ਪਾਕਿ ਦੇ PM ਅਤੇ ਵਿਰੋਧੀ ਧਿਰ ਦੇ ਨੇਤਾ ਅੱਜ ਤੈਅ ਕਰਨਗੇ ਕਾਰਜਕਾਰੀ ਪ੍ਰਧਾਨ ਮੰਤਰੀ ਦਾ ਨਾਂ

08/12/2023 1:35:26 PM

ਇਸਲਾਮਾਬਾਦ (ਭਾਸ਼ਾ)- ਪਾਕਿਸਤਾਨ ਦੇ ਰਾਸ਼ਟਰਪਤੀ ਆਰਿਫ਼ ਅਲਵੀ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਰਹੇ ਸ਼ਹਿਬਾਜ਼ ਸ਼ਰੀਫ਼ ਅਤੇ ਨੈਸ਼ਨਲ ਅਸੈਂਬਲੀ ਵਿਚ ਅਹੁਦਾ ਛੱਡ ਰਹੇ ਵਿਰੋਧੀ ਧਿਰ ਦੇ ਨੇਤਾ ਰਾਜਾ ਰਿਆਜ਼ ਨੂੰ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਲਈ ਸ਼ਨੀਵਾਰ ਤੱਕ ਨਾਂ ਕਰਨ ਲਈ ਕਿਹਾ ਹੈ। ਇਸ ਦਾ ਮਤਲਬ ਹੈ ਕਿ ਦੋਵਾਂ ਨੇਤਾਵਾਂ ਨੂੰ ਇਸ ਅਹੁਦੇ ਲਈ ਅੱਜ ਹੀ ਕਿਸੇ ਆਗੂ ਦਾ ਨਾਂ ਚੁਣਨਾ ਪਵੇਗਾ। 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਭੰਗ ਹੋਣ ਤੋਂ ਬਾਅਦ, ਸ਼ਰੀਫ ਅਤੇ ਰਿਆਜ਼ ਨੇ ਇੱਕ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਚੋਣ ਲਈ ਮੀਟਿੰਗਾਂ ਦਾ ਦੌਰ ਸ਼ੁਰੂ ਕਰ ਦਿੱਤਾ ਸੀ।

ਸ਼ਰੀਫ ਨੇ ਸ਼ੁੱਕਰਵਾਰ ਨੂੰ ਇਸਲਾਮਾਬਾਦ 'ਚ ਪੱਤਰਕਾਰਾਂ ਨੂੰ ਕਿਹਾ ਸੀ ਕਿ ਉਹ ਅਤੇ ਰਿਆਜ਼ ਸ਼ਨੀਵਾਰ ਤੱਕ ਇਸ ਅਹੁਦੇ ਲਈ ਕਿਸੇ ਨੇਤਾ ਦੇ ਨਾਂ ਨੂੰ ਅੰਤਿਮ ਰੂਪ ਦੇਣਗੇ ਅਤੇ ਇਸ ਸਲਾਹ-ਮਸ਼ਵਰੇ 'ਚ ਸਾਬਕਾ ਗਠਜੋੜ ਪਾਰਟੀਆਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਸੀ, ''ਕੋਈ ਵੀ ਅੰਤਿਮ ਫੈਸਲਾ ਲੈਣ ਤੋਂ ਪਹਿਲਾਂ ਗਠਜੋੜ ਦੇ ਭਾਈਵਾਲਾਂ ਨੂੰ ਭਰੋਸੇ 'ਚ ਲਿਆ ਜਾਵੇਗਾ।'' ਸ਼ਰੀਫ ਨੇ ਕਿਹਾ ਕਿ ਉਨ੍ਹਾਂ ਨੇ ਸ਼ੁੱਕਰਵਾਰ ਨੂੰ ਰਿਆਜ਼ ਨਾਲ ਮੁਲਾਕਾਤ ਕਰਨੀ ਸੀ, ਪਰ ਕੁਝ ਕਾਰਨਾਂ ਕਰਕੇ ਇਹ ਮੁਲਾਕਾਤ ਨਹੀਂ ਹੋ ਸਕੀ। ਸ਼ਰੀਫ ਨੇ ਕਿਹਾ ਕਿ ਉਹ ਅਤੇ ਰਿਆਜ਼ ਸ਼ਨੀਵਾਰ ਯਾਨੀ ਅੱਜ ਮਿਲਣਗੇ। ਸ਼ਰੀਫ ਅਤੇ ਰਿਆਜ਼ ਨੂੰ ਲਿਖੇ ਪੱਤਰ 'ਚ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀ ਸਲਾਹ 'ਤੇ 9 ਅਗਸਤ ਨੂੰ ਨੈਸ਼ਨਲ ਅਸੈਂਬਲੀ ਨੂੰ ਭੰਗ ਕਰ ਦਿੱਤਾ ਸੀ।

