ ਹੈ ਕਿ ਪਾਕਿਸਤਾਨ ਇਕ ਖੁਸ਼ਹਾਲ ਦੇਸ਼ ਬਣੇ ਅਤੇ ਉਹ ਦੋ ਬਹੁਤ ਜ਼ਿਆਦਾ ਅਮੀਰ ਪਰਿਵਾਰਾਂ ਨਾਲ ਲੜ ਰਹੀ ਹੈ। ਖਾਨ ਨੇ ਕਿਹਾ, ‘‘ਭ੍ਰਿਸ਼ਟਾਚਾਰ ਦੇਸ਼ ਨੂੰ ਬਰਬਾਦ ਕਰਦਾ ਹੈ। ਗ਼ਰੀਬ ਦੇਸ਼ ਇਸ ਲਈ ਗ਼ਰੀਬ ਨਹੀਂ ਹੁੰਦਾ ਕਿਉਂਕਿ ਉਸ ਕੋਲ ਸਾਧਨ ਨਹੀਂ ਹਨ, ਸਗੋਂ ਇਸ ਲਈ ਕਿ ਉਸ ਦੀ ਲੀਡਰਸ਼ਿਪ ਭ੍ਰਿਸ਼ਟ ਹੈ। ਆਪਣੇ ਇਲਾਜ ਦੇ ਸਿਲਸਿਲੇ ਵਿਚ ਫਿਲਹਾਲ ਲੰਡਨ ’ਚ ਰਹਿ ਰਹੇ ਸਾਬਕਾ ਪ੍ਰਧਾਨ ਮੰਤਰੀ ਸ਼ਰੀਫ ’ਤੇ ਪਾਕਿਸਤਾਨ’ਚ ਭ੍ਰਿਸ਼ਟਾਚਾਰ ਦਾ ਮੁਕੱਦਮਾ ਚੱਲ ਰਿਹਾ ਹੈ। ਪਾਕਿਸਤਾਨ ਦੀ ਸਾਬਕਾ ਪ੍ਰਧਾਨ ਮੰਤਰੀ ਮਰਹੂਮ ਬੇਨਜ਼ੀਰ ਭੁੱਟੋ ਦੇ ਪਤੀ ਆਸਿਫ਼ ਅਲੀ ਜ਼ਰਦਾਰੀ ਵੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, ‘‘ਜੇਕਰ ਮੰਤਰੀਆਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ ਤਾਂ ਮੈਂ ਖੁਦ ਇਸ ਦੀ ਪਾਰਦਰਸ਼ੀ ਜਾਂਚ ਕਰਾਂਗਾ।’’ ਕ੍ਰਿਕਟ ਤੋਂ ਰਾਜਨੀਤੀ ’ਚ ਆਏ ਖਾਨ ਨੇ ਕਿਹਾ ਕਿ ਬ੍ਰਿਟੇਨ ’ਚ ਆਪਣੇ ਲੰਬੇ ਸਮੇਂ ਦੌਰਾਨ ਉਨ੍ਹਾਂ ਨੇ ਦੇਸ਼ ਦੀ ਸਿਆਸੀ ਵਿਵਸਥਾ ਨੂੰ ਚੰਗੀ ਤਰ੍ਹਾਂ ਸਮਝਿਆ ਹੈ ਤੇ ਪੱਛਮੀ ਤਾਕਤਾਂ ਸਿਆਸਤ ਦੀ ਹਮੇਸ਼ਾ ਆਲੋਚਨਾ ਕੀਤੀ ਹੈ। ਖਾਨ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਸ਼ਮੀਰ ਮੁੱਦੇ ਨੂੰ ਹਰ ਮੰਚ ’ਤੇ ਉਠਾਏਗੀ।
