ਪਾਕਿਸਤਾਨ : ਮੰਦਰ 'ਚ ਮੱਥਾ ਟੇਕਣ ਗਈ ਕੁੜੀ ਨੂੰ ਹਥਿਆਰਬੰਦਾਂ ਨੇ ਕੀਤਾ ਅਗਵਾ

05/08/2019 10:46:47 AM

ਇਸਲਾਮਾਬਾਦ— ਪਾਕਿਸਤਾਨ ਦੇ ਸੂਬੇ ਸਿੰਧ 'ਚ ਘੱਟ ਗਿਣਤੀ ਭਾਈਚਾਰੇ ਦੀ ਕੁੜੀ ਸਿਮਰਨ ਕੁਮਾਰੀ ਨੂੰ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਮੁਤਾਬਕ ਸਿਮਰਨ ਇਕ ਮੰਦਰ 'ਚ ਮੱਥਾ ਟੇਕਣ ਗਈ ਸੀ ਤੇ ਉਸ ਨੂੰ ਰਸਤੇ 'ਚੋਂ ਅਗਵਾ ਕਰ ਲਿਆ ਗਿਆ। ਸਿਮਰਨ ਦੀ ਮਾਂ ਨੇ ਦੱਸਿਆ ਉਹ ਅਤੇ ਉਸ ਦੀ ਧੀ ਇੱਥੋਂ ਦੇ ਇਕ ਮੰਦਰ ਝੂਲੇ ਲਾਲ 'ਚ ਮੱਥਾ ਟੇਕਣ ਗਈਆਂ ਸਨ ਅਤੇ ਵਾਪਸੀ ਸਮੇਂ ਕੁਝ ਅਣਪਛਾਤੇ ਵਿਅਕਤੀਆਂ ਨੇ ਉਸ ਦੀ ਧੀ ਨੂੰ ਅਗਵਾ ਕਰ ਲਿਆ। ਉਸ ਨੇ ਦੱਸਿਆ ਕਿ ਉਨ੍ਹਾਂ ਵਿਅਕਤੀਆਂ ਕੋਲ ਹਥਿਆਰ ਸਨ। ਉਨ੍ਹਾਂ ਨੇ ਔਰਤ ਨੂੰ ਧਮਕੀ ਦਿੱਤੀ ਕਿ ਜੇਕਰ ਉਸ ਨੇ ਪੁਲਸ ਕੋਲ ਇਸ ਦੀ ਸ਼ਿਕਾਇਤ ਕੀਤੀ ਤਾਂ ਉਹ ਮਾਂ-ਧੀ ਦੋਹਾਂ ਨੂੰ ਮੌਤ ਦੇ ਘਾਟ ਉਤਾਰ ਦੇਣਗੇ। 

ਜ਼ਿਕਰਯੋਗ ਹੈ ਕਿ ਪਾਕਿਸਤਾਨ 'ਚ ਘੱਟ ਗਿਣਤੀ ਭਾਈਚਾਰਿਆਂ ਦੀਆਂ ਕੁੜੀਆਂ ਦੇ ਜ਼ਬਰੀ ਧਰਮ ਪਰਿਵਰਤਨ ਦੇ ਕਈ ਮਾਮਲੇ ਸਾਹਮਣੇ ਆ ਰਹੇ ਹਨ। ਪਿਛਲੇ ਮਹੀਨੇ ਸਿੰਧ ਸੂਬੇ ਦੇ ਸ਼ਹਿਰ ਹੈਦਰਾਬਾਦ ਤੋਂ ਰਾਧਾ ਬਾਗੜੀ ਅਤੇ ਟੰਡੇ ਅੱਲ੍ਹਾ ਯਾਰ ਤੋਂ ਅਨੀਤਾ ਕੋਲਹੀ ਨਾਮ ਦੀਆਂ ਦੋ ਹਿੰਦੂ ਕੁੜੀਆਂ ਨੂੰ ਅਗਵਾ ਕਰਕੇ ਧਰਮ ਪਰਿਵਰਤਨ ਕਰਵਾਉਣ ਦੇ ਮਾਮਲੇ ਸਾਹਮਣੇ ਆਏ ਸਨ। ਜਾਣਕਾਰੀ ਮੁਤਾਬਕ ਅਨੀਤਾ ਕੋਲਹੀ ਦਾ ਜ਼ਬਰਦਸਤੀ ਧਰਮ ਪਰਿਵਰਤਨ ਕਰਵਾਇਆ ਗਿਆ ਸੀ। ਰਾਧਾ ਬਾਗੜੀ ਦਾ ਮਾਂ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਧੀ ਦਾ ਕਤਲ ਕਰ ਦਿੱਤਾ ਗਿਆ ਸੀ ਅਤੇ ਮੈਜੀਸਟ੍ਰੇਟ ਸਾਹਮਣੇ ਕਿਸੇ ਹੋਰ ਕੁੜੀ ਨੂੰ ਪੇਸ਼ ਕਰਕੇ ਗਵਾਹੀ ਦਿੱਤੀ ਗਈ ਕਿ ਉਸ ਨੇ ਆਪਣੀ ਮਰਜੀ ਨਾਲ ਅਜਿਹਾ ਕੀਤਾ ਹੈ।


Related News