ਚੋਣਾਂ 'ਚ ਇਮਰਾਨ ਦੀ ਜਿੱਤ ਦਾ ਹਥਿਆਰ ਸੀ ਫੋਨ ਐਪ ਤੇ ਡਾਟਾਬੇਸ
Sunday, Aug 05, 2018 - 01:18 PM (IST)

ਇਸਲਾਮਾਬਾਦ (ਬਿਊਰੋ)— ਪਾਕਿਸਤਾਨ ਵਿਚ ਬੀਤੇ ਮਹੀਨੇ ਹੋਈਆਂ ਆਮ ਚੋਣਾਂ ਵਿਚ ਇਮਰਾਨ ਖਾਨ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇਮਰਾਨ ਦੀਆਂ ਵਿਰੋਧੀਆਂ ਪਾਰਟੀਆਂ ਦਾ ਦਾਅਵਾ ਹੈ ਕਿ ਚੋਣਾਂ ਵਿਚ ਉਸ ਦੀ ਜਿੱਤ ਪਿੱਛੇ ਦੇਸ਼ ਦੀ ਸ਼ਕਤੀਸ਼ਾਲੀ ਫੌਜ ਦਾ ਹੱਥ ਸੀ। ਹਾਲਾਂਕਿ ਅਸਲੀਅਤ ਇਹ ਹੈ ਕਿ ਇਕ ਫੋਨ ਐਪ ਅਤੇ 5 ਕਰੋੜ ਵੋਟਰਾਂ ਦਾ ਡਾਟਾਬੇਸ ਇਮਰਾਨ ਖਾਨ ਦੀ ਸਫਲ ਚੋਣ ਮੁਹਿੰਮ ਦਾ ਸਭ ਤੋਂ ਵੱਡਾ ਹਥਿਆਰ ਸੀ।
ਫੋਨ ਐਪ ਅਤੇ ਡਾਟਾਬੇਸ ਦੀ ਇਸ ਤਰ੍ਹਾਂ ਕੀਤੀ ਵਰਤੋਂ
ਇਮਰਾਨ ਖਾਨ ਦੀ ਪਾਰਟੀ ਤਹਿਰੀਕ-ਏ-ਇਨਸਾਫ ਨੇ ਕਿਵੇਂ ਡਾਟਾਬੇਸ ਅਤੇ ਉਸ ਨਾਲ ਜੁੜੇ ਐਪ ਦੀ ਵਰਤੋਂ ਕੀਤੀ। ਇਹ ਪਾਕਿਸਤਾਨ ਵਿਚ ਵੱਡੀਆਂ ਪਾਰਟੀਆਂ ਅਤੇ ਚੋਣ ਮੁਹਿੰਮ ਲਈ ਵਰਤੇ ਜਾਣ ਵਾਲੇ ਤਰੀਕਿਆਂ ਵਿਚ ਆਈਆਂ ਤਬਦੀਲੀਆਂ ਨੂੰ ਦਰਸਾਉਂਦਾ ਹੈ। ਸਾਲ 2013 ਦੀਆਂ ਚੋਣਾਂ ਵਿਚ ਹਾਰ ਦੇ ਬਾਅਦ ਪੀ.ਟੀ.ਆਈ. ਨੇ ਇਸ ਛੋਟੀ ਟੇਕ ਟੀਮ ਦਾ ਗਠਨ ਕੀਤਾ ਸੀ। ਆਮ ਚੋਣਾਂ ਲਈ ਉਸ ਨੇ 150 ਚੋਣ ਖੇਤਰਾਂ 'ਤੇ ਫੋਕਸ ਕੀਤਾ। ਕਾਰਕੁੰਨਾਂ ਨੇ ਚੋਣਾਂ ਤੋਂ ਪਹਿਲਾਂ ਵੋਟਰਾਂ ਦੀ ਪਛਾਣ ਕੀਤੀ ਅਤੇ ਠੀਕ ਚੋਣ ਵਾਲੇ ਦਿਨ ਵੀ ਆਪਣੇ ਸਮਰਥਕਾਂ ਨੂੰ ਸੰਗਠਿਤ ਕੀਤਾ। ਪੀ.ਟੀ.