ਟਰੰਪ ਦੀ ਨੀਤੀ ''ਤੇ ਪਾਕਿਸਤਾਨ ਨੇ ਕੀਤੀ ਬੈਠਕ

Friday, Aug 25, 2017 - 02:16 AM (IST)

ਇਸਲਾਮਾਬਾਦ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਦੱਖਣੀ ਏਸ਼ੀਆ ਖੇਤਰ ਦੀ ਨਵੀਂ ਨੀਤੀ 'ਤੇ ਵਿਚਾਰ ਲਈ ਪਾਕਿਸਤਾਨ ਦੀ ਰਾਸ਼ਟਰੀ ਸੁਰੱਖਿਆ ਕਮੇਟੀ (ਐੱਨ. ਐੱਸ. ਸੀ.) ਦੀ ਵੀਰਵਾਰ ਨੂੰ ਬੈਠਕ ਹੋਈ। ਪ੍ਰਧਾਨ ਮੰਤਰੀ ਸ਼ਾਹਿਦ ਖਾਕਾਨ ਅੱਬਾਸੀ ਦੀ ਅਗਵਾਈ 'ਚ ਹੋਈ ਇਸ ਬੈਠਕ 'ਚ ਟਰੰਪ ਦੀ ਨੀਤੀ 'ਤੇ ਜਵਾਬੀ ਰਣਨੀਤੀ 'ਤੇ ਵਿਚਾਰ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਇਸ ਮੁੱਦੇ 'ਤੇ ਐੱਨ. ਐੱਸ. ਸੀ. ਦੀ ਬੈਠਕ ਹੋ ਚੁੱਕੀ ਹੈ। ਖਬਰਾਂ ਮੁਤਾਬਕ ਇਸ ਬੈਠਕ 'ਚ ਸੀਨੀਅਰ ਨਾਗਰਿਕ ਅਤੇ ਫੌਜ ਅਧਿਕਾਰੀਆਂ ਨੇ ਹਿੱਸਾ ਲਿਆ। ਜੁਆਇੰਟ ਚੀਫ ਆਫ ਸਟਾਫ ਕਮੇਟੀ ਦੇ ਚੇਅਰਮੈਨ, ਤਿੰਨਾਂ ਫੌਜਾਂ ਦੇ ਪ੍ਰ੍ਰਮੁੱਖ, ਰੱਖਿਆ, ਗ੍ਰਹਿ, ਵਿਦੇਸ਼ ਅਤੇ ਵਿੱਤ ਮਾਮਲੇ ਦੇ ਮੰਤਰੀ, ਖੁਫੀਆ ਵਿਭਾਗ ਦੇ ਪ੍ਰਮੁੱਖ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਇਸ ਬੈਠਕ 'ਚ ਸ਼ਾਮਲ ਹੋਏ। ਅਮਰੀਕਾ ਦੇ ਰਾਸ਼ਟਰਪਤੀ ਨੇ ਇਸ ਹਫਤੇ ਜਾਰੀ ਆਪਣੀ ਨੀਤੀ 'ਚ ਪਾਕਿਸਤਾਨ ਦੀ ਤਿੱਖੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਉਹ 'ਅਰਾਜਕਤਾ ਦੇ ਏਜੰਟਾਂ' ਨੂੰ ਪਨਾਹ ਦੇ ਰਿਹਾ ਹੈ। ਨਾਲ ਹੀ ਉਨ੍ਹਾਂ ਨੇ ਅਫਗਾਨਿਸਤਾਨ 'ਚ ਹਜ਼ਾਰਾਂ ਫੌਜੀਆਂ ਦੀ ਤਾਇਨਾਤੀ ਦਾ ਰਸਤਾ ਸਾਫ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਬਰਾਕ ਓਬਾਮਾ ਪ੍ਰਸ਼ਾਸਨ ਨੇ ਕਿਹਾ ਸੀ ਕਿ ਅਫਗਾਨਿਸਤਾਨ ਤੋਂ ਅਮਰੀਕੀ ਫੌਜੀਆਂ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਜਾਵੇਗੀ, ਪਰ ਟਰੰਪ ਨੇ ਇਸ ਨੀਤੀ ਨੂੰ ਬਦਲ ਦਿੱਤਾ। ਅਮਰੀਕੀ ਨਿੰਦਾ ਦੇ ਜਵਾਬ 'ਚ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਨੇ ਬੁੱਧਵਾਰ ਨੂੰ ਕਿਹਾ ਕਿ ਪਾਕਿਸਤਾਨ, ਅਮਰੀਕਾ ਤੋਂ ਕਿਸੇ ਵੀ ਵਿੱਤ ਸਹਾਇਤਾ ਦੀ ਨਹੀਂ ਬਲਕਿ ਅੱਤਵਾਦ ਦੇ ਵਿਰੁੱਧ ਉਸ ਦੇ ਯੋਗਦਾਨ 'ਤੇ ਵਿਸ਼ਵਾਸ਼ ਅਤੇ ਸਮਝ ਦੀ ਉਮੀਦ ਕਰ ਰਿਹਾ ਹੈ।


Related News