ਪਾਕਿ : ਨਨਕਾਣਾ ਸਾਹਿਬ ਪੁਲਸ ਨੇ ਰੱਦ ਕੀਤੀ ਸਿੱਖ ਕੁੜੀ ਦੇ ਭਰਾ ਦੀ FIR

10/10/2019 12:04:59 PM

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਦੀ ਨਨਕਾਣਾ ਸਾਹਿਬ ਪੁਲਸ ਨੇ ਇਕ ਸਿੱਖ ਕੁੜੀ ਦੇ ਅਗਵਾ ਅਤੇ ਜ਼ਬਰੀ ਧਰਮ ਪਰਿਵਰਤਨ ਦੇ ਮਾਮਲੇ ਵਿਚ ਉਸ ਦੇ ਭਰਾ ਵੱਲੋਂ ਦਰਜ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ ਹੈ। ਜਗਜੀਤ ਕੌਰ ਉਰਫ ਆਈਸ਼ਾ ਬੀਬੀ ਦੇ ਭਰਾ ਮਨਮੋਹਨ ਸਿੰਘ ਨੇ 29 ਅਗਸਤ ਨੂੰ ਆਪਣੀ ਭੈਣ ਦੇ ਅਗਵਾ ਹੋਣ ਅਤੇ ਉਸ ਦੇ ਜ਼ਬਰੀ ਧਰਮ ਪਰਿਵਰਤਨ ਨੂੰ ਲੈ ਕੇ ਐੱਫ.ਆਈ.ਆਰ. ਦਰਜ ਕਰਵਾਈ ਸੀ।

ਜਗਜੀਤ ਕੌਰ ਨੂੰ ਅਗਵਾ ਕਰ ਕੇ ਪਹਿਲਾਂ ਉਸ ਨੂੰ ਮੁਸਲਿਮ ਧਰਮ ਕਬੂਲ ਕਰਵਾਇਆ ਗਿਆ ਅਤੇ ਫਿਰ ਉਸ ਦਾ ਵਿਆਹ ਇਕ ਮੁਸਲਿਮ ਸ਼ਖਸ ਨਾਲ ਕਰਵਾ ਦਿੱਤਾ ਗਿਆ। ਪਾਕਿਸਤਾਨ ਪੁਲਸ ਨੇ ਦੋਸ਼ਾਂ ਨੂੰ ਝੂਠ ਦੱਸ ਕੇ ਐੱਫ.ਆਈ.ਆਰ. ਨੂੰ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਨਨਕਾਣਾ ਸਾਹਿਬ ਪੁਲਸ ਨੇ ਲਾਹੌਰ ਹਾਈ ਕੋਰਟ ਵਿਚ ਆਪਣੀ ਰਿਪੋਰਟ ਪੇਸ਼ ਕਰਦੇ ਹੋਏ ਐੱਫ.ਆਈ.ਆਰ. ਰੱਦ ਕਰਨ ਦੀ ਜਾਣਕਾਰੀ ਦਿੱਤੀ। 

ਮੰਨਿਆ ਜਾ ਰਿਹਾ ਹੈ ਕਿ ਜਗਜੀਤ ਕੌਰ ਦੀ ਲਾਹੌਰ ਸਥਿਤ ਸ਼ੈਲਟਰ ਰੋਮ ਦਾਰੂਲ ਅਮਨ ਤੋਂ ਜਲਦੀ ਰਿਹਾਈ ਹੋ ਜਾਵੇਗੀ। ਜਗਜੀਤ ਅਤੇ ਉਸ ਦੇ ਪਤੀ ਮੁਹੰਮਦ ਹਸਨ ਦੇ ਵਕੀਲ ਮੁਹੰਮਦ ਸੁਲਤਾਨ ਸ਼ੇਖ ਨੇ ਦੱਸਿਆ ਕਿ ਪੁਲਸ ਨੇ ਹਾਈ ਕੋਰਟ ਵਿਚ ਆਪਣੀ ਰਿਪੋਰਟ ਪੇਸ਼ ਕਰ ਦਿੱਤੀ ਹੈ। ਜਗਜੀਤ ਦੇ ਭਰਾ ਨੇ ਐੱਫ.ਆਈ.ਆਰ. ਵਿਚ ਦਾਅਵਾ ਕੀਤਾ ਸੀ ਕਿ ਉਸ ਦੀ ਭੈਣ ਨੂੰ ਕੁਝ ਲੋਕਾਂ ਦੇ ਸਮੂਹ ਨੇ ਬੰਦੂਕ ਦੀ ਨੋਕ 'ਤੇ ਅਗਵਾ ਕੀਤਾ ਸੀ। ਉਸ ਦਾ ਜ਼ਬਰੀ ਧਰਮ ਪਰਿਵਰਤਨ ਕਰਵਾ ਕੇ ਮੁਹੰਮਦ ਹਸਨ ਨਾਲ ਵਿਆਹ ਕਰਵਾ ਦਿੱਤਾ ਗਿਆ, ਜਿਸ ਮਗਰੋਂ ਪੁਲਸ ਨੇ ਹਸਨ ਦੇ ਪਰਿਵਾਰ ਦੇ ਕਈ ਮੈਂਬਰਾਂ ਅਤੇ ਦੋਸਤਾਂ ਨੂੰ ਹਿਰਾਸਤ ਵਿਚ ਲੈ ਲਿਆ ਸੀ। 

ਹਸਨ ਦੇ ਵਕੀਲ ਨੇ ਕਿਹਾ,''ਹਸਨ ਨੇ ਅਦਾਲਤ ਨੂੰ ਦੱਸਿਆ ਕਿ ਨਾ ਸਿਰਫ ਸਿੱਖ ਭਾਈਚਾਰੇ ਦੇ ਲੋਕ ਸਗੋਂ ਸਥਾਨਕ ਪੁਲਸ ਵੀ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਪਰੇਸ਼ਾਨ ਕਰ ਰਹੀ ਹੈ। ਉਨ੍ਹਾਂ ਨੇ ਦਾਰੂਲ ਅਮਨ ਤੋਂ ਜਲਦ ਪਤਨੀ ਦੀ ਰਿਹਾਈ ਦੀ ਮੰਗ ਕੀਤੀ, ਜਿੱਥੇ ਉਸ ਨੂੰ ਵਿਆਹ ਦੇ ਬਾਅਦ 29 ਅਗਸਤ ਤੋਂ ਰੱਖਿਆ ਗਿਆ ਹੈ।'' ਅਦਾਲਤ ਨੇ ਇਸ ਮਾਮਲੇ ਵਿਚ ਅਗਲੀ ਸੁਣਵਾਈ ਲਈ 23 ਅਕਤੂਬਰ ਦੀ ਤਰੀਕ ਤੈਅ ਕੀਤੀ ਹੈ।


Vandana

Content Editor

Related News