ਪਾਕਿਸਤਾਨ: ਅਗਵਾਕਾਰ ਨੂੰ ਦੇ''ਤੀ ਈਸਾਈ ਕੁੜੀ ਦੀ ਕਸਟਡੀ, ਮਾਪਿਆਂ ਨੇ ਲਾਈ ਇਨਸਾਫ ਦੀ ਗੁਹਾਰ
Thursday, Jul 30, 2026 - 01:54 PM (IST)
ਇੰਟਰਨੈਸ਼ਨਲ ਡੈਸਕ: ਪਾਕਿਸਤਾਨ ਦੀ ਇੱਕ ਅਦਾਲਤ ਨੇ ਹੈਰਾਨੀਜਨਕ ਫ਼ੈਸਲਾ ਸੁਣਾਉਂਦੇ ਹੋਏ ਇੱਕ 13 ਸਾਲਾ ਈਸਾਈ ਕੁੜੀ ਦੀ ਕਸਟਡੀ ਉਸੇ ਮੁਸਲਿਮ ਵਿਅਕਤੀ ਨੂੰ ਸੌਂਪ ਦਿੱਤੀ, ਜਿਸ 'ਤੇ ਉਸ ਨੂੰ ਅਗਵਾ ਕਰਨ, ਜ਼ਬਰਦਸਤੀ ਧਰਮ ਪਰਿਵਰਤਨ ਕਰਵਾਉਣ ਅਤੇ ਨਿਕਾਹ ਕਰਨ ਦਾ ਦੋਸ਼ ਹੈ। ਅਦਾਲਤ ਦੇ ਇਸ ਫੈਸਲੇ ਨੇ ਮਨੁੱਖੀ ਅਧਿਕਾਰ ਕਾਰਕੁਨਾਂ ਅਤੇ ਕੁੜੀ ਦੇ ਪਰਿਵਾਰ ਨੂੰ ਡੂੰਘਾ ਸਦਮਾ ਦਿੱਤਾ ਹੈ।
ਫੈਸਲਾਬਾਦ ਦੇ ਵਧੀਕ ਜ਼ਿਲ੍ਹਾ ਅਤੇ ਸੈਸ਼ਨ ਜੱਜ ਰਾਣਾ ਸੋਹੇਲ ਨੇ ਨਾਬਾਲਗ ਅੰਬਰ ਨਦੀਮ ਦੀ ਕਸਟਡੀ ਮੁਲਜ਼ਮ ਮੋਹਸਿਨ ਲਿਆਕਤ ਨੂੰ ਸੌਂਪ ਦਿੱਤੀ। ਹੈਰਾਨੀ ਦੀ ਗੱਲ ਇਹ ਹੈ ਕਿ ਅਦਾਲਤ ਨੇ ਇਹ ਫੈਸਲਾ ਕੁੜੀ ਦੀ ਅਸਲ ਉਮਰ ਦਾ ਪਤਾ ਲਗਾਉਣ ਲਈ ਕੀਤੇ ਜਾਣ ਵਾਲੇ ਮੈਡੀਕਲ ਮੁਆਇਨੇ ਦੀ ਰਿਪੋਰਟ ਆਉਣ ਤੋਂ ਪਹਿਲਾਂ ਹੀ ਸੁਣਾ ਦਿੱਤਾ। ਜੱਜ ਨੇ ਅੰਬਰ ਦੇ ਉਸ ਹਲਫਨਾਮੇ ਨੂੰ ਆਧਾਰ ਬਣਾਇਆ, ਜਿਸ ਵਿੱਚ ਉਸਨੇ ਦਾਅਵਾ ਕੀਤਾ ਸੀ ਕਿ ਉਸਨੇ ਆਪਣੀ ਮਰਜ਼ੀ ਨਾਲ ਇਸਲਾਮ ਕਬੂਲ ਕੀਤਾ ਅਤੇ ਵਿਆਹ ਕਰਵਾਇਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਨਹੀਂ ਰੱਦ ਹੋਵੇਗੀ ਇਟਾਲੀਅਨ ਨਾਗਰਿਕਤਾ ! ਸੁਪਰੀਟ ਕੋਰਟ ਦਾ ਵੱਡਾ ਫ਼ੈਸਲਾ
