ਪਾਕਿ ''ਚ ਭਾਰੀ ਬਰਫਬਾਰੀ, ਹੁਣ ਤੱਕ 93 ਲੋਕਾਂ ਦੀ ਮੌਤ

01/15/2020 1:38:02 PM

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਵਿਚ ਮਕਬੂਜ਼ਾ ਕਸ਼ਮੀਰ ਅਤੇ ਹੋਰ ਹਿੱਸਿਆਂ ਵਿਚ ਬਰਫਬਾਰੀ ਅਤੇ ਜ਼ਮੀਨ ਖਿਸ਼ਕਣ ਕਾਰਨ ਵਾਪਰੇ ਹਾਦਸਿਆਂ ਵਿਚ ਮਰਨ ਵਾਲਿਆਂ ਦੀ ਗਿਣਤੀ ਬੁੱਧਵਾਰ ਨੂੰ 93 ਤੱਕ ਪਹੁੰਚ ਗਈ। ਡਾਨ ਦੀ ਖਬਰ ਦੇ ਮੁਤਾਬਕ ਨੀਲਮ ਘਾਟੀ ਵਿਚ ਜ਼ਮੀਨ ਖਿਸ਼ਕਣ ਦੀਆਂ ਘਟਨਾਵਾਂ ਸਭ ਤੋਂ ਜ਼ਿਆਦਾ ਵਾਪਰੀਆਂ। ਇੱਥੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਅਤੇ 66 ਲੋਕਾਂ ਦੀ ਮੌਤ ਹੋ ਚੁੱਕੀ ਹੈ। ਨੀਲਮ ਘਾਟੀ ਦੇ ਡਿਪਟੀ ਕਮਿਸ਼ਨਰ ਰਜ਼ਾ ਮਹਿਮੂਦ ਸ਼ਾਹਿਦ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਘੱਟੋ-ਘੱਟ 84 ਮਕਾਨ ਅਤੇ 17 ਦੁਕਾਨਾਂ ਪੂਰੀ ਤਰ੍ਹਾਂ ਨਸ਼ਟ ਹੋ ਗਈਆਂ। ਉੱਥੇ 94 ਘਰਾਂ ਅਤੇ ਇਕ ਮਸਜਿਦ ਨੂੰ ਅੰਸ਼ਕ ਰੂਪ ਨਾਲ ਨੁਕਸਾਨ ਪਹੁੰਚਿਆ। 

ਉੱਧਰ ਬਲੋਚਿਸਤਾਨ ਵਿਚ 20 ਲੋਕਾਂ ਦੀ ਮੌਤ ਹੋਈ ਹੈ। ਇਸ ਦੇ ਇਲਾਵਾ ਸਿਆਲਕੋਟ ਅਤੇ ਪੰਜਾਬ ਦੇ ਹੋਰ ਜ਼ਿਲਿਆਂ ਵਿਚ ਪਿਛਲੇ ਕੁਝ ਦਿਨਾਂ ਵਿਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋਈ ਹੈ। ਮੀਂਹ ਨਾਲ ਸਬੰਧਤ ਘਟਨਾਵਾਂ ਕਾਰਨ ਖੈਬਰ ਪਖਤੂਨਖਵਾ, ਮਕਬੂਜ਼ਾ ਕਸ਼ਮੀਰ ਅਤੇ ਬਲੋਚਿਸਤਾਨ ਵਿਚ ਮੁੱਖ ਹਾਈਵੇਅ ਬੰਦ ਹਨ। ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵੱਧ ਸਕਦੀ ਹੈ ਕਿਉਂਕਿ ਘਾਟੀ ਦੇ ਕੁਝ ਹਿੱਸਿਆਂ ਵਿਚ ਭਾਰੀ ਬਰਫਬਾਰੀ ਕਾਰਨ ਸਾਰੇ ਪੀੜਤਾਂ ਤੱਕ ਪਹੁੰਚਣਾ ਸੰਭਵ ਨਹੀਂ ਹੈ। ਸ਼ੁੱਕਰਵਾਰ ਨੂੰ ਹੋਰ ਬਰਫਬਾਰੀ ਦੀ ਸੰਭਾਵਨਾ ਹੈ । 

ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਤੁਰੰਤ ਪ੍ਰਭਾਵਿਤ ਲੋਕਾਂ ਨੂੰ ਮਨੁੱਖੀ ਮਦਦ ਪਹੁੰਚਾਉਣ। ਪਾਕਿਸਤਾਨ ਦੇ ਫੌਜ ਮੁਖੀ ਕਮਰ ਜਾਵੇਦ ਬਾਜਵਾ ਨੇ ਲੋਕਾਂ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ। ਬਲੋਚਿਸਤਾਨ ਦੇ ਵਿਭਿੰਨ ਹਿੱਸਿਆਂ ਵਿਚ ਭਿਆਨਕ ਬਰਫੀਲੇ ਤੂਫਾਨ ਕਾਰਨ ਸੋਮਵਾਰ ਨੂੰ ਖਰਾਬ ਮੌਸਮ ਵਿਚ ਔਰਤਾਂ ਅਤੇ ਬੱਚਿਆਂ ਸਮੇਤ ਸੈਂਕੜੇ ਯਾਤਰੀ ਫਸ ਗਏ ਸਨ। ਰਾਹਤ, ਆਫਤ ਅਤੇ ਸਿਵਲ ਰੱਖਿਆ ਮੰਤਰੀ ਸੈਯਦ ਸ਼ਾਹਿਦ ਮੋਹੀਦੀਨ ਕਾਦਰੀ ਨੇ ਡਾਨ ਅਖਬਾਰ ਨੂੰ ਦੱਸਿਆ ਕਿ ਉੱਚੇ ਇਲਾਕਿਆਂ ਵਿਚ ਭਾਰੀ ਬਰਫਬਾਰੀ ਅਤੇ ਮੀਂਹ ਕਾਰਨ ਕਈ ਸੜਕਾਂ ਰੁੱਕ ਗਈਆਂ ਹਨ। ਖਬਰ ਵਿਚ ਦੱਸਿਆ ਗਿਆ ਕਿ ਤੇਜ਼ ਮੀਂਹ ਨਾਲ ਸਿਆਲ਼ਕੋਟ, ਗੁਜਰਾਤ ਅਤੇ ਪੰਜਾਬ ਦੇ ਕੁਝ ਹੋਰ ਸ਼ਹਿਰਾਂ ਦੇ ਹੇਠਲੇ ਇਲਾਕਿਆਂ ਵਿਚ ਹੜ੍ਹ ਆ ਗਿਆ।


Vandana

Content Editor

Related News