ਪਾਕਿ ਫ਼ੌਜ ਦੀ ਪਹਿਲੀ ਬੀਬੀ ਲੈਫਟੀਨੈਂਟ ਜਨਰਲ ਬਣੀ ਨਿਗਾਰ ਜੌਹਰ

7/1/2020 6:26:52 PM

ਇਸਲਾਮਾਬਾਦ (ਬਿਊਰੋ) : ਪਾਕਿਸਤਾਨੀ ਫੌਜ ਨੇ ਪਹਿਲੀ ਵਾਰ ਕਿਸੇ ਬੀਬੀ ਲੈਫਟੀਨੈਂਟ ਜਨਰਲ ਦੀ ਨਿਯੁਕਤੀ ਕੀਤੀ ਹੈ। ਇਹ ਜਾਣਕਾਰੀ ਪਾਕਿਸਤਾਨੀ ਫੌਜ ਦੇ ਮੀਡੀਆ ਵਿੰਗ ਨੇ ਦਿੱਤੀ ਹੈ। ਇਕ ਟਵੀਟ ਦੇ ਜ਼ਰੀਏ ਦੱਸਿਆ ਗਿਆ ਕਿ ਮੇਜਰ ਜਨਰਲ ਨਿਗਾਰ ਜੌਹਰ ਲੈਫਟੀਨੈਂਟ ਜਨਰਲ ਦੇ ਅਹੁਦੇ 'ਤੇ ਤਰੱਕੀ ਪਾਉਣ ਵਾਲੀ ਪਾਕਿਸਤਾਨ ਦੀ ਪਹਿਲੀ ਬੀਬੀ ਅਧਿਕਾਰੀ ਬਣ ਗਈ ਹੈ ਅਤੇ ਇਹ ਉਸਦੇ ਕਰੀਅਰ ਵਿਚ ਇਕ ਹੌਰ ਮੀਲ ਦਾ ਪੱਥਰ ਹੈ।

ਇੰਟਰ-ਸਰਵੀਸੇਜ ਪਬਲਿਕ ਰਿਲੇਸ਼ਨਸ (ISPR) ਦੇ ਡਾਇਰੈਕਟਰ ਜਨਰਲ ਮੇਜਰ ਜਨਰਲ ਬਾਬਰ ਇਫਤਿਖਾਰ ਨੇ ਇਕ ਟਵੀਟ ਕਰ ਦੇ ਦੱਸਿਆ ਕਿ ਨਿਗਾਰ ਜੌਹਰ ਨੂੰ ਪਾਕਿਸਤਾਨ ਫੌਜ ਦੀ ਪਹਿਲੀ ਬੀਬੀ ਸਰਜਨ ਦੇ ਰੂਪ ਵਿਚ ਵੀ ਨਿਯੁਕਤ ਕੀਤਾ ਗਿਆ ਹੈ। ISPR ਦੇ ਟਵੀਟ ਦੇ ਮੁਤਾਬਕ ਲੈਫਲੀਨੈਂਟ ਜਨਰਲ ਨਿਗਾਰ ਜੌਹਰ ਸਵਾਬੀ ਜ਼ਿਲ੍ਹੇ ਦੇ ਪੰਜਪੀਰ ਪਿੰਡ ਨਾਲ ਸਬੰਧਤ ਹੈ। 2017 ਵਿਚ ਉਹ ਮੇਜਰ ਜਨਰਲ ਦੇ ਅਹੁਦੇ ਤੱਕ ਪਹੁੰਚਣ ਵਾਲੀ ਪਾਕਿਸਤਾਨ ਦੇ ਇਤਿਹਾਸ ਵਿਚ ਤੀਜੀ ਬੀਬੀ ਅਧਿਕਾਰੀ ਬਣੀ ਸੀ।

 

ਨਿਗਾਰ ਜੌਹਰ ਕਰਨਲ ਕਾਦਿਰ ਦੀ ਧੀ ਹੈ। ਜਿਹਨਾਂ ਨੇ ਆਈ.ਐੱਸ.ਆਈ. ਵਿਚ ਆਪਣੀ ਸੇਵਾ ਦਿੱਤੀ ਸੀ। ਇਸ ਦੇ ਇਲਾਵਾ ਉਹ ਰਿਟਾਇਰਡ ਮੇਜਰ ਮੁਹੰਮਦ ਆਮਿਰ ਦੀ ਭਤੀਜੀ ਹੈ। ਮੁਹੰਮਦ ਆਮਿਰ ਵੀ ਪਾਕਿਸਤਾਨ ਦੇ ਸਾਬਕਾ ਅਧਿਕਾਰੀ ਸਨ ਅਤੇ ਆਈ.ਐੱਸ.ਆਈ. ਵਿਚ ਆਪਣੀਆਂ ਸੇਵਾਵਾਂ ਦਿੰਦੇ ਸਨ। ਉੱਥੇ 30 ਸਾਲ ਪਹਿਲਾਂ ਇਕ ਕਾਰ ਹਾਦਸੇ ਵਿਚ ਨਿਗਾਰ ਜੌਹਰ ਦੇ ਮਾਤਾ-ਪਿਤਾ ਦੀ ਮੌਤ ਹੋ ਚੁੱਕੀ ਹੈ। 

