ਅਮਰੀਕਾ ਹੜ੍ਹ ਪ੍ਰਭਾਵਿਤ ਪਾਕਿਸਤਾਨ ਨੂੰ ਦੇਵੇਗਾ 3 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ
Wednesday, Aug 31, 2022 - 02:58 PM (IST)
ਵਾਸ਼ਿੰਗਟਨ (ਏਜੰਸੀ)- ਅਮਰੀਕਾ ਨੇ ਮੰਗਲਵਾਰ ਨੂੰ ਹੜ੍ਹ ਪ੍ਰਭਾਵਿਤ ਪਾਕਿਸਤਾਨ ਨੂੰ 30 ਕਰੋੜ ਡਾਲਰ ਦੀ ਮਨੁੱਖੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਕਿਹਾ, "ਅਸੀਂ ਇਸ ਮੁਸ਼ਕਲ ਸਮੇਂ ਵਿੱਚ ਪਾਕਿਸਤਾਨ ਦੇ ਨਾਲ ਖੜੇ ਹਾਂ।" ਉਨ੍ਹਾਂ ਕਿਹਾ, "ਪਾਕਿਸਤਾਨ ਗੰਭੀਰ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ, ਅਮਰੀਕਾ USAID ਜ਼ਰੀਏ ਭੋਜਨ, ਪੀਣ ਵਾਲੇ ਪਾਣੀ ਅਤੇ ਆਸਰਾ ਘਰਾਂ ਵਰਗੀਆਂ ਮਹੱਤਵਪੂਰਨ ਮਨੁੱਖੀ ਸਹਾਇਤਾ ਲਈ 3 ਕਰੋੜ ਡਾਲਰ ਪ੍ਰਦਾਨ ਕਰ ਰਿਹਾ ਹੈ।"
ਵਿਦੇਸ਼ ਮੰਤਰਾਲੇ ਦਾ ਪ੍ਰਮੁੱਖ ਉਪ ਬੁਲਾਰੇ ਵੇਦਾਂਤਾ ਪਟੇਲ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਹੜ੍ਹ ਨਾਲ ਅੰਦਾਜ਼ਨ 3.3 ਕਰੋੜ ਲੋਕ ਪ੍ਰਭਾਵਿਤ ਹੋਏ ਹਨ ਅਤੇ 1,100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 1,600 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। ਪਟੇਲ ਨੇ ਕਿਹਾ ਕਿ ਯੂਨਾਈਟਿਡ ਸਟੇਟਸ ਏਜੰਸੀ ਫਾਰ ਇੰਟਰਨੈਸ਼ਨਲ ਡਿਵੈਲਪਮੈਂਟ (USAID) ਦੇ ਭਾਈਵਾਲ ਇਸ ਫੰਡ ਦੀ ਵਰਤੋਂ ਭੋਜਨ, ਪੋਸ਼ਣ, ਸੁਰੱਖਿਅਤ ਪੀਣ ਵਾਲਾ ਪਾਣੀ, ਬਿਹਤਰ ਸੈਨੀਟੇਸ਼ਨ, ਆਸਰਾ ਸਹਾਇਤਾ ਆਦਿ ਵਰਗੀਆਂ ਜ਼ਰੂਰੀ ਮਦਦ ਮੁਹੱਈਆ ਕਰਾਉਣ ਲਈ ਕਰਨਗੇ। ਪਾਕਿਸਤਾਨ ਹਾਲ ਹੀ ਦੇ ਇਤਿਹਾਸ ਵਿੱਚ ਸਭ ਤੋਂ ਭਿਆਨਕ ਹੜ੍ਹਾਂ ਦਾ ਸਾਹਮਣਾ ਕਰ ਰਿਹਾ ਹੈ।