ਪਾਕਿ ਹਵਾਈ ਖੇਤਰ ''ਚ ਅੰਤਰਰਾਸ਼ਟਰੀ ਉਡਾਣਾਂ ''ਤੇ ਰੋਕ ਵਧੀ

Saturday, Mar 09, 2019 - 08:59 PM (IST)

ਪਾਕਿ ਹਵਾਈ ਖੇਤਰ ''ਚ ਅੰਤਰਰਾਸ਼ਟਰੀ ਉਡਾਣਾਂ ''ਤੇ ਰੋਕ ਵਧੀ

ਇਸਲਾਮਾਬਾਦ— ਪਾਕਿਸਤਾਨ ਨੇ ਆਪਣੇ ਹਵਾਈ ਖੇਤਰ 'ਚ ਅੰਤਰਰਾਸ਼ਟਰੀ ਉਡਾਣਾਂ 'ਤੇ ਲਾਈ ਰੋਕ ਸ਼ਨੀਵਾਰ ਨੂੰ 11 ਮਾਰਚ ਤੱਕ ਵਧਾ ਦਿੱਤੀ ਹੈ। 'ਐਕਸਪ੍ਰੈੱਸ ਟ੍ਰਿਬਿਊਨ' ਦੀ ਖਬਰ ਮੁਤਾਬਕ ਸਿਵਲ ਐਵੀਏਸ਼ਨ ਐਥਾਰਟੀ ਨੇ ਜਾਰੀ ਇਕ ਸੂਚਨਾ 'ਚ ਕਿਹਾ ਕਿ ਦੇਸ਼ ਦਾ ਹਵਾਈ ਖੇਤਰ ਹੁਣ 11 ਮਾਰਚ ਸ਼ਾਮ ਤਿੰਨ ਵਜੇ ਤੱਕ ਅੰਤਰਰਾਸ਼ਟਰੀ ਉਡਾਣਾਂ ਲਈ ਬੰਦ ਰਹੇਗਾ। ਇਸ 'ਚ ਹਾਲਾਂਕਿ ਕਿਹਾ ਗਿਆ ਹੈ ਕਿ ਉੱਤਰ ਤੇ ਦੱਖਣ ਦੇ ਵਿਚਾਲੇ ਤੈਅ ਉਡਾਣ ਰਸਤਿਆਂ 'ਤੇ ਸੰਚਾਲਨ ਦੀ ਆਗਿਆ ਹੋਵੇਗੀ।

ਇਹ ਫੈਸਲਾ ਪਾਕਿਸਤਾਨ ਵਲੋਂ ਸ਼ੁੱਕਰਵਾਰ ਨੂੰ ਇਹ ਐਲਾਨ ਕਰਨ ਤੋਂ ਇਕ ਦਿਨ ਬਾਅਦ ਆਇਆ ਕਿ 9 ਮਾਰਚ ਤੋਂ ਦੇਸ਼ ਦੇ ਹਵਾਈ ਇਲਾਕੇ ਨੂੰ ਪੂਰੀ ਤਰ੍ਹਾਂ ਦੁਬਾਰਾ ਖੋਲ੍ਹ ਦਿੱਤਾ ਜਾਵੇਗਾ। ਪਾਕਿਸਤਾਨ ਨੇ ਦੇਸ਼ ਦੇ ਹਵਾਈ ਖੇਤਰ ਨੂੰ ਬੰਦ ਕਰਨ ਦਾ ਫੈਸਲਾ 27 ਫਰਵਰੀ ਨੂੰ ਭਾਰਤ ਤੇ ਪਾਕਿਸਤਾਨ ਵਿਚਾਲੇ ਇਕ ਹਵਾਈ ਸੰਘਰਸ਼ ਤੋਂ ਬਾਅਦ ਕੀਤਾ ਸੀ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਿਚਾਲੇ ਪੂਰਨ ਸੰਘਰਸ਼ ਦਾ ਡਰ ਪੈਦਾ ਹੋ ਗਿਆ ਸੀ। ਵਿਸ਼ਵ ਦੇ ਵੱਖ-ਵੱਖ ਦੇਸ਼ਾਂ ਨੇ ਦੋਵਾਂ ਦੇਸ਼ਾਂ ਨੂੰ ਸੰਜਮ ਵਰਤਣ ਦੀ ਅਪੀਲ ਕੀਤੀ ਸੀ।

ਖਬਰ 'ਚ ਕਿਹਾ ਗਿਆ ਹੈ ਕਿ ਏਸ਼ੀਆ ਤੇ ਯੂਰਪ ਦੇ ਵਿਚਾਲੇ ਵੀ ਉਡਾਣਾਂ ਰੁਕੀਆਂ ਹੋਈਆਂ ਹਨ, ਜਿਸ ਨਾਲ ਹਜ਼ਾਰਾਂ ਯਾਤਰੀ ਫਸ ਗਏ ਹਨ। ਭਾਰਤ ਤੇ ਪਾਕਿਸਤਾਨ ਦੋਵਾਂ ਨੇ ਇਕ-ਦੂਜੇ ਦੇ ਯੁੱਧਕ ਜਹਾਜ਼ਾਂ ਨੂੰ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨ ਨੇ ਭਾਰਤੀ ਪਾਇਲਟ ਅਭਿਨੰਦਨ ਨੂੰ ਫੜ ਲਿਆ ਸੀ, ਜੋ ਬਾਅਦ 'ਚ ਵਾਘਾ ਤੋਂ ਭਾਰਤ ਪਰਤੇ।


author

Baljit Singh

Content Editor

Related News