ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਲਈ ਐਂਟਰੀ ਬੈਨ ਇਕ ਮਹੀਨਾ ਹੋਰ ਵਧਾਇਆ
Thursday, May 21, 2026 - 11:23 AM (IST)
ਇਸਲਾਮਾਬਾਦ: ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਭਾਰੀ ਖਿੱਚੋਤਾਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਹੀ। ਇਸ ਦਰਮਿਆਨ ਪਾਕਿਸਤਾਨ ਨੇ ਭਾਰਤੀ ਜਹਾਜ਼ਾਂ ਦੇ ਆਪਣੇ ਹਵਾਈ ਖੇਤਰ ਦੀ ਵਰਤੋਂ 'ਤੇ ਲੱਗੀ ਪਾਬੰਦੀ ਨੂੰ ਇੱਕ ਹੋਰ ਮਹੀਨੇ ਲਈ ਵਧਾ ਕੇ ਆਪਣੀ ਖਿੱਝ ਕੱਢੀ ਹੈ। ਪਾਕਿਸਤਾਨ ਹਵਾਈ ਅੱਡਾ ਅਥਾਰਟੀ (PAA) ਵੱਲੋਂ ਜਾਰੀ ਕੀਤੇ ਗਏ 'ਨੋਟਿਸ ਟੂ ਏਅਰਮੈਨ' (NOTAM) ਅਨੁਸਾਰ ਹੁਣ ਭਾਰਤੀ ਜਹਾਜ਼ 24 ਜੂਨ, 2026 ਤੱਕ ਪਾਕਿਸਤਾਨੀ ਹਵਾਈ ਖੇਤਰ ਵਿੱਚ ਦਾਖਲ ਨਹੀਂ ਹੋ ਸਕਣਗੇ।
ਇਹ ਪਾਬੰਦੀ ਪਾਕਿਸਤਾਨ ਦੇ ਦੋਵੇਂ ਪ੍ਰਮੁੱਖ ਫਲਾਈਟ ਇਨਫਰਮੇਸ਼ਨ ਰੀਜਨਾਂ—ਕਰਾਚੀ ਅਤੇ ਲਾਹੌਰ 'ਤੇ ਲਾਗੂ ਹੋਵੇਗੀ। ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਭਾਰਤੀ ਰਜਿਸਟ੍ਰੇਸ਼ਨ ਵਾਲੇ ਜਹਾਜ਼, ਭਾਰਤੀ ਏਅਰਲਾਈਨਜ਼ ਜਾਂ ਓਪਰੇਟਰਾਂ ਦੀ ਮਲਕੀਅਤ ਵਾਲੇ ਜਾਂ ਲੀਜ਼ 'ਤੇ ਲਏ ਗਏ ਜਹਾਜ਼ ਪਾਕਿਸਤਾਨੀ ਆਸਮਾਨ ਦੀ ਵਰਤੋਂ ਨਹੀਂ ਕਰ ਸਕਣਗੇ। ਇਸ ਪਾਬੰਦੀ ਵਿੱਚ ਭਾਰਤੀ ਨਾਗਰਿਕ ਉਡਾਣਾਂ ਦੇ ਨਾਲ-ਨਾਲ ਫੌਜੀ ਉਡਾਣਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਸਿਰਫ਼ ਅਮਰੀਕਾ 'ਚ ਜਨਮੇ ਲੋਕਾਂ ਨੂੰ ਮਿਲਣ ਅਧਿਕਾਰ ! ਅਮਰੀਕੀ ਸੰਸਦ 'ਚ ਮਤਾ ਪੇਸ਼
ਦੋਵਾਂ ਦੇਸ਼ਾਂ ਵਿਚਾਲੇ ਹਵਾਈ ਖੇਤਰ ਬੰਦ ਕਰਨ ਦਾ ਇਹ ਸਿਲਸਿਲਾ ਅਪ੍ਰੈਲ 2025 ਵਿੱਚ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਭਿਆਨਕ ਅੱਤਵਾਦੀ ਹਮਲੇ ਤੋਂ ਬਾਅਦ ਸ਼ੁਰੂ ਹੋਇਆ ਸੀ, ਜਿਸ ਵਿੱਚ 26 ਲੋਕਾਂ ਦੀ ਜਾਨ ਗਈ ਸੀ। ਭਾਰਤ ਨੇ ਇਸ ਹਮਲੇ ਦੇ ਜਵਾਬ ਵਿੱਚ ਮਈ 2025 ਵਿੱਚ 'ਆਪ੍ਰੇਸ਼ਨ ਸਿੰਦੂਰ' ਚਲਾਇਆ ਸੀ, ਜਿਸ ਤਹਿਤ ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨੀ ਪੰਜਾਬ ਅਤੇ ਪੀਓਕੇ (POK) ਵਿੱਚ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਵਰਗੇ ਅੱਤਵਾਦੀ ਸੰਗਠਨਾਂ ਦੇ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਹਵਾਈ ਹਮਲੇ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਚਾਰ ਦਿਨਾਂ ਤੱਕ ਸਿੱਧੀ ਲੜਾਈ ਚੱਲੀ ਸੀ। ਭਾਵੇਂ 10 ਮਈ 2025 ਨੂੰ ਜੰਗਬੰਦੀ ਹੋ ਗਈ ਸੀ, ਪਰ ਦੋਵਾਂ ਗੁਆਂਢੀ ਦੇਸ਼ਾਂ ਦੇ ਰਿਸ਼ਤੇ ਅਜੇ ਵੀ ਬਹੁਤ ਨਿਚਲੇ ਪੱਧਰ 'ਤੇ ਹਨ। ਭਾਰਤੀ ਜਹਾਜ਼ਾਂ 'ਤੇ ਲੱਗੀ ਇਹ ਪਾਬੰਦੀ ਪਹਿਲਾਂ 24 ਮਈ ਨੂੰ ਖ਼ਤਮ ਹੋਣੀ ਸੀ, ਪਰ ਹੁਣ ਪਾਕਿਸਤਾਨ ਨੇ ਇਸ ਨੂੰ ਇੱਕ ਮਹੀਨਾ ਹੋਰ ਵਧਾ ਦਿੱਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
