ਨਵਾਜ਼ ਸ਼ਰੀਫ ਇਲਾਜ ਲਈ ਲੰਡਨ ਹੋਏ ਰਵਾਨਾ
Tuesday, Nov 19, 2019 - 11:58 AM (IST)

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਇਲਾਜ ਲਈ ਅੱਜ ਭਾਵ ਮੰਗਲਵਾਰ ਨੂੰ ਲੰਡਨ ਲਈ ਰਵਾਨਾ ਹੋ ਗਏ। ਲਾਹੌਰ ਹਾਈ ਕੋਰਟ ਵੱਲੋਂ ਚਾਰ ਹਫਤੇ ਦੀ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਦੇ ਬਾਅਦ ਨਵਾਜ਼ ਇਲਾਜ ਲਈ ਇਕ ਏਅਰ ਐਂਬੂਲੈਂਸ ਵਿਚ ਲੰਡਨ ਲਈ ਰਵਾਨਾ ਹੋ ਗਏ। ਅਦਾਲਤ ਨੇ ਇਮਰਾਨ ਸਰਕਾਰ ਦੀ ਹਰਜ਼ਾਨਾ ਬਾਂਡ ਦੇਣ ਦੀ ਸ਼ਰਤ ਨੂੰ ਖਾਰਿਜ ਕਰ ਦਿੱਤਾ ਸੀ। 69 ਸਾਲਾ ਨਵਾਜ਼ ਦੇ ਨਾਲ ਉਨ੍ਹਾਂ ਦਾ ਛੋਟਾ ਭਰਾ ਸ਼ਹਿਬਾਜ਼ ਅਤੇ ਉਨ੍ਹਾਂ ਦੇ ਨਿੱਜੀ ਡਾਕਟਰ ਅਦਨਾਨ ਖਾਨ ਵੀ ਹਨ। ਉਹ ਦੋਹਾ ਤੋਂ ਪਹੁੰਚੀ ਇਕ ਏਅਰ ਐਂਬੂਲੈਂਸ ਵਿਚ ਕਤਰ ਦੇ ਰਸਤੇ ਲੰਡਨ ਲਈ ਰਵਾਨਾ ਹੋਏ।
ਪੀ.ਐੱਮ.ਐੱਲ.-ਐੱਨ. ਦੀ ਬੁਲਾਰਨ ਮੈਰੀਯੂਮ ਔਰਾਨਜ਼ੇਬ ਨੇ ਪੀ.ਟੀ.ਆਈ. ਨੂੰ ਦੱਸਿਆ ਕਿ ਲੰਡਨ ਪਹੁੰਚਣ ’ਤੇ ਨਵਾਜ਼ ਸ਼ਰੀਫ ਨੂੰ ਹਰਲੀ ਸਟ੍ਰੀਟ ਕਲੀਨਿਕ ਲਿਜਾਇਆ ਜਾਵੇਗਾ। ਜੇਕਰ ਲੋੜ ਪਈ ਤਾਂ ਅੱਗੇ ਦੇ ਇਲਾਜ ਲਈ ਉਨ੍ਹਾਂ ਨੂੰ ਯੂ.ਐੱਸ. (ਬੋਸਟਨ) ਟਰਾਂਸਫਰ ਕੀਤਾ ਜਾ ਸਕਦਾ ਹੈ। ਬੁਲਾਰਨ ਨੇ ਦੱਸਿਆ ਕਿ ਰਵਾਨਾ ਹੋਣ ਤੋਂ ਪਹਿਲਾਂ ਡਾਕਟਰਾਂ ਨੇ ਲਾਹੌਰ ਵਿਚ ਨਵਾਜ਼ ਦੇ ਜਾਤੀ ਉਮਰਾ ਨਿਵਾਸ ਵਿਚ ਉਨ੍ਹਾਂ ਦੀ ਜਾਂਚ ਕੀਤੀ।
ਉਸ ਨੇ ਅੱਗੇ ਦੱਸਿਆ ਕਿ ਸਾਬਕਾ ਪੀ.ਐੱਮ. ਨਵਾਜ਼ ਸ਼ਰੀਫ ਸਵੇਰੇ 10 ਵਜੇ PST ਕਤਰ ਏਅਰਵੇਜ ਵੱਲੋਂ ਸੰਚਾਲਿਤ ਦੋਹਾ ਏਅਰਬੱਸ A-319-133LR / A7-MED ਏਅਰ ਐਂਬੂਲੈਂਸ ਜ਼ਰੀਏ ਲੰਡਨ, ਯੂ.ਕੇ. ਲਈ ਰਵਾਨਾ ਹੋਣਗੇ। ਭਾਵੇਂਕਿ ਨਵਾਜ਼ ਸ਼ਰੀਫ ਦਾ ਨਾਮ ਨੋ ਫਲਾਈ ਲਿਸਟ ਵਿਚ ਹੀ ਰਹੇਗਾ। ਪਾਕਿਸਤਾਨ ਦੇ ਗ੍ਰਹਿ ਮੰਤਰਾਲੇ ਨੇ ਰਸਮੀ ਤੌਰ 'ਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਨੂੰ ਮੈਡੀਕਲ ਇਲਾਜ ਲਈ ਵਿਦੇਸ਼ ਯਾਤਰਾ ਦੀ ਇਜਾਜ਼ਤ ਦੇਣ ਲਈ ਇਕ ਨੋਟੀਫਿਕੇਸ਼ਨ ਜਾਰੀ ਕੀਤੀ ਹੈ।