ਰਾਈਟਸ ਐਡਵੋਕੇਟ ਜੋਸਫ ਜੈਨਸਨ ਅਨੁਸਾਰ ਅੰਬਰ 'ਤੇ ਮੁਲਜ਼ਮ ਦੇ ਪਰਿਵਾਰ ਵੱਲੋਂ ਦਬਾਅ ਪਾਇਆ ਗਿਆ ਸੀ ਕਿ ਉਹ ਖੁਦ ਨੂੰ ਬਾਲਗ ਦੱਸੇ। ਇੰਨਾ ਹੀ ਨਹੀਂ ਅਦਾਲਤੀ ਕਾਰਵਾਈ ਦੌਰਾਨ ਮੁਲਜ਼ਮ ਦੇ ਵਕੀਲਾਂ ਨੇ ਕੁੜੀ ਨੂੰ ਕਥਿਤ ਤੌਰ 'ਤੇ ਧਮਕੀ ਦਿੱਤੀ ਕਿ ਜੇਕਰ ਉਸਨੇ ਇਸਲਾਮ ਤਿਆਗਿਆ ਤਾਂ ਉਸਨੂੰ ਸਖ਼ਤ ਸਜ਼ਾ ਹੋ ਸਕਦੀ ਹੈ। ਬਚਾਅ ਪੱਖ ਦੇ ਵਕੀਲਾਂ ਨੇ ਇਹ ਵੀ ਦਲੀਲ ਦਿੱਤੀ ਕਿ ਜਦੋਂ ਕੋਈ ਵਿਅਕਤੀ ਇਸਲਾਮ ਕਬੂਲ ਕਰ ਲੈਂਦਾ ਹੈ, ਤਾਂ ਉਸ 'ਤੇ ਬਾਲ ਸੁਰੱਖਿਆ ਕਾਨੂੰਨ ਲਾਗੂ ਨਹੀਂ ਹੁੰਦੇ। ਜਦੋਂ ਅਦਾਲਤ ਨੇ ਮੁਲਜ਼ਮ ਨੂੰ ਜ਼ਮਾਨਤ ਦਿੱਤੀ ਅਤੇ ਅੰਬਰ ਨੂੰ ਉਸ ਦੇ ਰਿਸ਼ਤੇਦਾਰਾਂ ਨਾਲ ਜਾਣ ਦੀ ਇਜਾਜ਼ਤ ਦਿੱਤੀ, ਤਾਂ ਕੁੜੀ ਦੇ ਗਰੀਬ ਮਾਪੇ ਅਦਾਲਤ ਵਿੱਚ ਬੇਵੱਸ ਹੋ ਕੇ ਰੋਂਦੇ ਰਹੇ। ਅੰਬਰ ਦੀ ਮਾਂ ਨਾਦੀਆ ਨਦੀਮ ਨੇ ਇੱਕ ਵੀਡੀਓ ਸੰਦੇਸ਼ ਰਾਹੀਂ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਧੀ ਨੂੰ ਸੁਰੱਖਿਅਤ ਵਾਪਸ ਲਿਆਂਦਾ ਜਾਵੇ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਵੀ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਕੀਤੀ।
ਜ਼ਿਕਰਯੋਗ ਹੈ ਕਿ ਪਾਕਿਸਤਾਨ ਵਿੱਚ ਘੱਟ ਗਿਣਤੀ ਭਾਈਚਾਰੇ ਦੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਹਾਲ ਹੀ ਵਿੱਚ ਪਾਕਿਸਤਾਨ ਦੀ ਫੈਡਰਲ ਸੰਵਿਧਾਨਕ ਅਦਾਲਤ ਨੇ ਇੱਕ ਹੋਰ 13 ਸਾਲਾ ਈਸਾਈ ਕੁੜੀ ਮਾਰੀਆ ਸ਼ਾਹਬਾਜ਼ ਦੇ ਮਾਮਲੇ ਵਿੱਚ ਵੀ ਅਜਿਹਾ ਹੀ ਫੈਸਲਾ ਦਿੱਤਾ ਸੀ, ਜਿਸ ਦੀ ਹੁਣ ਮੁੜ ਸਮੀਖਿਆ ਕੀਤੀ ਜਾ ਰਹੀ ਹੈ। ਅੰਤਰਰਾਸ਼ਟਰੀ ਸੰਸਥਾਵਾਂ ਅਤੇ ਯੂਰਪੀ ਸੰਸਦ ਨੇ ਵੀ ਪਾਕਿਸਤਾਨ ਵਿੱਚ ਘੱਟ ਗਿਣਤੀ ਕੁੜੀਆਂ ਦੇ ਅਗਵਾ ਅਤੇ ਜ਼ਬਰਦਸਤੀ ਧਰਮ ਪਰਿਵਰਤਨ 'ਤੇ ਚਿੰਤਾ ਜਤਾਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