ਇਹ ਵੀ ਪੜ੍ਹੋ : CM ਚੰਨੀ ਦੇ ਬਿਆਨ ’ਤੇ ਭੜਕੇ ਜਸਵੀਰ ਗੜ੍ਹੀ, ਕਿਹਾ-ਕਾਂਗਰਸ ਦੇ ਨੇਤਾ ਹੀ ਹਨ ਭਾਜਪਾ ਦੀ ਬੀ-ਟੀਮ
ਭਾਰਤ ਨੇ ਹਮੇਸ਼ਾ ਪਾਕਿਸਤਾਨ ਦੁਆਰਾ 'ਜੰਮੂ ਅਤੇ ਕਸ਼ਮੀਰ' ਦੇ ਸਬੰਧ ਵਿਚ ਦਿੱਤੇ ਗਏ ਸਾਰੇ ਸੰਦਰਭਾਂ ਨੂੰ ਰੱਦ ਕੀਤਾ ਹੈ ਅਤੇ ਕਿਹਾ ਹੈ ਕਿ ਇਹ ਭਾਰਤ ਦਾ ‘ਅਭਿੰਨ ਅਤੇ ਅਟੁੱਟ’’ ਹਿੱਸਾ ਹੈ। ਭਾਰਤ ਨੇ ਪਾਕਿਸਤਾਨ ਨੂੰ ਵਾਰ-ਵਾਰ ਕਿਹਾ ਹੈ ਕਿ ਉਹ ਦੇਸ਼ ਦੇ ਅੰਦਰੂਨੀ ਮਾਮਲਿਆਂ ’ਚ ਦਖਲਅੰਦਾਜ਼ੀ ਨਾ ਕਰੇ। ਅਫ਼ਗਾਨ ਸੰਕਟ ’ਤੇ ਚਿੰਤਾ ਪ੍ਰਗਟ ਕਰਦੇ ਹੋਏ ਖਾਨ ਨੇ ਕਿਹਾ ਕਿ ਗੁਆਂਢੀ ਦੇਸ਼ ’ਚ ਲੋਕ ਭੁੱਖੇ ਮਰ ਰਹੇ ਹਨ ਅਤੇ ਅਮਰੀਕਾ ਨੂੰ ਉਨ੍ਹਾਂ ਦੀ ਮਦਦ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ 9/11 (11 ਸਤੰਬਰ 2001) ਦੇ ਅੱਤਵਾਦੀ ਹਮਲਿਆਂ ’ਚ ਕੋਈ ਵੀ ਅਫਗਾਨ ਸ਼ਾਮਲ ਨਹੀਂ ਸੀ, ਫਿਰ ਵੀ ਅਮਰੀਕਾ ਨੇ ਅਣਪਛਾਤੇ ਕਾਰਨਾਂ ਕਰਕੇ ਅਫ਼ਗਾਨਿਸਤਾਨ 'ਤੇ ਹਮਲਾ ਕੀਤਾ। “ਮੈਨੂੰ ਨਹੀਂ ਪਤਾ ਕਿ ਅਮਰੀਕਾ ਅਫ਼ਗਾਨਿਸਤਾਨ ਵਿਚੋਂ ਕੀ ਹਾਸਲ ਕਰਨਾ ਚਾਹੁੰਦਾ ਸੀ। ਅਖੌਤੀ ਜੰਗ (ਅੱਤਵਾਦ ਵਿਰੁੱਧ) ਦੇ ਨਾਂ ’ਤੇ ਉਸ ਨੇ 20 ਸਾਲਾਂ ਤੱਕ ਦੇਸ਼ ਨੂੰ ਆਪਣੇ ਕਬਜ਼ੇ ਹੇਠ ਰੱਖਿਆ। ਜੇਕਰ ਟੀਚਾ ਸਿਰਫ ਅਲ-ਕਾਇਦਾ ਨੂੰ ਖਤਮ ਕਰਨਾ ਸੀ, ਤਾਂ ਇਹ ਦੋ ਸਾਲਾਂ ’ਚ ਪੂਰਾ ਹੋ ਗਿਆ ਸੀ।"
ਨੋਟ-ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰ ਕੇ ਦੱਸੋ