FATF ਦਾ ਖੌਫ : ਬਲੈਕ ਲਿਸਟ ਤੋਂ ਬਚਣ ਲਈ ਪਾਕਿ ਨੇ ਪਾਸ ਕੀਤੇ ਤਿੰਨ ਬਿੱਲ
Saturday, Sep 19, 2020 - 10:15 PM (IST)
ਇਸਲਾਮਾਬਾਦ-ਅੱਤਵਾਦ ਨੂੰ ਵਿੱਤੀ ਪੋਸ਼ਣ ਦੇ ਦੋਸ਼ਾਂ ਨਾਲ ਘਿਰਿਆ ਪਾਕਿਸਤਾਨ ਫਾਈਨੈਂਸੀਅਲ ਐਕਸ਼ਨ ਟਾਕਸ ਫੋਰਸ (ਐੱਫ.ਏ.ਟੀ.ਐੱਫ.) ਦੀ ਬਲੈਕ ਲਿਸਟ ਤੋਂ ਬਚਣ ਲਈ ਹੁਣ ਨਵੇਂ ਦਾਅ ਖੇਡ ਰਿਹਾ ਹੈ। ਪਾਕਿਸਤਾਨ ਸੰਸਦ ਦੇ ਦੋਵਾਂ ਸਦਨਾਂ ਦੇ ਇਕ ਸੰਯੁਕਤ ਸੈਸ਼ਨ ’ਚ ਐੱਫ.ਏ.ਟੀ.ਐੱਫ. ਸੰਬੰਧੀ ਤਿੰਨ ਅਹਿਮ ਬਿੱਲ ਬੁੱਧਵਾਰ ਨੂੰ ਪਾਸ ਕਰ ਦਿੱਤੇ ਗਏ। ਪਾਕਿਸਤਾਨ ਸਰਕਾਰ ਨੇ ਐੱਫ.ਏ.ਟੀ.ਐੱਫ. ਵੱਲੋਂ ਕਾਲੀ ਸੂਚੀ ’ਚ ਪਾਏ ਜਾਣ ਤੋਂ ਬਚਣ ਦੀਆਂ ਕੋਸ਼ਿਸ਼ਾਂ ਤਹਿਤ ਇਹ ਬਿੱਲ ਪੇਸ਼ ਕੀਤੇ।
ਇਸ ਤੋਂ ਪਹਿਲਾਂ ਪਾਕਿਸਤਾਨੀ ਸੈਨੇਟ ਨੇ ਹੇਠਲੇ ਸਦਨ ਤੋਂ ਪਾਸ ਅੱਤਵਾਦ-ਰੋਕੂ (ਸੋਧ) ਐਕਟ ਬਿੱਲ 2020 ਨੂੰ ਖਾਰਿਜ ਕਰ ਦਿੱਤਾ ਸੀ। ਇਹ ਐੱਫ.ਏ.ਟੀ.ਐੱਫ. ਸੰਬੰਧੀ ਤੀਸਰਾ ਬਿੱਲ ਹੈ ਜਿਸ ਨੂੰ ਵਿਰੋਧੀ ਧਿਰ ਦੇ ਬਹੁਮਤ ਵਾਲੇ ਉੱਚ ਸਦਨ ’ਚ ਰੋਕਿਆ ਗਿਆ ਸੀ। ਪਾਕਿਸਤਾਨੀ ਸੈਨੇਟ ਨੇ ਪਿਛਲੇ ਮਹੀਨੇ ਐਂਟੀ-ਮਨੀਲਾਂਡਰਿੰਗ (ਦੂਜੀ ਸੋਧ) ਬਿੱਲ ਅਤੇ ਇਸਲਾਮਾਬਾਦ ਰਾਜਧਾਨੀ ਖੇਤਰ (ਆਈ.ਸੀ.ਟੀ.) ਵਕਫ ਜਾਇਦਾਦ ਬਿੱਲ ਨੂੰ ਵੀ ਖਾਰਿਜ ਕਰ ਦਿੱਤਾ ਸੀ।
ਇਹ ਬਿੱਲ ਐੱਫ.ਟੀ.ਏ.ਐੱਫ. ਦੀ ਗ੍ਰੇ ਸੂਚੀ ਤੋਂ ਬਾਹਰ ਆ ਕੇ ਵ੍ਹਾਈਟ ਸੂਚੀ ’ਚ ਜਾਣ ਦੀ ਪਾਕਿਸਤਾਨ ਦੀ ਕਵਾਇਦ ਦਾ ਹਿੱਸਾ ਸਨ। 18ਵੀਂ ਸੋਧ ਤਹਿਤ ਜੇਕਰ ਇਕ ਸਦਨ ਤੋਂ ਪਾਸ ਬਿੱਲ ਦੂਜੇ ਸਦਨ ’ਚ ਖਾਰਿਜ ਕਰ ਦਿੱਤਾ ਜਾਂਦਾ ਹੈ ਅਤੇ ਜੇਕਰ ਦੋਵਾਂ ਸਦਨਾਂ ਦੀ ਸੰਯੁਕਤ ਮੀਟਿੰਗ ’ਚ ਉਸ ਨੂੰ ਮਨਜ਼ੂਰੀ ਮਿਲ ਜਾਂਦੀ ਹੈ ਤਾਂ ਉਹ ਕਾਨੂੰਨ ਬਣ ਜਾਂਦਾ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਸੰਯੁਕਤ ਸੈਸ਼ਨ ’ਚ ਸ਼ਾਮਲ ਹੋਏ, ਜਿਸ ਦੀ ਪ੍ਰਧਾਨਗੀ ਨੈਸ਼ਨਲ ਅਸੈਂਬਲੀ ਦੇ ਪ੍ਰਧਾਨ ਅਸਦ ਕੈਸਰ ਨੇ ਕੀਤੀ।