ਪਾਕਿਸਤਾਨ ਦਾ ਹਿੱਸਾ ਨਹੀਂ ਹਨ ਗਿਲਗਿਤ-ਬਾਲਿਤਸਤਾਨ : ਪ੍ਰਦਰਸ਼ਨਕਾਰੀ
Thursday, Oct 22, 2020 - 11:36 AM (IST)
ਪੇਸ਼ਾਵਰ- ਇਕ ਪ੍ਰਮੁੱਖ ਸਥਾਨਕ ਐਕਟੀਵਿਸਟ ਬਾਬਾ ਜਾਨ ਸਮੇਤ ਸਿਆਸੀ ਕੈਦੀਆਂ ਨੂੰ ਰਿਹਾਅ ਕਰਨ ਦੀ ਮੰਗ ਸਬੰਧੀ ਗਿਲਗਿਤ-ਬਾਲਿਤਸਤਾਨ ’ਚ ਤੀਸਰੇ ਹਫਤੇ ਵੀ ਪ੍ਰਦਰਸ਼ਨ ਜਾਰੀ ਹਨ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਉਸ ਕਾਨੂੰਨ ’ਤੇ ਸਵਾਲ ਉਠਾਏ ਜਿਸ ਦੇ ਤਹਿਤ ਵਰਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਗਿਲਗਿਤ-ਬਾਲਿਤਸਤਾਨ ਪਾਕਿਸਤਾਨ ਅਤੇ ਉਸਦੇ ਕਾਨੂੰਨਾਂ ਦਾ ਹਿੱਸਾ ਨਹੀਂ ਹੈ। ਇਨ੍ਹਾਂ ਕਾਨੂੰਨਾਂ ਦੀ ਇਥੇ ਵਰਤੋਂ ਨਾ ਕਰੋ।
ਇਥੋਂ ਤੱਕ ਕਿ ਖੇਤਰ ਦੇ ਦੂਰ-ਦੁਹਾਡੇ ਪਿੰਡਾਂ ਦੇ ਲੋਕ ਵੀ ਹੁਣ ਇਸ ਅੰਦੋਲਨ ’ਚ ਸ਼ਾਮਲ ਹੋ ਗਏ ਹਨ। ਉਹ ਸਿਆਸੀ ਕੈਦੀਆਂ ਦੀ ਰਿਹਾਈ ਦੀ ਮੰਗ ਕਰ ਰਹੇ ਹਨ, ਜੋ ਨਾਜਾਇਜ਼ ਸਜ਼ਾ ਕੱਟ ਰਹੇ ਹਨ।
90 ਸਾਲਾ ਬਾਬਾ ਜਾਨ ਦੀਆਂ ਤਸਵੀਰਾਂ ਲੈ ਕੇ ਪ੍ਰਦਰਸ਼ਨਕਾਰੀਆਂ ਨੇ ਪਾਕਿਸਤਾਨ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। 2011 ’ਚ ਗ੍ਰਿਫਤਾਰ ਕੀਤੇ ਗਏ ਬਾਬਾ ਜਾਨ ਇਕ ਐਕਟੀਵਿਸਟ ਹਨ, ਜਿਨ੍ਹਾਂ ਨੇ ਤਤਕਾਲੀਨ ਪਾਕਿਸਤਾਨੀ ਪ੍ਰਸ਼ਾਸਨ ਨੂੰ ਚੁਣੌਤੀ ਦਿੱਤੀ ਸੀ, ਜੋ ਕਿ ਗਿਲਗਿਤ-ਬਾਲਤਿਸਤਾਨ ਦੇ ਲੋਕਾਂ ਦੇ ਖ਼ਿਲਾਫ਼ ਕੰਮ ਕਰ ਰਿਹਾ ਸੀ। ਪਾਕਿਸਤਾਨ ਨੇ ਗਿਲਗਿਤ-ਬਾਲਿਤਸਤਾਨ ’ਚ ਅੱਤਵਾਦ-ਰੋਕਥਾਮ ਐਕਟ ਦੀ ਅਨੁਸੂਚੀ-4 ਦੀ ਵਰਤੋਂ ਕੀਤੀ ਹੈ ਤਾਂ ਜੋ ਉਸ ਦੇ ਦਮਨ ਦਾ ਵਿਰੋਧ ਕਰਨ ਵਾਲੀਆਂ ਆਵਾਜ਼ਾਂ ਨੂੰ ਦਬਾਇਆ ਜਾ ਸਕੇ।
ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਵਿਰੋਧ ਆਕਾਰ ’ਚ ਵੱਡਾ ਹੋ ਗਿਆ ਹੈ ਪਰ ਪਾਕਿਸਤਾਨੀ ਮੀਡੀਆ ਵਲੋਂ ਪੱਖਪਾਤਪੂਰਨ ਕਵਰੇਜ ਕਾਰਨ ਇਸ ਨੂੰ ਦਿਖਾਇਆ ਨਹੀਂ ਜਾ ਰਿਹਾ ਹੈ। ਉਹ ਕਹਿੰਦੇ ਹਨ ਕਿ ਉਨ੍ਹਾਂ ਦੇ ਵਿਰੋਧ ਦਾ ਇਸ ਸਮੇਂ ਕੋਈ ਨਿਸ਼ਚਿਤ ਸਮਾਂ ਨਹੀਂ ਹੈ।