ਪਾਕਿ ਸਰਕਾਰ ਨੇ ਮਸ਼ਹੂਰ ਅਰਥਸ਼ਾਸਤਰੀ ਨੂੰ ਅਹੁਦੇ ਤੋਂ ਹਟਾਇਆ, ਦੱਸੀ ਇਹ ਵਜ੍ਹਾ

Friday, Sep 07, 2018 - 01:58 PM (IST)

ਪਾਕਿ ਸਰਕਾਰ ਨੇ ਮਸ਼ਹੂਰ ਅਰਥਸ਼ਾਸਤਰੀ ਨੂੰ ਅਹੁਦੇ ਤੋਂ ਹਟਾਇਆ, ਦੱਸੀ ਇਹ ਵਜ੍ਹਾ

ਇਸਲਾਮਾਬਾਦ (ਬਿਊਰੋ)— ਪਾਕਿਸਤਾਨੀ ਸਰਕਾਰ ਤਹਿਰੀਕ-ਏ-ਇਨਸਾਫ (ਪੀ.ਟੀ.ਆਈ.) ਨੇ ਕੱਟੜਪੰਥੀਆਂ ਦੇ ਦਬਾਅ ਵਿਚ ਮਸ਼ਹੂਰ ਅਰਥਸ਼ਾਸਤਰੀ ਅਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪ੍ਰਧਾਨਗੀ ਵਾਲੀ ਆਰਥਿਕ ਸਲਾਹਕਾਰ ਪਰੀਸ਼ਦ (ਈ.ਏ.ਸੀ.) ਦੇ ਮੈਂਬਰ ਆਤਿਫ ਰਹਿਮਾਨ ਮੀਆਂ ਨੂੰ ਉਨ੍ਹਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ। ਮੀਆਂ ਪ੍ਰਿੰਸਟਨ ਯੂਨੀਵਰਸਿਟੀ ਦੇ ਅਰਥਸ਼ਾਸਤਰੀ ਹਨ। ਉਨ੍ਹਾਂ ਨੂੰ ਹਟਾਏ ਜਾਣ ਦੀ ਜਾਣਕਾਰੀ ਪੀ.ਟੀ.ਆਈ. ਦੇ ਸੰਸਦ ਮੈਂਬਰ ਫੈਸਲ ਜਾਵੇਦ ਨੇ ਟਵੀਟ ਜ਼ਰੀਏ ਦਿੱਤੀ। 

 

ਜਾਵੇਦ ਨੇ ਆਪਣੇ ਟਵੀਟ ਵਿਚ ਲਿਖਿਆ ਹੈ ਕਿ ਮੀਆਂ ਈ.ਏ.ਸੀ. ਦਾ ਅਹੁਦਾ ਛੱਡਣ ਲਈ ਰਾਜ਼ੀ ਹੋ ਗਏ ਹਨ। ਬਹੁਤ ਜਲਦੀ ਹੀ ਉਨ੍ਹਾਂ ਦੇ ਅਹੁਦੇ 'ਤੇ ਕਿਸੇ ਹੋਰ ਦੀ ਭਰਤੀ ਕੀਤੀ ਜਾਵੇਗੀ। ਇੱਥੇ ਦੱਸ ਦਈਏ ਕਿ ਡਾਕਟਰ ਮੀਆਂ ਪ੍ਰਿੰਸਟਨ ਯੂਨੀਵਰਸਿਟੀ ਦੇ ਇਕਨੋਮਿਕਸ ਐਂਡ ਵੁੱਡਰੋ ਵਿਲਸਨ ਸਕੂਲ ਆਫ ਪਬਲਿਕ ਪਾਲਿਸੀ ਵਿਭਾਗ ਵਿਚ ਅਰਥ ਸ਼ਾਸਤਰੀ ਹਨ। ਇਮਰਾਨ ਦੀ ਪ੍ਰਧਾਨਗੀ ਵਾਲੀ 18 ਮੈਂਬਰੀ ਟੀਮ ਈ.ਏ.ਸੀ. ਵਿਚ ਉਨ੍ਹਾਂ ਦੀ ਨਿਯੁਕਤੀ ਕੀਤੀ ਗਈ ਸੀ। ਨਿਯੁਕਤੀ ਦੇ ਕੁਝ ਦਿਨ ਬਾਅਦ ਹੀ ਤਹਿਰੀਕ-ਏ-ਲਬੈਕ ਪਾਕਿਸਤਾਨ (ਟੀ.ਐੱਲ.ਪੀ.) ਜਿਹੇ ਕੱਟੜਪੰਥੀ ਸੰਗਠਨਾਂ ਨੇ ਆਸਿਫ ਮੀਆਂ ਦੇ ਅਹਿਮਦੀ ਹੋਣ 'ਤੇ ਨਿਸ਼ਾਨ ਵਿੰਨ੍ਹਦਿਆਂ ਉਨ੍ਹਾਂ ਦੀਆਂ ਨੀਤੀਆਂ ਦਾ ਖੁੱਲ੍ਹ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਬਾਹਰ ਕੱਢੇ ਜਾਣ ਦਾ ਫੈਸਲਾ ਲੋਕਾਂ ਨੂੰ ਹੈਰਾਨ ਕਰ ਦੇਣ ਵਾਲਾ ਹੈ ਕਿਉਂਕਿ ਸਿਰਫ 3 ਦਿਨ ਪਹਿਲਾਂ ਹੀ ਇਮਰਾਨ ਸਰਕਾਰ ਨੇ ਮੀਆਂ ਦੇ ਕੰਮ ਦੀ ਤਾਰੀਫ ਕਰਦਿਆਂ ਕੱਟੜਪੰਥੀਆਂ ਦੇ ਅੱਗੇ ਨਾ ਝੁਕਣ ਦਾ ਐਲਾਨ ਕੀਤਾ ਸੀ।


Related News