ਰਾਸ਼ਟਰਪਤੀ ਨੇ ਕਿਹਾ ਕਿ ਧਾਰਾ 224ਏ ਦੇ ਤਹਿਤ ਸ਼ਰੀਫ ਅਤੇ ਰਿਆਜ਼ ਨੂੰ ਨੈਸ਼ਨਲ ਅਸੈਂਬਲੀ ਭੰਗ ਹੋਣ ਦੇ 3 ਦਿਨਾਂ ਦੇ ਅੰਦਰ ਅੰਤਰਿਮ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਿਸੇ ਨੇਤਾ ਦੇ ਨਾਮ ਦਾ ਪ੍ਰਸਤਾਵ ਕਰਨਾ ਹੁੰਦਾ ਹੈ। ਪੱਤਰ ਵਿੱਚ ਕਿਹਾ ਗਿਆ ਹੈ, "ਸੰਵਿਧਾਨ ਦੀ ਧਾਰਾ 224 (1ਏ) ਦੀ ਵਿਵਸਥਾ ਤਹਿਤ ਰਾਸ਼ਟਰਪਤੀ, ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਅਤੇ ਰਾਸ਼ਟਰੀ ਅਸੈਂਬਲੀ ਵਿੱਚ ਅਹੁਦਾ ਛੱਡ ਰਹੇ ਵਿਰੋਧੀ ਧਿਰ ਦੇ ਨੇਤਾ ਦੇ ਨਾਲ ਸਲਾਹ-ਮਸ਼ਵਰਾ ਕਰਕੇ ਕਾਰਜਕਾਰੀ ਪ੍ਰਧਾਨ ਮੰਤਰੀ ਦੀ ਨਿਯੁਕਤੀ ਕਰਦੇ ਹਨ।"

ਸੰਵਿਧਾਨ ਦੇ ਅਨੁਸਾਰ ਅਹੁਦਾ ਛੱਡ ਰਹੇ ਪ੍ਰਧਾਨ ਮੰਤਰੀ ਅਤੇ ਵਿਰੋਧੀ ਧਿਰ ਦੇ ਨੇਤਾ ਕੋਲ ਅੰਤਰਿਮ ਪ੍ਰਧਾਨ ਮੰਤਰੀ ਅਹੁਦੇ 'ਤੇ ਕਿਸੇ ਨੇਤਾ ਦਾ ਨਾਂ ਤੈਅ ਕਰਨ ਲਈ 3 ਦਿਨ ਹੁੰਦੇ ਹਨ। ਜੇਕਰ ਦੋਵੇਂ ਕਿਸੇ ਨਾਂ 'ਤੇ ਸਹਿਮਤ ਨਹੀਂ ਹੁੰਦੇ ਤਾਂ ਮਾਮਲਾ ਸੰਸਦੀ ਕਮੇਟੀ ਕੋਲ ਭੇਜ ਦਿੱਤਾ ਜਾਵੇਗਾ ਅਤੇ ਜੇਕਰ ਕਮੇਟੀ ਵੀ ਕੋਈ ਫੈਸਲਾ ਲੈਣ 'ਚ ਅਸਫਲ ਰਹਿੰਦੀ ਹੈ ਤਾਂ ਪਾਕਿਸਤਾਨ ਦੇ ਚੋਣ ਕਮਿਸ਼ਨ (ECP) ਕੋਲ ਉਸ ਨਾਲ ਸਾਂਝੀ ਕੀਤੀ ਸੂਚੀ ਵਿੱਚੋਂ ਕਾਰਜਕਾਰੀ ਪ੍ਰਧਾਨ ਮੰਤਰੀ ਦੇ ਨਾਂ ਦੀ ਚੋਣ ਕਰਨ ਲਈ 2 ਦਿਨ ਦਾ ਸਮਾਂ ਹੋਵੇਗਾ।


cherry

Content Editor

Related News