ਪਾਕਿਸਤਾਨ ਏਅਰਲਾਈਨਸ ਨੇ ਯੂਰਪ ਦੀਆਂ ਉਡਾਣਾਂ ''ਤੇ ਲਾਈ ਰੋਕ
Wednesday, Jul 01, 2020 - 01:41 AM (IST)
ਇਸਲਾਮਾਬਾਦ- ਯੂਰਪੀ ਸੰਘ ਦੀ ਐਵੀਏਸ਼ਨ ਸੁਰੱਖਿਆ ਏਜੰਸੀ ਨੇ ਮੰਗਲਵਾਰ ਨੂੰ ਕਿਹਾ ਕਿ ਪਾਕਿਸਤਾਨ ਦੀ ਰਾਸ਼ਟਰੀ ਏਅਰਲਾਈਨਸ ਨੂੰ ਘੱਟ ਤੋਂ ਘੱਟ 6 ਮਹੀਨੇ ਤੱਕ ਯੂਰਪ ਵਿਚ ਉਡਾਣ ਭਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ। ਇਸ ਐਲਾਨ ਤੋਂ ਬਾਅਦ ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਸ (ਪੀ.ਆਈ.ਏ.) ਨੇ ਮੰਗਲਵਾਰ ਨੂੰ ਹੀ ਯੂਰਪ ਦੇ ਆਪਣੇ ਸੰਚਾਲਨ ਨੂੰ ਰੋਕਣ ਦਾ ਐਲਾਨ ਕੀਤਾ।
ਏਜੰਸੀ ਨੇ ਕਿਹਾ ਕਿ ਪੀ.ਆਈ.ਏ. ਦੇ ਸੰਚਾਲਨ 'ਤੇ ਲਾਈ ਗਈ ਰੋਕ ਇਕ ਜੁਲਾਈ ਤੋਂ ਪ੍ਰਭਾਵੀ ਰਹੇਗੀ। ਹਾਲਾਂਕਿ ਪੀ.ਆਈ.ਏ. ਇਸ ਦੇ ਖਿਲਾਫ ਅਪੀਲ ਕਰ ਸਕਦਾ ਹੈ। ਇਕ ਬਿਆਨ ਵਿਚ ਪੀ.ਆਈ.ਏ. ਨੇ ਕਿਹਾ ਕਿ ਯੂਰਪੀ ਖੇਤਰਾਂ ਦੇ ਲਈ ਜਿਨ੍ਹਾਂ ਯਾਤਰੀਆਂ ਨੇ ਆਪਣੀ ਟਿਕਟ ਬੁੱਕ ਕੀਤੀ ਹੈ ਉਨ੍ਹਾਂ ਕੋਲ ਪੂਰੇ ਪੈਸੇ ਵਾਪਸ ਲੈਣ ਜਾਂ ਟਿਕਟਾਂ ਦੀ ਤਰੀਕ ਵਧਾਉਣ ਦਾ ਬਦਲ ਹੈ। ਉਨ੍ਹਾਂ ਕਿਹਾ ਕਿ ਪੀ.ਆਈ.ਏ. ਪ੍ਰਸ਼ਾਸਨ ਯੂਰਪੀ ਸੰਘ ਦੀ ਹਵਾਈ ਸੁਰੱਖਿਆ ਏਜੰਸੀ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਉਨ੍ਹਾਂ ਦੇ ਸੰਪਰਕ ਵਿਚ ਹੈ।