ਪਾਕਿਸਤਾਨ ਦੇ  Press Information Department ਦੇ ਮੁਤਾਬਕ ਨਵੀਂ ਤਰੱਕੀ ਵਾਲੀ ਲੈਫਟੀਨੈਂਟ ਜਨਰਲ ਨਾ ਸਿਰਫ ਇਕ ਡਾਕਟਰ ਹੈ ਸਗੋਂ ਇਕ ਚੰਗੀ ਨਿਸ਼ਾਨੇਬਾਜ਼ ਵੀ ਹੈ। ਨਿਗਾਰ ਜੌਹਰ ਨੇ ਆਪਣੀ ਪੜ੍ਹਾਈ ਪ੍ਰੀਜੈਂਟੇਸ਼ਨ ਕੌਨਵੈਂਟ ਹਾਈ ਸਕੂਲ, ਰਾਵਲਪਿੰਡੀ ਤੋਂ ਪੂਰੀ ਕੀਤੀ ਅਤੇ 1985 ਵਿਚ ਆਰਮੀ ਮੈਡੀਕਲ ਕਾਲਜ ਤੋਂ ਗ੍ਰੈਜੁਏਸ਼ਨ ਕੀਤੀ। 2015 ਵਿਚ ਉਹਨਾਂ ਨੇ ਸਿਹਤ ਵਿਗਿਆਨ ਯੂਨੀਵਰਸਿਟੀ, ਲਾਹੌਰ ਤੋਂ ਪਬਲਿਕ ਹੈਲਥ ਵਿਚ ਮਾਸਟਰ ਡਿਗਰੀ ਹਾਸਲ ਕੀਤੀ। ਇੰਨਾ ਹੀ ਨਹੀਂ ਨਿਗਾਰ ਜੌਹਰ ਨੂੰ ਹਥਿਆਰਬੰਦ ਬਲਾਂ ਦੀ ਇਕ ਇਕਾਈ/ਹਸਪਤਾਲ ਦੀ ਕਮਾਂਡ ਸੌਂਪਣ ਵਾਲੀ ਪਹਿਲੀ ਬੀਬੀ ਅਧਿਕਾਰੀ ਹੋਣ ਦਾ ਸਨਮਾਨ ਵੀ ਹਾਸਲ ਹੈ। 

ਨਿਗਾਰ ਜੌਹਰ ਨੂੰ ਉਹਨਾਂ ਦੀ ਤਰੱਕੀ 'ਤੇ ਵਧਾਈ ਦਿੰਦੇ ਹੋਏ ਨੈਸ਼ਨਲ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਸ਼ਹਿਬਾਜ਼ ਸ਼ਰੀਫ ਨੇ ਕਿਹਾ ਕਿ ਇਸ ਨਾਲ ਕੁੜੀਆਂ ਅਤੇ ਨੌਜਵਾਨ ਬੀਬੀਆਂ ਨੂੰ ਇਕ ਸ਼ਕਤੀਸ਼ਾਲੀ ਸੰਦੇਸ਼ ਮਿਲਿਆ ਹੈ। ਉੱਥੇ ਪੀ.ਐੱਮ.ਐੱਲ-ਐੱਨ ਦੇ ਨੇਤਾ ਅਹਿਸਾਨ ਇਕਬਾਲ ਨੇ ਨਿਗਾਰ ਜੌਹਰ ਦੀ ਇਸ ਉਪਲਬਧੀ ਨੂੰ ਪਾਕਿਸਤਾਨੀ ਬੀਬੀਆਂ ਲਈ ਇਕ ਉੱਚੀ ਛਾਲ ਦੱਸਿਆ ਹੈ ਜੋ ਰਾਸ਼ਟਰੀ ਵਿਕਾਸ ਅਤੇ ਸੁਰੱਖਿਆ ਦੇ ਸਾਰੇ ਖੇਤਰਾਂ ਵਿਚ ਯੋਗਦਾਨ ਦੇ ਰਹੀਆਂ ਹਨ।


Vandana

Content Editor Vandana