TTP ਦੇ ਉਭਾਰ ਨਾਲ ਨਜਿੱਠਣ ਲਈ ਪਾਕਿ ਸਰਕਾਰ ਅਚਨਚੇਤੀ ਯੋਜਨਾ ਤਿਆਰ ਕਰ ਰਹੀ ਹੈ : ਰਿਪੋਰਟ

Friday, Aug 12, 2022 - 05:36 PM (IST)

ਇਸਲਾਮਾਬਾਦ (ਭਾਸ਼ਾ)-ਪਾਕਿਸਤਾਨ ਸਰਕਾਰ ਪਾਬੰਦੀਸ਼ੁਦਾ ਤਹਿਰੀਕ-ਏ-ਤਾਲਿਬਾਨ ਪਾਕਿਸਤਾਨ (ਟੀ. ਟੀ. ਪੀ.) ਦੇ ਸੰਭਾਵੀ ਉਭਾਰ ਨਾਲ ਨਜਿੱਠਣ ਲਈ ਇਕ ‘ਅਚਨਚੇਤੀ ਯੋਜਨਾ’ ਤਿਆਰ ਕਰ ਰਹੀ ਹੈ ਕਿਉਂਕਿ ਇਸ ਅੱਤਵਾਦੀ ਸਮੂਹ ਨਾਲ ਸ਼ਾਂਤੀ ਸਮਝੌਤਾ ਹੋਣ ਦੀਆਂ ਸੰਭਾਵਨਾਵਾਂ ਘੱਟ ਹਨ। ਇਹ ਜਾਣਕਾਰੀ ਸ਼ੁੱਕਰਵਾਰ ਨੂੰ ਮੀਡੀਆ ’ਚ ਪ੍ਰਕਾਸ਼ਿਤ ਇਕ ਖ਼ਬਰ ਤੋਂ ਮਿਲੀ ਹੈ। ਪਾਕਿਸਤਾਨ ਦੀ ਕਬਾਇਲੀ ਕੌਂਸਲ ਦੇ ਨੇਤਾਵਾਂ ਅਤੇ ਟੀ. ਟੀ. ਪੀ. ਵਿਚਾਲੇ ਅਫ਼ਗਾਨਿਸਤਾਨ ’ਚ ਹੋ ਰਹੀ ਗੱਲਬਾਤ ਉਦੋਂ ਵਿਚਾਲੇ ਲਟਕ ਗਈ, ਜਦੋਂ ਟੀ.ਟੀ.ਪੀ. ਨੇ ਖੈਬਰ ਪਖਤੂਨਖਵਾ ਸੂਬੇ ਦੇ ਨਾਲ ਸੰਘੀ ਪ੍ਰਸ਼ਾਸਿਤ ਕਬਾਇਲੀ ਖੇਤਰਾਂ (ਐੱਫ. ਏ. ਟੀ. ਏ.) ਦੇ ਰਲੇਵੇਂ ਨੂੰ ਪਲਟਣ ਦੀ ਆਪਣੀ ਮੰਗ ਤੋਂ ਪਿੱਛੇ ਹਟਣ ਤੋਂ ਇਨਕਾਰ ਕਰ ਦਿੱਤਾ। ਬੁੱਧਵਾਰ ਨੂੰ ਰੱਖਿਆ ਮੰਤਰੀ ਖਵਾਜਾ ਆਸਿਫ ਨੇ ਸ਼ਾਂਤੀ ਵਾਰਤਾ ਦੀ ਸਫ਼ਲਤਾ ਨੂੰ ਲੈ ਕੇ ਖ਼ਦਸ਼ਾ ਪ੍ਰਗਟਾਇਆ ਸੀ।

ਇਹ ਖ਼ਬਰ ਵੀ ਪੜ੍ਹੋ : ਆਮ ਆਦਮੀ ਕਲੀਨਿਕਾਂ ਨੂੰ ਲੈ ਕੇ ਸਿਹਤ ਮੰਤਰੀ ਜੌੜਾਮਾਜਰਾ ਨੇ ਕੀਤਾ ਅਹਿਮ ਐਲਾਨ

ਅਫ਼ਗਾਨਿਸਤਾਨ ਲਈ ਪਾਕਿਸਤਾਨ ਦੇ ਵਿਸ਼ੇਸ਼ ਦੂਤ ਮੁਹੰਮਦ ਸਾਦਿਕ ਨੇ ਮੰਨਿਆ ਸੀ ਕਿ ਸ਼ਾਂਤੀ ਪ੍ਰਕਿਰਿਆ ‘ਸ਼ੁਰੂਆਤੀ ਪੜਾਅ’ ਵਿਚ ਹੈ। ‘ਦਿ ਐਕਸਪ੍ਰੈੱਸ ਟ੍ਰਿਬਿਊਨ’ ਅਖ਼ਬਾਰ ਨੇ ਸੂਤਰਾਂ ਦੇ ਹਵਾਲੇ ਨਾਲ ਕਿਹਾ ਕਿ ਸਰਕਾਰ ਕਿਸੇ ਸਮਝੌਤੇ ’ਤੇ ਪਹੁੰਚਣ ਦੇ ਇਰਾਦੇ ਨਾਲ ਟੀ.ਟੀ.ਪੀ. ਨਾਲ ਮਹੀਨਿਆਂ ਤੋਂ ਗੱਲਬਾਤ ਕਰ ਰਹੀ ਹੈ ਪਰ ਅਜਿਹੇ ਸਮਝੌਤੇ ਦੀ ਸੰਭਾਵਨਾ ਘੱਟ ਨਜ਼ਰ ਆ ਰਹੀ ਹੈ। ਸਵਾਤ ਘਾਟੀ ’ਚ ਕੁਝ ਤਾਲਿਬਾਨ ਲੜਾਕਿਆਂ ਦੇ ਨਜ਼ਰ ਆਉਣ ਦੀਆਂ ਰਿਪੋਰਟਾਂ ਦੇ ਮੱਦੇਨਜ਼ਰ ਸਬੰਧਿਤ ਅਧਿਕਾਰੀ ਟੀ.ਟੀ.ਪੀ. ਨਾਲ ਗੱਲਬਾਤ ਅਸਫਲ ਹੋਣ ਦੀ ਸਥਿਤੀ ’ਚ ਅੱਤਵਾਦੀ ਖ਼ਤਰੇ ਨਾਲ ਨਜਿੱਠਣ ਲਈ ਇਕ ‘ਅਚਨਚੇਤੀ ਯੋਜਨਾ’ ਤਿਆਰ ਕਰ ਰਹੇ ਹਨ। ਸੂਤਰਾਂ ਦੇ ਹਵਾਲੇ ਨਾਲ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਰਕਾਰ ਨੇ ਟੀ.ਟੀ.ਪੀ. ਨਾਲ ਗੱਲਬਾਤ ਦੀਆਂ ਸੰਭਾਵਨਾਵਾਂ ਨੂੰ ਖ਼ਤਮ ਨਹੀਂ ਕੀਤਾ ਹੈ। ਹਾਲਾਂਕਿ ਜੇਕਰ ਗੱਲਬਾਤ ਬੇਸਿੱਟਾ ਰਹਿਣ ’ਤੇ ਟੀ.ਟੀ.ਪੀ. ਦੇ ਉਭਾਰ ਨਾਲ ਨਜਿੱਠਣ ਲਈ ਸਾਵਧਾਨੀ ਵਰਤੀ ਜਾ ਰਹੀ ਹੈ।
 


Manoj

Content Editor

Related News