ਗਿਲਗਿਤ-ਬਲਿਤਸਤਾਨ ''ਚ ਦਿਨੋਂ-ਦਿਨ ਘੱਟ ਰਹੀ ਹੈ ਸ਼ੀਆ ਮੁਸਲਮਾਨਾਂ ਦੀ ਆਬਾਦੀ
Sunday, Sep 06, 2020 - 03:06 PM (IST)

ਗਿਲਗਿਤ, (ਏਜੰਸੀ)- ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ਦਾ ਗਿਲਗਿਤ-ਬਲਿਤਸਤਾਨ 1947 ਤੋਂ ਬਾਅਦ ਲਗਾਤਾਰ ਨਸਲਕੁਸ਼ੀ ਦਾ ਸਾਹਮਣਾ ਕਰ ਰਿਹਾ ਹੈ। ਇੱਥੋਂ ਦੇ ਲੋਕਾਂ ਦੀ ਆਜ਼ਾਦੀ ਪਾਕਿਸਤਾਨੀ ਫ਼ੌਜ ਨੇ ਦੱਬੀ ਹੋਈ ਹੈ। ਇਸ ਖੇਤਰ ਨੂੰ ਸ਼ੀਆ ਬਹੁਲਤਾ ਵਾਲਾ ਖੇਤਰ ਮੰਨਿਆ ਜਾਂਦਾ ਰਿਹਾ ਪਰ ਹੁਣ ਇੱਥੇ ਇਨ੍ਹਾਂ ਦੀ ਆਬਾਦੀ ਕਾਫੀ ਘੱਟ ਗਈ ਹੈ। ਸ਼ੀਆ ਮੁਸਲਮਾਨਾਂ ਦੀ ਆਬਾਦੀ 80 ਫੀਸਦੀ ਤੋਂ 39 ਫੀਸਦੀ ਰਹਿ ਗਈ ਹੈ।
'ਲਾਅ ਐਂਡ ਸੋਸਾਇਟੀ ਅਲਾਇੰਸ' ਵਲੋਂ ਕੀਤੇ ਗਏ ਅਧਿਐਨ ਵਿਚ ਸਾਹਮਣੇ ਆਇਆ ਕਿ ਇਸ ਖੇਤਰ ਦੀ ਆਬਾਦੀ ਲਗਭਗ 1.5 ਮਿਲੀਅਨ ਹੈ ਅਤੇ ਲਗਭਗ 39 ਫੀਸਦੀ ਲੋਕ ਸ਼ੀਆ ਮੁਸਲਮਾਨ ਹਨ, 27 ਫੀਸਦੀ ਸੁੰਨੀ, 18 ਫੀਸਦੀ ਇਸਮਾਇਲੀ ਅਤੇ 16 ਫੀਸਦੀ ਨੁਰਬਖਸ਼ੀ ਹਨ। 1998 ਦੀ ਮਰਦਮਸ਼ੁਮਾਰੀ ਮੁਤਾਬਕ ਇੱਥੋਂ ਦੀ ਆਬਾਦੀ 8,70,000 ਸੀ। ਦੁਨੀਆ ਦੇ ਸਭ ਤੋਂ ਬਹੁ-ਜਾਤੀ, ਬਹੁ-ਸੱਭਿਆਚਾਰਕ ਅਤੇ ਬਹੁ-ਭਾਸ਼ਾਈ ਖੇਤਰਾਂ ਵਿਚੋਂ ਇਕ ਗਿਲਗਿਤ-ਬਲਿਤਸਤਾਨ ਪਿਛਲੇ ਸੱਤ ਦਹਾਕਿਆਂ ਵਿਚ ਪਾਕਿਸਤਾਨੀ ਫ਼ੌਜ ਦੇ ਤਸ਼ੱਦਦ ਸਹਿੰਦਾ ਆ ਰਿਹਾ ਹੈ।
'ਹਿਊਮਨ ਲਾਈਵਜ਼ ਮੈਟਰ' ਅਧਿਐਨ ਮੁਤਾਬਕ ਅੱਤਵਾਦੀਆਂ ਦੀ ਸਮਰਥਕ ਪਾਕਿਸਤਾਨੀ ਫੌ਼ਜ ਨੇ ਇਨ੍ਹਾਂ ਲੋਕਾਂ ਨੂੰ ਬਹੁਤ ਤੰਗ ਕੀਤਾ ਹੈ ਤੇ ਸੈਂਕੜੇ ਜਾਨਾਂ ਲਈਆਂ ਹਨ। ਕਈ ਲੋਕਾਂ ਨੂੰ ਉਨ੍ਹਾਂ ਦੀ ਗਲਤੀ ਕਾਰਨ ਨਹੀਂ ਸਗੋਂ ਧਾਰਮਿਕ ਵਿਸ਼ਵਾਸ ਕਾਰਨ ਜਿਊਂਦੇ ਹੀ ਸਾੜਿਆ ਗਿਆ। 'ਇੰਟਰਨੈਸ਼ਨਲ ਹਿਊਮਨ ਰਾਈਟਸ ਆਬਜ਼ਰਵਰ' ਨੇ 2013 ਵਿਚ ਪੇਸ਼ ਕੀਤੀ ਇਕ ਰਿਪੋਰਟ ਵਿਚ ਦੱਸਿਆ ਕਿ 1988 ਵਿਚ ਹਿੰਸਕ ਘਟਨਾਵਾਂ ਵਿਚ 3000 ਲੋਕ ਨਸਲਕੁਸ਼ੀ ਦੇ ਸ਼ਿਕਾਰ ਹੋਏ। ਇਸ ਕਾਰਨ 900 ਔਰਤਾਂ ਵਿਧਵਾ ਹੋ ਗਈਆਂ ਤੇ ਲਗਭਗ 2500 ਬੱਚੇ ਅਨਾਥ ਕਰ ਦਿੱਤੇ ਗਏ। ਸ਼ੀਆ ਮੁਸਲਮਾਨਾਂ ਦੀ ਘੱਟਦੀ ਗਿਣਤੀ ਤੋਂ ਸਪੱਸ਼ਟ ਹੈ ਕਿ ਇਹ ਲੋਕ ਅਜੇ ਵੀ ਪਾਕਿਸਤਾਨੀ ਫ਼ੌਜ ਦੇ ਡਰ ਅਤੇ ਤਸ਼ੱਦਦਾਂ ਹੇਠ ਜ਼ਿੰਦਗੀ ਕੱਟ ਰਹੇ ਹਨ।