ਆਈ. ਨੇ ਪਹਿਲਾਂ ਆਪਣੀ ਇਸ ਤਕਨੀਕ ਦਾ ਖੁਲਾਸਾ ਨਹੀਂ ਕੀਤਾ ਕਿਉਂਕਿ ਉਸ ਨੂੰ ਡਰ ਸੀ ਕਿ ਵਿਰੋਧੀ ਧਿਰ ਵੀ ਇਸ ਤਕਨੀਕ ਨੂੰ ਵਰਤ ਸਕਦਾ ਹੈ। ਬਾਅਦ ਵਿਚ ਕੁਝ ਪਾਰਟੀ ਕਾਰਕੁੰਨਾਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਿਵੇਂ ਐਪ ਨੇ ਉਨ੍ਹਾਂ ਦੀ ਮੁਹਿੰਮ ਨੂੰ ਸਫਲ ਬਣਾਇਆ ਅਤੇ ਉਨ੍ਹਾਂ ਨੂੰ ਜਿਤਾਇਆ।
ਫੋਨ ਐਪ ਖਾਸ ਤੌਰ 'ਤੇ ਚੋਣਾਂ ਵਿਚ ਸਮਰਥਕਾਂ ਨੂੰ ਚੋਣ ਬੂਥ ਤੱਕ ਪਹੁੰਚਾਉਣ ਵਿਚ ਉਪਯੋਗੀ ਰਿਹਾ ਜਦਕਿ ਪੋਲਿੰਗ ਬੂਥ ਦੀ ਜਾਣਕਾਰੀ ਦੇਣ ਵਾਲੀ ਸਰਕਾਰ ਦੀ ਆਪਣੀ ਟੈਲੀਫੋਨ ਇਨਫੋਰਮੇਸ਼ਨ ਸਰਵਿਸ ਚੋਣਾਂ ਦੌਰਾਨ ਕਈ ਦਿਨ ਤੱਕ ਤਕਨੀਕੀ ਕਮੀਆਂ ਨਾਲ ਜੂਝਦੀ ਰਹੀ। ਇਸ ਨਾਲ ਬਾਕੀ ਪਾਰਟੀਆਂ ਘਬਰਾ ਗਈਆਂ ਸਨ। ਐਪ ਅਤੇ ਡਾਟਾਬੇਸ ਦੀ ਵਰਤੋਂ ਕਰਨ ਵਾਲੀ ਟੀਮ ਦਾ ਹਿੱਸਾ ਰਹੇ ਆਮਿਰ ਮੁਗਲ ਦੱਸਦੇ ਹਨ,''ਇਸ ਦੀ ਵਰਤੋਂ ਦਾ ਬਹੁਤ ਵੱਡਾ ਅਸਰ ਰਿਹਾ।'' ਇਸ ਨੂੰ ਚੋਣ ਖੇਤਰ ਪ੍ਰਬੰਧਨ (Constituency Management System) ਦੇ ਤੌਰ 'ਤੇ ਜਾਣਿਆ ਗਿਆ। ਮੁਗਲ ਨੇ ਦੱਸਿਆ ਕਿ ਕਿਵੇਂ ਇਮਰਾਨ ਦੀ ਪਾਰਟੀ ਨੇ ਪਾਕਿਸਤਾਨ ਦੇ ਚੋਣ ਖੇਤਰਾਂ ਵਿਚ ਡਾਟਾਬੇਸ ਤਿਆਰ ਕਰਨ ਲਈ ਟੀਮਾਂ ਬਣਾਈਆਂ, ਵੋਟਰਾਂ ਦੀ ਪਛਾਣ ਕੀਤੀ ਅਤੇ ਉਨ੍ਹਾਂ ਵਿਚ ਪੀ.ਟੀ.ਆਈ. ਵੋਟਰਾਂ ਦਾ ਪਤਾ ਲਗਾਇਆ। ਇਸ ਮਗਰੋਂ ਉਨ੍ਹਾਂ ਨੂੰ ਐਪ ਨਾਲ ਜੋੜਿਆ ਗਿਆ ਅਤੇ ਫਿਰ ਇਹ ਯਕੀਨੀ ਕੀਤਾ ਗਿਆ ਕਿ ਇਹ ਵੋਟਰ ਚੋਣ ਵਾਲੇ ਦਿਨ ਵੋਟ ਪਾਉਣ ਲਈ ਜਾਣਗੇ।