ਕਰਤਾਰਪੁਰ ਕੋਰੀਡੋਰ ਬੈਠਕ 'ਚ ਲਏ ਗਏ ਇਹ ਮਹੱਤਵਪੂਰਣ ਫੈਸਲੇ

09/04/2019 2:46:03 PM

ਇਸਲਾਮਾਬਾਦ (ਬਿਊਰੋ)— ਕਰਤਾਰਪੁਰ ਕੋਰੀਡੋਰ 'ਤੇ ਅੱਜ ਭਾਵ ਬੁੱਧਵਾਰ ਨੂੰ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚਾਲੇ ਤੀਜੇ ਦੌਰ ਦੀ ਮਹੱਤਵਪੂਰਣ ਬੈਠਕ ਹੋਈ। ਇਹ ਬੈਠਕ ਅਟਾਰੀ ਵਿਖੇ ਹੋਈ। ਇਸ ਮੀਟਿੰਗ ਵਿਚ ਕਈ ਮੁੱਦੇ ਵਿਚਾਰੇ ਗਏ। ਭਾਵੇਂਕਿ ਇਸ ਬੈਠਕ ਦੌਰਾਨ ਦੋਹਾਂ ਦੇਸ਼ਾਂ ਦੇ ਅਧਿਕਾਰੀ ਕਰਤਾਰਪੁਰ ਲਾਂਘੇ ਲਈ ਕਿਸੇ ਵੀ ਨਤੀਜੇ 'ਤੇ ਨਹੀਂ ਪਹੁੰਚ ਸਕੇ, ਇਸ ਕਾਰਨ ਨੇੜਲੇ ਭਵਿੱਖ 'ਚ ਇਸ ਲਾਂਘੇ 'ਤੇ ਇਕ ਹੋਰ ਬੈਠਕ ਹੋਣ ਦੀ ਸੰਭਾਵਨਾ ਹੈ।

ਮੀਟਿੰਗ ਵਿਚ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਨੇ ਮੰਥਨ ਕੀਤਾ। ਸੂਤਰਾਂ ਮੁਤਾਬਕ ਫਿਰ ਵੀ ਇਸ ਬੈਠਕ ਦੌਰਾਨ ਜਿਨ੍ਹਾਂ ਪੱਖਾਂ 'ਤੇ ਦੋਹਾਂ ਦੇਸ਼ਾਂ ਵਿਚਾਲੇ ਸਹਿਮਤੀ ਬਣੀ, ਉਨ੍ਹਾਂ ਵਿਚ ਇਕ ਇਹ ਸੀ ਕਿ ਇਹ ਕਰਤਾਰਪੁਰ ਕੋਰੀਡੋਰ ਸ਼ਰਧਾਲੂਆਂ ਲਈ ਪੂਰਾ ਸਾਲ ਅਤੇ ਸੱਤੇ ਦਿਨ ਖੁੱਲ੍ਹਾ ਰਹੇਗਾ। ਭਾਰਤੀ ਪਾਸਪੋਰਟ ਧਾਰਕ ਜਾ ਸਕਣਗੇ, ਧਰਮ ਕਈ ਰੁਕਾਵਟ ਨਹੀਂ ਹੋਵੇਗਾ।ਰੋਜ਼ਾਨਾ 5000 ਸ਼ਰਧਾਲੂ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। 

ਦੋਵੇਂ ਦੇਸ਼ ਰਾਵੀ ਦਰਿਆ 'ਤੇ ਪੁਲ ਬਣਾਉਣ ਲਈ ਵੀ ਸਹਿਮਤ ਹੋ ਗਏ ਹਨ। ਬੀ.ਐੱਸ.ਐੱਫ. ਅਤੇ ਪਾਕਿਸਤਾਨੀ ਰੇਂਜਰਾਂ ਵਿਚਾਲੇ ਇੱਕ ਸਿੱਧੀ ਸੰਚਾਰ ਲਾਈਨ ਸਥਾਪਿਤ ਕੀਤੀ ਜਾਵੇਗੀ। ਸ਼ਰਧਾਲੂਆਂ ਨੂੰ ਲੰਗਰ ਅਤੇ ਪ੍ਰਸ਼ਾਦ ਵੀ ਮੁਹੱਈਆ ਕਰਾਇਆ ਜਾਵੇਗਾ। ਪਾਕਿਸਤਾਨ ਦੇ ਜ਼ਿੱਦੀ ਰਵੱਈਏ ਕਾਰਨ ਆਖਰੀ ਸਮਝੌਤਾ ਨਹੀਂ ਹੋ ਪਾਇਆ। ਕੋਰੀਡੋਰ ਦੇ ਆਖਰੀ ਡਰਾਫਟ 'ਤੇ ਵੀ ਮੰਥਨ ਕੀਤਾ ਗਿਆ। ਮੀਟਿੰਗ ਲਈ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਸਨ। 

ਮੀਟਿੰਗ ਦੌਰਾਨ ਭਾਰਤ ਅਤੇ ਪਾਕਿਸਤਾਨ ਦੇ ਅਧਿਕਾਰੀਆਂ ਵਿਚ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਲਈ ਵੀਜ਼ਾ ਮੁਫਤ ਯਾਤਰਾ 'ਤੇ ਸਹਿਮਤ ਨਹੀਂ ਬਣੀ।ਜਗ ਬਾਣੀ ਦੇ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਿਆਂ ਭਾਰਤ, ਪੰਜਾਬ ਦੇ ਸੈਕਟਰੀ ਹੁਸਨ ਲਾਲ ਨੇ ਦੱਸਿਆ,''ਪਾਕਿਸਤਾਨ ਨੇ ਵੀਜ਼ਾ ਲਈ ਵਿਸ਼ੇਸ਼ 20 ਅਮਰੀਕੀ ਡਾਲਰ ਦੀ ਫੀਸ ਰੱਖੀ ਹੈ। ਇਸ ਮੰਗ ਦਾ ਭਾਰਤ ਅਤੇ ਪੰਜਾਬ ਸਰਕਾਰ ਵੱਲੋਂ ਸਖਤ ਵਿਰੋਧ ਕੀਤਾ ਗਿਆ। ਭਾਰਤ ਅਤੇ ਪੰਜਾਬ ਸਰਕਾਰ ਦੀ ਮੰਗ ਸੀ ਕਿ ਯਾਤਰਾ ਲਈ ਸ਼ਰਧਾਲੂਆਂ ਤੋਂ ਕੋਈ ਫੀਸ ਨਾ ਲਈ ਜਾਵੇ। ਸ਼ਰਧਾਲੂਆਂ ਨੂੰ ਕੋਰੀਡੋਰ ਦੀ ਕੋਈ ਫੀਸ ਚਾਰਜ ਨਾ ਕੀਤੀ ਜਾਵੇ।'' ਆਸ ਕੀਤੀ ਜਾ ਸਕਦੀ ਹੈ ਕਿ ਆਉਣ ਵਾਲੇ ਸਮੇਂ ਵਿਚ ਜਦੋਂ ਤੱਕ ਕਰਤਾਰਪੁਰ ਕੋਰੀਡੋਰ ਖੁੱਲ੍ਹੇਗਾ ਉਦੋਂ ਤੱਕ ਫੀਸ ਨੂੰ ਖਤਮ ਕੀਤਾ ਜਾਵੇਗਾ।


Vandana

Content Editor

Related News